ਉਸਾਰੀ ਕਿਰਤੀਆਂ ਦੀ ਵੱਖ-ਵੱਖ ਸਕੀਮਾਂ ਲਈ ਰਜਿਸਟਰੇਸ਼ਨ ਲਈ ਵਿਸ਼ੇਸ਼ ਕੈਂਪ 19 ਨੂੰ

ਜਲੰਧਰ, (ਦ ਸਟੈਲਰ ਨਿਊਜ਼)। ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਾਰੇ ਬਲਾਕਾਂ ਵਿੱਚ ਪੰਜਾਬ ਸਰਕਾਰ ਦੀਆਂ ਵੱਖ-ਵੱਖ ਭਲਾਈ ਸਕੀਮਾਂ ਤਹਿਤ ਲਾਭਪਾਤਰੀਆਂ ਨੂੰ ਰਜਿਸਟਰਡ ਕਰਨ ਲਈ 19 ਨਵੰਬਰ ਨੁੂੰ ਬੀ.ਡੀ.ਪੀ.ਓ. ਦਫ਼ਤਰਾਂ ਵਿੱਚ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ ਜਿਥੇ ਲਾਭਪਾਤਰੀਆਂ ਦੀ ਰਜਿਸਟਰੇਸ਼ਨ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਰਤ ਵਿਭਾਗ ਨਾਲ ਸਬੰਧਿਤ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਅਧੀਨ ਉਸਾਰੀ ਕਿਰਤੀਆਂ ਨੂੰ ਰਜਿਸਟਰਡ ਕਰਨ ਲਈ ਇਹ ਕੈਂਪ ਲਗਾਏ ਜਾ ਰਹੇ ਹਨ। ਉਨ੍ਹਾਂ ਨੇ ਉਸਾਰੀ ਕਿਰਤੀਆਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਕੈਂਪਾਂ ਦਾ ਵੱਧ ਤੋਂ ਵੱਧ ਲਾਹਾ ਲੈਣ ਜਿਸ ਨਾਲ ਉਨ੍ਹਾਂ ਨੂੰ ਪੰਜਾਬ ਸਰਕਾਰ ਦੀਆਂ ਵੱਖ-ਵੱਖ ਭਲਾਈ ਸਕੀਮਾਂ ਰਾਹੀਂ ਲਾਭ ਮਿਲ ਸਕਣ।ਜ਼ਿਲ੍ਹਾ ਪ੍ਰਸ਼ਾਸਨ ਵਲੋਂ 19 ਨਵੰਬਰ ਨੂੰ ਇਹ ਕੈਂਪ ਬੀ.ਡੀ.ਪੀ.ਓ.ਦਫ਼ਤਰ ਆਦਮਪੁਰ, ਭੋਗਪੁਰ, ਜਲੰਧਰ ਈਸਟ, ਜਲੰਧਰ ਵੈਸਟ, ਲੋਹੀਆਂ, ਨਕੋਦਰ, ਮਹਿਤਪੁਰ, ਨੂਰਮਹਿਲ, ਫਿਲੌਰ, ਰੁੜਕਾ ਕਲਾਂ ਅਤੇ ਸ਼ਾਹਕੋਟ ਵਿਖੇ ਲਗਾਏ ਜਾਣਗੇ।
ਜ਼ਿਕਰਯੋਗ ਹੈ ਕਿ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਵਲੋਂ ਵਜ਼ੀਫ਼ਾ ਸਕੀਮ ਤਹਿਤ ਰਜਿਸਟਰਡ ਲਾਭਪਾਤਰੀਆਂ ਦੇ ਬੱਚਿਆਂ ਨੂੰ ਪਹਿਲੀ ਤੋਂ ਡਿਗਰੀ ਕਲਾਸਾਂ ਤੱਕ 3000 ਤੋਂ 70000 ਰੁਪਏ ਤੱਕ ਵਜੀਫ਼ਾ ਦਿੱਤਾ ਜਾਂਦਾ ਹੈ ਅਤੇ ਕਿਰਤੀਆਂ ਦੀਆਂ ਲੜਕੀਆਂ ਦੀ ਸ਼ਾਦੀ ਲਈ 51000 ਰੁਪਏ ਸ਼ਗਨ ਰਾਸ਼ੀ ਵਜੋਂ ਦਿੱਤੇ ਜਾਂਦੇ ਹਨ। ਕਿਰਤੀਆਂ ਨੂੰ ਛੁੱਟੀ ਦੌਰਾਨ ਯਾਤਰਾ ਲਈ ਸਹੂਲਤ ਵਾਸਤੇ 2000 ਰੁਪਏ ਐਲ.ਟੀ.ਸੀ. ਅਤੇ ਲਾਭਪਾਤਰੀਆਂ ਲਈ ਪ੍ਰਸੂਤਾ ਸਕੀਮ ਤਹਿਤ 5000 ਰੁਪਏ ਤੱਕ ਦੀ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ। ਇਸੇ ਤਰ੍ਹਾਂ ਉਸਾਰੀ ਕਿਰਤੀਆਂ ਦੇ ਆਸ਼ਰਿਤਾਂ ਲਈ ਗੰਭੀਰ ਬਿਮਾਰੀਆਂ ਦੇ ਇਲਾਜ ’ਤੇ ਖ਼ਰਚੇ ਦੀ ਸਕੀਮ ਤਹਿਤ ਵੱਧ ਤੋਂ ਵੱਧ 1 ਲੱਖ ਰੁਪਏ ਜਾਂ ਅਸਲ ਖ਼ਰਚ ਜੋ ਵੀ ਘੱਟ ਹੋਵੇ ਅਤੇ ਸਰਜਰੀ ਲਈ 50000 ਰੁਪਏ ਤੱਕ ਮਦਦ ਦਿੱਤੀ ਜਾਂਦੀ ਹੈ। ਲਾਭਪਾਤਰੀ ਉਸਾਰੀ ਕਿਰਤੀਆਂ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਨਜ਼ਰ ਦੇ ਚਸ਼ਮੇ, ਦੰਦ ਅਤੇ ਸੁਣਨ ਵਾਲੇ ਯੰਤਰ ਲਗਾਉਣ ਲਈ ਕ੍ਰਮਵਾਰ 800, 5000 ਰੁਪਏ ਅਤੇ 6000 ਰੁਪਏ ਦੇਣ ਦੀ ਵਿਵਸਥਾ ਹੈ।  

Advertisements

LEAVE A REPLY

Please enter your comment!
Please enter your name here