ਪਰਾਲੀ ਦੇ ਸੌਖੇ ਪ੍ਰਬੰਧਨ ਅਤੇ ਪਾਣੀ ਦੀ ਬੱਚਤ ਲਈ ਪੀ.ਆਰ 126 ਕਿਸਮ ਦੀ ਬਿਜਾਈ ਕੀਤੀ ਜਾਵੇ

ਫਾਜਿਲ਼ਕਾ (ਦ ਸਟੈਲਰ ਨਿਊਜ਼)। ਪਰਾਲੀ ਦੇ ਸੁਚੱਜੇ ਪ੍ਰਬੰਧਨ ਅਤੇ ਪਾਣੀ ਦੀ ਬੱਚਤ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੇ ਕਿਸਾਨਾਂ ਨੂੰ ਝੋਨੇ ਦੀ ਪੀਆਰ 126 ਕਿਸਮ ਲਗਾਉਣ ਨੂੰ ਤਰਜੀਹ ਦੇਣ ਦੀ ਅਪੀਲ ਕੀਤੀ ਹੈ। ਇਸ ਸਬੰਧੀ ਜਿ਼ਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਜੰਗੀਰ ਸਿੰਘ ਗਿੱਲ ਨੇ ਦੱਸਿਆ ਕਿ ਪੀਆਰ 126 ਕਿਸਮ ਥੋੜੇ ਸਮੇਂ ਵਿਚ ਪੱਕਣ ਵਾਲੀ ਕਿਸਮ ਹੈ ਅਤੇ ਇਸਦੀ ਪਰਾਲੀ ਵੀ ਦੂਜੀਆਂ ਪੁਰਾਤਨ ਕਿਸਮਾਂ ਦੇ ਮੁਕਾਬਲੇ ਘੱਟ ਹੈ। ਉਨ੍ਹਾਂ ਨੇ ਕਿਹਾ ਕਿ ਇਸ ਦਾ ਝਾੜ ਵੀ ਆਮ ਕਿਸਮਾਂ ਵਾਂਗ ਹੀ ਹੈ। ਉਨ੍ਹਾਂ ਨੇ ਕਿਹਾ ਕਿ ਕਿਉਂਕਿ ਇਹ ਕਿਸਮ ਘੱਟ ਸਮਾਂ ਖੇਤ ਵਿਚ ਰਹਿੰਦੀ ਹੈ ਇਸ ਲਈ ਮੌਸਮੀ ਮਾਰਾਂ ਦਾ ਵੀ ਫਸਲ ਘੱਟ ਸਾਹਮਣਾ ਕਰਦੀ ਹੈ।

Advertisements

ਉਨ੍ਹਾਂ ਨੇ ਕਿਹਾ ਕਿ ਹਾਲੇ ਵੀ 30 ਜ਼ੂਨ ਤੱਕ ਇਸ ਕਿਸਮ ਦੀ ਸਿੱਧੀ ਬਿਜਾਈ ਕੀਤੀ ਜਾ ਸਕਦੀ ਹੈ। ਸਿੱਧੀ ਬਿਜਾਈ ਨਾਲ ਕਿਸਾਨ ਦੇ  ਖੇਤੀ ਖਰਚੇ ਵੀ ਘੱਟਦੇ ਹਨ ਅਤੇ ਪਾਣੀ ਦੀ ਵੀ ਬਚਤ ਹੁੰਦੀ ਹੈ। ਮੁੱਖ ਖੇਤੀਬਾੜੀ ਅਫ਼ਸਰ ਨੇ ਕਿਹਾ ਕਿ ਪੀਆਰ 126 ਕਿਸਮ ਦੀ ਪਰਾਲੀ ਦਾ ਪ੍ਰਬੰਧ ਕਰਨਾ ਸੌਖਾ ਹੈ ਅਤੇ ਐਸਐਮਐਸ ਵਾਲੀ ਕੰਬਾਇਨ ਨਾਲ ਕਟਾਈ ਕਰਕੇ ਆਸਾਨੀ ਨਾਲ ਇਸ ਵਿਚ ਕਣਕ ਦੀ ਬਿਜਾਈ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਕਿਸਾਨ ਪਰਾਲੀ ਪ੍ਰਬੰਧਨ ਦੇ ਨੁਕਤੇ ਨੂੰ ਹੁਣ ਤੋਂ ਹੀ ਧਿਆਨ ਵਿਚ ਰੱਖ ਕੇ ਕਿਸਮਾਂ ਦੀ ਚੋਣ ਕਰਨ।

LEAVE A REPLY

Please enter your comment!
Please enter your name here