ਦੁਕਾਨਾਂ ਤੇ ਹੋਰ ਅਦਾਰਿਆਂ ਦੇ ਬਾਹਰ ਬੋਰਡ ਗੁਰਮੁੱਖੀ ਲਿੱਪੀ ‘ਚ ਲਗਵਾਉਣ ਦੀ ਮੁਹਿੰਮ ਤੇਜ ਕਰਨ ਲਈ ਏ.ਡੀ.ਸੀ. ਥਿੰਦ ਵੱਲੋਂ ਮੀਟਿੰਗ

ਪਟਿਆਲਾ (ਦ ਸਟੈਲਰ ਨਿਊਜ਼): ਪੰਜਾਬੀ ਭਾਸ਼ਾ (ਗੁਰਮੁੱਖੀ ਲਿੱਪੀ) ਨੂੰ ਵਧੇਰੇ ਮਹੱਤਤਾ ਦਿੱਤੇ ਜਾਣ ਦੇ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਆਦੇਸ਼ਾਂ ਦੀ ਪਾਲਣਾ ਹੇਠਲੇ ਪੱਧਰ ‘ਤੇ ਕਰਵਾਉਣ ਲਈ ਵਿੱਢੀ ਮੁਹਿੰਮ ਨੂੰ ਹੋਰ ਤੇਜ ਕਰਨ ਵਾਸਤੇ ਵਧੀਕ ਡਿਪਟੀ ਕਮਿਸ਼ਨਰ (ਜ) ਗੁਰਪ੍ਰੀਤ ਸਿੰਘ ਥਿੰਦ ਨੇ ਵਪਾਰ ਮੰਡਲ ਸਮੇਤ ਹੋਰ ਅਦਾਰਿਆਂ ਦੇ ਨੁਮਾਇੰਦਿਆਂ ਨਾਲ ਇੱਕ ਬੈਠਕ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਦੇ ਹੁਕਮਾਂ ਮੁਤਾਬਕ ਸਮੂਹ ਪੱਟੀਆਂ, ਸਾਈਨ ਬੋਰਡਾਂ ਉਪਰ ਪੰਜਾਬੀ ਭਾਸ਼ਾ/ਗੁਰਮੁੱਖੀ ਲਿੱਪੀ ਨੂੰ ਪਹਿਲੇ ਸਥਾਨ ਉਪਰ ਲਿਖਿਆ ਜਾਣਾ ਯਕੀਨੀ ਬਣਾਇਆ ਜਾਵੇ।

Advertisements

ਪਟਿਆਲਾ ਜ਼ਿਲ੍ਹੇ ਦੇ ਨਿਜੀ ਸਕੂਲਾਂ, ਹਸਪਤਾਲਾਂ, ਲੈਬਾਰਟਰੀਆਂ, ਵਪਾਰ ਮੰਡਲ ਸਮੇਤ ਹੋਰ ਅਦਾਰਿਆਂ ਦੇ ਨੁਮਾਇੰਦਿਆਂ ਸਮੇਤ ਜ਼ਿਲ੍ਹਾ ਭਾਸ਼ਾ ਅਫ਼ਸਰ ਚੰਦਨਦੀਪ ਕੌਰ ਨਾਲ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕੀਤੀ ਮੀਟਿੰਗ ਮੌਕੇ ਏ.ਡੀ.ਸੀ. ਗੁਰਪ੍ਰੀਤ ਸਿੰਘ ਥਿੰਦ ਨੇ ਕਿਹਾ ਕਿ ਨਾਮ ਲਿਖਣ ਲਈ ਆਪਣੇ ਅਦਾਰਿਆਂ ਦੇ ਬਾਹਰ ਪੰਜਾਬੀ ਭਾਸ਼ਾ (ਗੁਰਮੁੱਖੀ ਲਿੱਪੀ) ‘ਚ ਬੋਰਡ ਲਗਵਾ ਕੇ ਰਿਪੋਰਟ 16 ਫਰਵਰੀ ਤੱਕ ਪੁੱਜਦੀ ਕੀਤੀ ਜਾਣੀ ਯਕੀਨੀ ਬਣਾਈ ਜਾਵੇ।

ਏ.ਡੀ.ਸੀ. ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਦਿੱਤੇ ਨਿਰਦੇਸ਼ਾਂ ਮੁਤਾਬਕ 21 ਫਰਵਰੀ ਨੂੰ ਕੌਮਾਂਤਰੀ ਮਾਤ ਭਾਸ਼ਾ ਦਿਵਸ ਤੋਂ ਪਹਿਲਾਂ-ਪਹਿਲਾਂ ਸਾਰੇ ਜ਼ਿਲ੍ਹੇ ਅੰਦਰ ਵੱਖ-ਵੱਖ ਬਾਜ਼ਾਰਾਂ ਅੰਦਰ ਦੁਕਾਨਾਂ ਤੇ ਹੋਰ ਅਦਾਰਿਆਂ ਦੇ ਬਾਹਰ ਲੱਗੇ ਬੋਰਡਾਂ ਉਪਰ ਅਦਾਰਿਆਂ ਦੇ ਨਾਮ ਲਿਖਣ ਲਈ ਪੰਜਾਬੀ ਭਾਸ਼ਾ ਉਪਰਲੇ ਸਥਾਨ ‘ਤੇ ਜਾਂ ਪਹਿਲੇ ਥਾਂ ਉਤੇ ਲਿਖੀ ਜਾਣੀ ਯਕੀਨੀ ਬਣਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਹ ਖੁਸ਼ੀ ਦੀ ਗੱਲ ਹੈ ਕਿ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਪਹਿਲਾਂ ਕੀਤੀ ਗਈ ਅਪੀਲ ਦੇ ਮੱਦੇਨਜ਼ਰ ਜ਼ਿਲ੍ਹੇ ਅੰਦਰ ਬਹੁਤ ਸਾਰੇ ਅਦਾਰਿਆਂ ਨੇ ਪੰਜਾਬ ਸਰਕਾਰ ਦੇ ਹੁਕਮਾਂ ਨੂੰ ਮੰਨਦੇ ਹੋਏ ਗੁਰਮੁੱਖੀ ਲਿੱਪੀ ਨੂੰ ਤਰਜੀਹ ਦਿੱਤੀ ਹੈ।

ਗੁਰਪ੍ਰੀਤ ਸਿੰਘ ਥਿੰਦ ਨੇ ਜ਼ਿਲ੍ਹੇ ਦੇ ਸਾਰੇ ਵਪਾਰਿਕ ਅਦਾਰਿਆਂ, ਨਿਜੀ ਅਦਾਰਿਆਂ, ਹਸਪਤਾਲਾਂ, ਲੈਬਾਰਟਰੀਆਂ, ਸਕੂਲਾਂ, ਫੈਕਟਰੀਆਂ, ਦੁਕਾਨਾਂ ਦੇ ਮਾਲਕਾਂ ਸਮੇਤ ਵਪਾਰ ਮੰਡਲ ਦੇ ਨਾਲ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਉਹ ਪੰਜਾਬੀ ਭਾਸ਼ਾ (ਗੁਰਮੁੱਖੀ ਲਿੱਪੀ) ਨੂੰ ਵਧੇਰੇ ਮਹੱਤਤਾ ਦੇਣੀ ਯਕੀਨੀ ਬਣਾਉਣ। ਏ.ਡੀ.ਸੀ. ਨੇ ਦੱਸਿਆ ਕਿ 21 ਫਰਵਰੀ 2023 ਤੱਕ ਅਜਿਹਾ ਨਾ ਕੀਤੇ ਜਾਣ ਦੀ ਸੂਰਤ ‘ਚ ਸਬੰਧਤਾਂ ਵਿਰੁੱਧ ਨਿਯਮਾਂ ਮੁਤਾਬਕ ਕਾਰਵਾਈ ਕੀਤੀ ਜਾਵੇਗੀ।

ਇਸ ਮੌਕੇ ਮੌਜੂਦ ਆਈ.ਐਮ.ਏ. ਤੋਂ ਡਾ. ਪੂਨਮ, ਏ.ਸੀ.ਐਸ. ਡਾ. ਰਚਨਾ, ਵਪਾਰ ਮੰਡਲ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਰਾਕੇਸ਼ ਗੁਪਤਾ, ਹੋਰ ਨੁਮਾਇੰਦੇ ਰਾਜਿੰਦਰ ਕੁਮਾਰ, ਪਵਨ ਕੁਮਾਰ, ਨਰੇਸ਼ ਸਿੰਗਲਾ, ਰਾਕੇਸ਼ ਜੈਨ, ਐਸ.ਪੀ. ਜਿੰਦਲ, ਅੰਮ੍ਰਿਤਪ੍ਰੀਤ ਸਿੰਘ ਸਮੇਤ ਹੋਰਨਾਂ ਅਦਾਰਿਆਂ ਦੇ ਪ੍ਰਤੀਨਿੱਧਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬੀ ਭਾਸ਼ਾ ਦੀ ਪ੍ਰਫੁਲਤਾ ਲਈ ਫੈਸਲੇ ਦੀ ਤਾਰੀਫ਼ ਕਰਦਿਆਂ ਭਰੋਸਾ ਦਿੱਤਾ ਕਿ ਉਹ ਆਪਣੇ ਅਦਾਰਿਆਂ ਦੇ ਬਾਹਰ ਲਿਖੇ ਬੋਰਡ ਪੰਜਾਬੀ ਭਾਸ਼ਾ (ਗੁਰਮੁੱਖੀ ਲਿੱਪੀ) ਵਿੱਚ ਜਰੂਰ ਲਿਖਵਾ ਲੈਣਗੇ।

LEAVE A REPLY

Please enter your comment!
Please enter your name here