ਨੌਜਵਾਨਾਂ ਨੂੰ ਵੋਟ ਬਨਵਾਉਣ, ਵਰਤੋਂ ਤੇ ਮਹੱਤਤਾ ਬਾਰੇ ਜਾਗਰੂਕਤਾ ਸਮਾਗਮ ਦਾ ਆਯੋਜਨ

ਫਿਰੋਜ਼ਪੁਰ, (ਦ ਸਟੈਲਰ ਨਿਊਜ਼)।  ਭਾਰਤ ਦੇ ਚੋਣ ਕਮਿਸ਼ਨ ਵੱਲੋਂ ਤੋਂ ਵੋਟਰ ਸੂਚੀ-2023 ਦੀ ਸੁਧਾਈ ਮੁਹਿੰਮ ਦੀ ਕੀਤੀ ਗਈ ਸ਼ੁਰੂਆਤ ਪ੍ਰਤੀ ਆਮ ਲੋਕਾਂ ਨੂੰ ਵੱਧ ਤੋਂ ਵੱਧ ਜਾਣਕਾਰੀ ਦੇਣ ਦੇ ਮੰਤਵ ਨਾਲ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਮੈਡਮ ਅਮ੍ਰਿਤ ਸਿੰਘ ਆਈ.ਏ.ਐਸ. ਦੀ ਅਗਵਾਈ ਹੇਠ ਅੱਜ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਵਿਖੇ ਵੋਟਰ ਜਾਗਰੂਕਤਾ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਏ.ਡੀ.ਸੀ. (ਜ) ਸਾਗਰ ਸੇਤੀਆ ਅਤੇ ਐਸ.ਡੀ.ਐਮ. ਫਿਰੋਜ਼ਪੁਰ ਸ. ਰਣਜੀਤ ਸਿੰਘ ਭੁੱਲਰ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।

Advertisements

ਜ਼ਿਲ੍ਹਾ ਚੋਣ ਅਫ਼ਸਰ ਮੈਡਮ ਅਮ੍ਰਿਤ ਸਿੰਘ ਨੇ ਵੋਟਰਾਂ ਖਾਸ ਕਰਕੇ ਨੌਜਵਾਨ ਵੋਟਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵੋਟ ਨੂੰ ਆਪਣਾ ਅਧਿਕਾਰ ਤੇ ਜ਼ਿੰਮੇਵਾਰੀ ਸਮਝਦੇ ਹੋਏ ਵੋਟ ਪਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਲਾਲਚ, ਭੇਦਭਾਵ, ਮੋਹ, ਰਿਸ਼ਤੇਦਾਰੀ ਜਾਂ ਕਿਸੇ ਹੋਰ ਨੇੜਤਾ ਤੋਂ ਉੱਪਰ ਉਠ ਕੇ ਆਪਣੇ ਇਸ ਸੰਵਿਧਾਨਿਕ ਅਧਿਕਾਰ ਦੀ ਵਰਤੋਂ ਇਕ ਯੋਗ ਉਮੀਦਵਾਰ ਦੇ ਹੱਕ ਵਿੱਚ ਕਰਨੀ ਚਾਹੀਦੀ ਹੈ ਕਿਉਂਕਿ ਸਾਡੀ ਵੋਟ ‘ਤੇ ਹੀ ਸਾਡਾ ਅਤੇ ਸਾਡੇ ਦੇਸ਼ ਦਾ ਭਵਿੱਖ ਨਿਰਭਰ ਕਰਦਾ ਹੈ। ਉਨ੍ਹਾਂ ਨੌਜਵਾਨ ਵੋਟਰਾਂ ਨੂੰ ਆਪਣੀ ਵੋਟ ਸੋਚ ਸਮਝ ਕੇ ਪਾਉਣ ਅਤੇ ਹੋਰਨਾਂ ਨੂੰ ਵੀ ਅਜਿਹਾ ਕਰਨ ਲਈ ਪ੍ਰੇਰਿਤ ਕਰਨ ਲਈ ਕਿਹਾ ਤਾਂ ਜੋ ਲੋਕਤੰਤਰ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ।

ਜ਼ਿਲ੍ਹਾ ਚੋਣ ਅਫ਼ਸਰ ਮੈਡਮ ਅਮ੍ਰਿਤ ਸਿੰਘ ਨੇ ਦੱਸਿਆ ਕਿ ਵੋਟਰ ਸੂਚੀ ਦੀ ਵਿਸ਼ੇਸ਼ ਸਰਸਰੀ ਸੁਧਾਈ – ਸਾਲ 2023 ਮੁਹਿੰਮ ਦੌਰਾਨ ਨਵੇਂ ਵੋਟ ਬਣਵਾਉਣ ਤੋਂ ਇਲਾਵਾ ਜਿਹੜੇ ਮਤਦਾਤਾ ਪਤਾ ਬਦਲਣ ਜਾਂ ਪਰਿਵਾਰਕ ਮੈਂਬਰ ਦੀ ਮੌਤ ਦੀ ਸੂਰਤ ’ਚ ਵੋਟ ਕਟਵਾਉਣਾ ਜਾਂ ਆਪਣੀ ਵੋਟ ’ਚ ਦਰੁਸਤੀ ਕਰਵਾਉਣਾ ਚਾਹੁੰਦੇ ਹਨ ਉਹ ਆਪਣੇ ਬੂਥ ਲੈਵਲ ਅਫ਼ਸਰ (ਬੀ.ਐਲ.ਓ.) ਜਾਂ ਨੇੜੇ ਪੈਂਦੇ ਇਲੈਕਸ਼ਨ ਦਫ਼ਤਰ ਵਿਖੇ 9 ਨਵੰਬਰ ਤੋਂ 8 ਦਸੰਬਰ 2022 ਤੱਕ ਇੱਕ ਮਹੀਨੇ ਦੌਰਾਨ ਇਸ ਲਈ ਲੋੜੀਂਦਾ ਫ਼ਾਰਮ ਭਰ ਕੇ ਕਰਵਾ ਸਕਦੇ ਹਨ। ਉਨ੍ਹਾਂ ਜ਼ਿਲ੍ਹੇ ਦੇ 1 ਜਨਵਰੀ 2023 ਨੂੰ 18 ਸਾਲ ਦੀ ਉਮਰ ਪੂਰੀ ਕਰਨ ਜਾ ਰਹੇ ਨੌਜਵਾਨਾਂ ਨੂੰ ਵਿਸ਼ੇਸ਼ ਕਰਕੇ ਕਿਹਾ ਕਿ ਉਹ ਆਪੋ-ਆਪਣੇ ਬੂਥ ਦੇ ਬੀ.ਐਲ.ਓ. ਰਾਹੀਂ ਫ਼ਾਰਮ ਨੰ. 6 ਭਰ ਕੇ ਆਪਣੀ ਵੋਟ ਰਜਿਸਟਰ ਜ਼ਰੂਰ ਕਰਵਾਉਣ।

ਇਸ ਮੌਕੇ ਏ.ਡੀ.ਸੀ. (ਜ) ਸਾਗਰ ਸੇਤੀਆ ਆਈ.ਏ.ਐਸ. ਨੇ ਸਾਰੇ ਨੌਜਵਾਨ ਵੋਟਰਾਂ, ਖਾਸ ਕਰਕੇ ਜੋ 1 ਜਨਵਰੀ 2023 ਨੂੰ 18 ਸਾਲ ਦੇ ਹੋ ਜਾਣਗੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਆਪਣੀ ਵੋਟ ਜ਼ਰੂਰ ਬਣਵਾਉਣ ਅਤੇ ਆਉਣ ਵਾਲੀਆਂ ਚੋਣਾਂ ਵਿੱਚ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ। ਉਨ੍ਹਾਂ ਕਿਹਾ ਕਿ ਸਾਡੀ ਵੋਟ ਹੀ ਸਾਡੀ ਤਾਕਤ ਹੈ ਸਾਡੇ ਦੇਸ਼ ਦੀ ਸਭ ਤੋਂ ਵੱਡੀ ਜਮਹੂਰੀਅਤ ਦੀ ਪਹਿਚਾਣ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਦੀ ਵੋਟ ਨਹੀਂ ਬਣੀ ਹੈ ਤਾਂ ਉਹ ਫ਼ਾਰਮ ਨੰ 6 ਭਰ ਕੇ ਨਵੀਂ ਰਜਿਸਟ੍ਰੇਸ਼ਨ ਕਰਵਾ ਸਕਦਾ ਹੈ ਅਤੇ ਜੇਕਰ ਕਿਸੇ ਨੇ ਵੋਟ ਕਟਵਾਉਣੀ ਹੈ ਤਾਂ ਫ਼ਾਰਮ ਨੰ. 7, ਵੇਰਵਿਆਂ ਵਿੱਚ ਸੋਧ ਲਈ/ਦਿਵਿਆਂਗ ਵਜੋਂ ਮਾਰਕਿੰਗ ਲਈ/ਰਿਹਾਇਸ਼ ਬਦਲਣ ਲਈ ਜਾਂ ਬਦਲੀ ਵੋਟਰ ਕਾਰਡ ਲਈ ਫ਼ਾਰਮ ਨੰ. 8 ਅਤੇ ਵੋਟਰ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਲਈ ਫਾਰਮ ਨੰ:6ਬੀ ਭਰ ਸਕਦੇ ਹਨ।

ਇਸ ਤੋਂ ਇਲਾਵਾ ਸਪੈਸ਼ਲ ਤੌਰ ‘ਤੇ ਐਨ.ਸੀ.ਸੀ ਕੈਡਟ ਨਾਲ ਇੱਕ ਵੱਖਰਾ ਸਵੀਪ ਪ੍ਰੋਗਰਾਮ ਕੀਤਾ ਗਿਆ, ਜਿਸ ਦੀ ਅਗਵਾਈ ਸ੍ਰੀ ਰਣਜੀਤ ਸਿੰਘ ਭੁੱਲਰ, ਐਸ.ਡੀ.ਐਮ. ਫਿਰੋਜਪੁਰ ਵੱਲੋਂ ਕੀਤੀ ਗਈ। ਇਸ ਪ੍ਰੋਗਰਾਮ ਵਿੱਚ ਲਗਭਗ 400 ਦੇ ਕਰੀਬ ਐਨ.ਸੀ.ਸੀ ਕੈਡਟ/ਵਿਦਿਆਰਥੀਆਂ ਨੂੰ ਵੋਟ ਦੀ ਮਹੱਤਤਾ ਬਾਰੇ ਜਾਗਰੂਕ ਕਰਵਾਇਆ ਗਿਆ ਅਤੇ ਵੋਟਰ ਪ੍ਰਣ ਵੀ ਕਰਵਾਇਆ ਗਿਆ। ਜ਼ਿਲ੍ਹੇ ਦੇ ਸਮੂਹ 62 ਈ.ਐਲ.ਸੀ. ਕਲੱਬਜ਼ ਵਿੱਚ ਵੀ ਪੋਲਿੰਗ ਸਟੇਸ਼ਨਾਂ ਤੇ ਵੱਖ-ਵੱਖ ਪ੍ਰੋਗਰਾਮ ਕਰਵਾਏ ਗਏ ਅਤੇ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾ ਵੀ ਜ਼ਿਲ੍ਹੇ ਦੇ ਸਮੂਹ ਈ.ਆਰ.ਓਜ ਵੱਲੋਂ ਕਰਵਾਈ ਗਈ। ਇਸ ਮੌਕੇ ਚੋਣ ਤਹਿਸੀਲਦਾਰ ਚਾਂਦ ਪ੍ਰਕਾਸ਼, ਰਜਿਸਟਰਾਰ ਐਸ.ਬੀ.ਐਸ. ਸਟੇਟ ਯੂਨੀਵਰਸਿਟੀ ਡਾ. ਗਜ਼ਲਪ੍ਰੀਤ ਸਿੰਘ, ਸਵੀਪ ਦੇ ਜ਼ਿਲ੍ਹਾ ਕੋਆਰਡੀਨੇਟਰ ਨੈਸ਼ਨਲ ਅਵਾਰਡੀ ਪ੍ਰਿੰਸੀਪਲ ਡਾ. ਸਤਿੰਦਰ ਸਿੰਘ, ਚੋਣ ਕਾਨੂੰਗੋ ਗਗਨਦੀਪ ਕੌਰ, ਅਸ਼ੋਕ ਬਹਿਲ, ਕਮਲ ਸ਼ਰਮਾ, ਲਖਵਿੰਦਰ ਸਿੰਘ ਅਤੇ ਸਮੂਹ ਇਲੈਕਸ਼ਨ ਸਟਾਫ ਤੋਂ ਇਲਾਵਾ ਪ੍ਰੋਫੈਸਰ ਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਮੌਜੂਦ ਸਨ।

LEAVE A REPLY

Please enter your comment!
Please enter your name here