ਸਿਆਸੀ ਲਾਹਾ ਲੈਣ ਲਈ ਬਣਾਈ ਨਗਰ ਨਿਗਮ ਨੂੰ ਨਗਰ ਕੌਂਸਲ ਬਣਾਇਆ ਜਾਵੇ: ਮੰਜੂ ਰਾਣਾ

ਕਪੂਰਥਲਾ, (ਦ ਸਟੈਲਰ ਨਿਊਜ਼), ਗੌਰਵ ਮੜੀਆ : ਨਗਰ ਕੌਂਸਲ ਨੂੰ ਨਗਰ ਨਿਗਮ ਵਿੱਚ ਬਦਲਣ ਲਾਲ ਸ਼ਹਿਰ ਵਾਸੀਆਂ ਦਾ ਕੋਈ ਵੀ ਭਲਾ ਨਹੀਂ ਹੋਇਆ। ਨਾਂ ਤਾਂ ਲੋੜੀਂਦੇ ਵਿਕਾਸ ਕਾਰਜ ਹੋ ਰਹੇ ਹਨ ਅਤੇ ਨਾਂ ਹੀ ਨਗਰ ਨਿਗਮ ਦੀ ਆਮਦਨ ਵਿੱਚ ਕੋਈ ਖਾਸ ਵਾਧਾ ਨਹੀਂ ਹੋ ਰਿਹਾ ਹੈ। ਜਦਕਿ ਆਮ ਲੋਕਾਂ ਦੀਆਂ ਪ੍ਰੇਸ਼ਾਨੀਆਂ ਵੱਧ ਗਈਆਂ ਹਨ ਤੇ ਮੁਲਾਜਮਾਂ ਦੀਆਂ ਤਨਖਾਹਾਂ ਕੱਢਣੀਆਂ ਵੀ ਔਖੀਆਂ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਮੰਜੂ ਰਾਣਾ ਨੇ ਪੱਤਰਕਾਰਾਂ ਨਾਲ ਇਕ ਹੋਟਲ ਵਿਖੇ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਨਗਰ ਨਿਗਮ ਨੂੰ ਤੌੜ ਕੇ ਦੁਬਾਰਾ ਨਗਰ ਕੌਂਸਲ ਬਣਾ ਦੇਣਾ ਚਾਹੀਦਾ ਹੈ ਤਾਂ ਜੋ ਲੋਕਾਂ ਦੀ ਖੱਜਲ ਖੁਆਰੀ ਬੰਦ ਹੋ ਸਕੇ। ਇਸ ਸਬੰਧੀ ਉਨ੍ਹਾਂ ਨੇ ਕਰੀਬ ਇੱਕ ਮਹੀਨਾ ਪਹਿਲਾਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਇੱਕ ਚਿੱਠੀ ਵੀ ਲਿਖੀ ਹੈ।

Advertisements

ਮੰਜੂ ਰਾਣਾ ਨੇ ਕਿਹਾ ਕਿ ਮੌਜੂਦਾ ਵਿਧਾਇਕ ਰਾਣਾ ਗੁਰਜੀਤ ਸਿੰਘ ਵੱਲੋਂ ਸਿਆਸੀ ਲਾਹਾ ਲੈਣ ਲਈ ਨਗਰ ਕੌਂਸਲ ਨੂੰ ਨਗਰ ਨਿਗਮ ਤਾਂ ਬਣਾ ਦਿੱਤਾ ਗਿਆ ਪਰ ਇਸ ਵਿੱਚ ਕੋਈ ਵੀ ਨਵੇਂ ਇਲਾਕੇ ਸ਼ਾਮਿਲ ਨਹੀਂ ਕੀਤੇ ਗਏ ਜਦਕਿ ਸਿਰਫ ਪੁਰਾਣੇ ਵਾਰਡਾਂ ਦੀ ਭੰਨਤੌੜ ਕਰਕੇ 29 ਤੋਂ 50 ਵਾਰਡ ਕਰ ਦਿੱਤੇ ਗਏ ਤੇ ਹੁਣ ਨਿਗਮ ਦੀ ਆਮਦਨ ’ਚ ਵਾਧਾ ਨਾ ਹੋਣ ਕਾਰਨ ਤਨਖਾਹਾਂ ਦੇਣੀਆਂ ਵੀ ਔਖੀਆਂ ਹਨ। ਜੋ ਕੰਮ ਪਹਿਲਾਂ ਘੱਟ ਫੀਸਾਂ ’ਤੇ ਹੁੰਦਾ ਸੀ ਉਹੀ ਕੰਮ ਹੁਣ ਵੱਧ ਖਰਚੇ ਨਾਲ ਹੋ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਹ ਬੀਤੇ ਸਮੇਂ ਦੌਰਾਨ ਕੋਈ ਨਜਾਇਜ ਕੰਮਾਂ ਅਤੇ ਨਜਾਇਜ ਉਸਾਰੀਆਂ ਦੀ ਵੀ ਜਾਂਚ ਕਰਵਾਉਣਗੇ।

ਨਜਾਇਜ ਕਬਜਿਆਂ ਦੇ ਮਾਮਲੇ ਨੂੰ ਲੈ ਕੇ ਪਿੰਡ ਬੂਟਾਂ ਦੇ ਸਰਪੰਚ ਰਾਜਪਾਲ ਅਤੇ ਪੰਚ ਬਲਵਿੰਦਰ ਸਿੰਘ ਨੂੰ ਮੁਅੱਤਲ ਕੀਤੇ ਜਾਣ ਸਬੰਧੀ ਮੁੱਖ ਤੌਰ ’ਤੇ ਗੱਲ ਕਰਦਿਆਂ ਹਲਕਾ ਇੰਚਾਰਜ ਮੰਜੂ ਰਾਣਾ ਨੇ ਕਿਹਾ ਕਿ ਪਿੰਡ ਬੂਟਾਂ ਦੀ 81 ਕਨਾਲ ਜਮੀਨ ’ਤੇ ਬੀਤੇ ਕਰੀਬ 30-35 ਸਾਲਾਂ ਤੋਂ ਉਕਤ ਵਿਅਕਤੀ ਤੇ ਇਨ੍ਹਾਂ ਦੇ ਰਿਸ਼ਤੇਦਾਰ ਕਾਬਜ ਹਨ ਜਿਨ੍ਹਾਂ ਨੇ ਇਸ ਜਗਾ ’ਤੇ ਪਾਇਪ ਤੇ ਟਾਇਲ ਫੈਕਟਰੀਆਂ ਸਮੇਤ ਆਪਣੇ ਮਕਾਨ ਬਣਾਏ ਹਨ। ਉਨ੍ਹਾਂ ਕਿਹਾ ਕਿ ਜਦੋਂ ਉਹ ਪਿੰਡ ਬੂਟਾਂ ਵਿੱਚ ਫੰਡਾਂ ਦੀ ਦੂਰਵਰਤੋਂ ਸਬੰਧੀ ਦੌਰਾ ਕਰਨ ਗਏ ਤਾਂ ਸਰਪੰਚ ਸਮੇਤ ਉਨ੍ਹਾਂ ਦੇ ਸਮਰਥਕਾਂ ਨੇ ਝਗੜਾ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦਸਿਆ ਕਿ ਪਿੰਡ ਦੇ ਹੀ ਵਿਅਕਤੀ ਨੇ ਨਜਾਇਜ ਕਬਜੇ ਸਬੰਧੀ ਡਾਇਰੈਕਟਰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੂੰ ਸ਼ਿਕਾਇਤ ਕੀਤੀ ਸੀ ਤੇ ਬੀਤੇ ਸਾਲ ਅਗਸਤ ਮਹੀਨੇ ’ਚ ਹੋਈ ਸ਼ਿਕਾਇਤ ਦੀ ਜਾਂਚ ਦੌਰਾਨ ਕਥਿਤ ਦੋਸ਼ੀ ਧਿਰ ਸ਼ਾਮਿਲ ਨਹੀਂ ਹੋਈ ਅਤੇ ਦੋਸ਼ ਸਹੀ ਪਾਏ ਜਾਣ ’ਤੇ ਸਰਪੰਚ ਰਾਜਪਾਲ ਤੇ ਪੰਚ ਬਲਵਿੰਦਰ ਸਿੰਘ ਨੂੰ ਮੁਅੱਤਲ ਕੀਤਾ ਗਿਆ। ਮੰਜੂ ਰਾਣਾ ਨੇ ਇਹ ਵੀ ਕਿਹਾ ਕਿ ਮਾਣਯੋਗ ਅਦਾਲਤ ਵੱਲੋਂ ਨਜਾਇਜ ਉਸਾਰੀਆਂ ਹਟਾਉਣ ਦੇ ਨਿਰਦੇਸ਼ਾਂ ਦੀ ਵੀ ਪਾਲਣਾ ਨਹੀਂ ਕੀਤੀ ਗਈ ਤੇ ਸਿਆਸੀ ਦਬਾਅ ਹੇਠ ਉਕਤ ਵਿਅਕਤੀਆਂ ਨੂੰ ਬਚਾਇਆ ਗਿਆ। ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕ ਰਾਣਾ ਗੁਰਜੀਤ ਸਿੰਘ ਨਾਲ ਉਨ੍ਹਾਂ ਦੀ ਕੋਈ ਨਿੱਜੀ ਦੁਸ਼ਮਣੀ ਨਹੀਂ ਪਰ ਜਿਥੇ ਲੋਕਾਂ ਦੇ ਪੈਸੇ ਦੀ ਬਰਬਾਦੀ ਹੋਈ ਹੈ ਉਥੇ ਜਾਂਚ ਜਰੂਰ ਹੋਣੀ ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਕਾਨੂੰਨ ਅਨੁਸਾਰ ਕਾਰਵਾਈ ਕਰਵਾਉਂਦੇ ਹੋਏ ਪਿੰਡ ਬੂਟਾਂ ਦੀ 81 ਕਨਾਲ ਜਮੀਨ ’ਤੇ ਹੋਏ ਨਜਾਇਜ ਕਬਜੇ ਡਿੱਚ ਮਸ਼ੀਨ ਰਾਹੀਂ ਹਟਾਏ ਜਾਣਗੇ ਅਤੇ ਜਮੀਨ ਮੁੜ ਪੰਚਾਇਤ ਨੂੰ ਦਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਰਾਣਾ ਗੁਰਜੀਤ ਸਿੰਘ ਵੱਲੋਂ ਨਗਰ ਨਿਗਮ ਲਈ 10 ਕਰੋੜ ਰੁਪਏ ਦੀ ਗ੍ਰਾਂਟ ਲਿਆਉਣ ਦੀ ਜੋ ਗੱਲ ਕੀਤੀ ਜਾ ਰਹੀ ਹੈ ਉਹ ਸਿਰਫ ਐਲਾਨਾਂ ਤੱਕ ਹੀ ਸੀਮਿਤ ਹੈ ਕਿਉਂਕਿ ਉਸ ਸਮੇਂ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਪੈਸੇ ਦੇਣ ਦਾ ਸਿਰਫ ਐਲਾਨ ਹੀ ਕੀਤਾ ਗਿਆ ਸੀ ਜਕਿ ਕੋਈ ਵੀ ਰਕਮ ਨਹੀਂ ਆਈ। ਇਸ ਮੌਕੇ ਉਨ੍ਹਾਂ ਦੇ ਨਾਲ ਵਿਕਰਾਂਤ ਰਾਣਾ, ਕਮਲਦੀਪ ਸਿੰਘ, ਪਿੰਡ ਬੂਟਾਂ ਤੋਂ ਚਰਨ ਸਿੰਘ ਪ੍ਰਧਾਨ, ਜਸਪਾਲ ਸਿੰਘ, ਸੁਰਜੀਤ ਸਿੰਘ, ਜਗਰੂਪ ਸਿੰਘ ਤੇ ਹੋਰ ਹਾਜਰ ਸਨ।

LEAVE A REPLY

Please enter your comment!
Please enter your name here