ਵਿਰਾਸਤੀ ਮੰਚ, ਬਟਾਲਾ ਨੇ ਦੀਨਾਨਗਰ ਦੀ ਸ਼ਾਹੀ ਬਾਰਾਂਦਰੀ ਵਿੱਚ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ 184ਵੀਂ ਬਰਸੀ ਸ਼ਰਧਾ ਭਾਵਨਾ ਨਾਲ ਮਨਾਈ

ਦੀਨਾਨਗਰ/ਗੁਰਦਾਸਪੁਰ, (ਦ ਸਟੈਲਰ ਨਿਊਜ਼)। ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ 184ਵੀਂ ਬਰਸੀ ਅੱਜ ਉਨ੍ਹਾਂ ਦੀ ਸ਼ਾਹੀ ਬਾਰਾਂਸਰੀ ਦੀਨਾਨਗਰ ਵਿਖੇ ਪੂਰੀ ਸ਼ਰਧਾ ਭਾਵਨਾ ਨਾਲ ਮਨਾਈ ਗਈ। ਵਿਰਾਸਤੀ ਮੰਚ ਬਟਾਲਾ ਵੱਲੋਂ ਕਰਵਾਏ ਗਏ ਪ੍ਰਭਾਵਸ਼ਾਲੀ ਸਮਾਗਮ ਵਿੱਚ ਸੰਗਤਾਂ ਨੇ ਆਪਣੀ ਹਾਜ਼ਰੀ ਭਰੀ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਹੀ ਤਖਤ ‘ਤੇ ਰੱਖੀ ਉਨ੍ਹਾਂ ਦੀ ਤਸਵੀਰ ਉੱਪਰ ਫੁੱਲ ਮਲਾਵਾਂ ਭੇਟ ਕੀਤੀਆਂ।  

Advertisements

ਸ਼ੇਰ-ਏ-ਪੰਜਾਬ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਵਿਰਾਸਤੀ ਮੰਚ, ਬਟਾਲਾ ਦੇ ਨੁਮਾਇੰਦੇ ਇੰਦਰਜੀਤ ਸਿੰਘ ਹਰਪੁਰਾ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਪੰਜਾਬ ਦੇ ਉਹ ਬਾਦਸ਼ਾਹ ਸਨ ਜਿਨ੍ਹਾਂ ਨੇ ਇਕੱਲੇ ਰਣ ਹੀ ਨਹੀਂ ਜਿੱਤੇ ਸਨ ਬਲਕਿ ਆਪਣੀਆਂ ਨੇਕੀਆਂ ਕਾਰਨ ਅਵਾਮ ਦਾ ਦਿਲ ਵੀ ਜਿੱਤਿਆ ਸੀ। ਉਨ੍ਹਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਪੰਜਾਬੀਆਂ ਦੇ ਨਾਇਕ ਹਨ ਅਤੇ ਇਹੀ ਕਾਰਨ ਹੈ ਕਿ ਸ਼ੇਰ-ਏ-ਪੰਜਾਬ ਅੱਗੇ ਅੱਜ ਵੀ ਹਰ ਪੰਜਾਬੀ ਦਾ ਸਿਰ ਝੁਕਦਾ ਹੈ। ਉਨ੍ਹਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਹਲੀਮੀ ਰਾਜ ਦੀਆਂ ਉਦਾਹਰਨਾ ਅੱਜ ਵੀ ਪੂਰੀ ਦੁਨੀਆਂ ਵਿੱਚ ਦਿੱਤੀਆਂ ਜਾਂਦੀਆਂ ਹਨ।

ਦੀਨਾਨਗਰ ਦੀ ਸ਼ਾਹੀ ਬਾਰਾਂਦਰੀ ਦੀ ਖਸਤਾ ਹਾਲਤ ਉੱਪਰ ਅਫਸੋਸ ਜ਼ਾਹਰ ਕਰਦਿਆਂ ਇੰਦਰਜੀਤ ਸਿੰਘ ਨੇ ਕਿਹਾ ਕਿ ਪੰਜ ਦਰਿਆਵਾਂ ਦੇ ਸ਼ੇਰ ਮਹਾਰਾਜਾ ਰਣਜੀਤ ਸਿੰਘ ਦੀ ਨਿਸ਼ਾਨੀ ਦੀ ਇਹ ਦੁਰਦਸ਼ਾ ਹੋਣੀ ਸਾਡੇ ਸਾਰਿਆਂ ਉੱਪਰ ਸਵਾਲੀਆ ਨਿਸ਼ਾਨ ਖੜ੍ਹਾ ਕਰਦਾ ਹੈ। ਉਨ੍ਹਾਂ ਕਿਹਾ ਕਿ ਦੀਨਾਨਗਰ ਖ਼ਾਲਸਾ ਰਾਜ ਦੀ ਗਰਮੀਆਂ ਦੀ ਰਾਜਧਾਨੀ ਸੀ ਅਤੇ ਮਹਾਰਾਜਾ ਰਣਜੀਤ ਸਿੰਘ ਗਰਮੀਆਂ ਦਾ ਮੌਸਮ ਇਥੇ ਹੀ ਗੁਜ਼ਾਰਦੇ ਸਨ। ਉਨ੍ਹਾਂ ਕਿਹਾ ਕਿ ਅਕਾਲ ਚਾਲਣੇ ਤੋਂ ਇੱਕ ਸਾਲ ਪਹਿਲਾਂ ਵੀ ਸੰਨ 1838 ਦੇ ਮਈ-ਜੂਨ ਮਹੀਨਿਆਂ ਵਿੱਚ ਸ਼ੇਰ-ਏ-ਪੰਜਾਬ ਨੇ ਦੀਨਾਨਗਰ ਦੀ ਇਸ ਸ਼ਾਹੀ ਬਾਰਾਂਦਰੀ ਵਿੱਚ ਆਪਣਾ ਦਰਬਾਰ ਲਗਾਇਆ ਸੀ। ਇਸ ਬਾਰਾਂਦਰੀ ਵਿੱਚ ਹੀ ਅਫ਼ਗਾਨਿਸਤਾਨ ਦੀ ਤਖ਼ਤ ਨਸ਼ੀਨੀ ਬਾਰੇ ਤ੍ਰੈ-ਦੇਸੀ ਸੰਧੀ ਹੋਈ ਸੀ। ਇਸ ਤੋਂ ਇਲਾਵਾ ਕਸ਼ਮੀਰ ਫ਼ਤਹਿ ਕਰਨ ਦੀ ਵਿਊਂਤ ਸਮੇਤ ਹੋਰ ਵੀ ਕਈ ਅਹਿਮ ਫ਼ੈਸਲੇ ਇਸ ਥਾਂ ‘ਤੇ ਹੋਏ ਸਨ। ਉਨ੍ਹਾਂ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕਿ ਪੰਜਾਬ ਦੇ ਇਤਿਹਾਸ ਦੀ ਇਸ ਗੌਰਵਮਈ ਨਿਸ਼ਾਨੀ ਦੀ ਸੰਭਾਲ ਕੀਤੀ ਜਾਵੇ।

ਇਸ ਮੌਕੇ ਵਿਰਾਸਤੀ ਮੰਚ, ਬਟਾਲਾ ਦੇ ਪ੍ਰਧਾਨ ਬਲਦੇਵ ਸਿੰਘ ਰੰਧਾਵਾ ਨੇ ਕਿਹਾ ਕਿ ਆਪਣੇ ਕੌਮੀ ਨਾਇਕਾਂ ਨੂੰ ਯਾਦ ਰੱਖਣਾ ਅਤੇ ਉਨ੍ਹਾਂ ਦੀ ਵਿਰਾਸਤ ਨੂੰ ਸੰਭਾਲਣਾ ਸਾਡਾ ਨੈਤਿਕ ਫ਼ਰਜ ਹੈ। ਉਨ੍ਹਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦੀ ਇਤਿਹਾਸ ਨੂੰ ਬਹੁਤ ਵੱਡੀ ਦੇਣ ਹੈ ਅਤੇ ਇੱਕ ਵਿਸ਼ਾਲ ਖਿੱਤੇ ਉੱਪਰ ਉਨ੍ਹਾਂ ਨੇ ਆਪਣੀ ਕਾਬਲੀਅਤ ਨਾਲ ਰਾਜ ਕੀਤਾ। ਪ੍ਰਧਾਨ ਬਲਦੇਵ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਦੀਨਾ ਨਗਰ ਦੀ ਸ਼ਾਹੀ ਬਾਰਾਂਦਰੀ ਦੀ ਮੁਰੰਮਤ ਕਰਕੇ ਇਸਦੀ ਸ਼ਾਨ ਨੂੰ ਮੁੜ ਬਹਾਲ ਕਰਨਾ ਚਾਹੀਦਾ ਹੈ।

ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਜਥੇਦਾਰ ਗੁਰਿੰਦਰ ਸਿੰਘ ਸ਼ਾਮਪੁਰਾ ਅਤੇ ਐਡਵੋਕੇਟ ਐੱਚ.ਐੱਸ. ਮਾਂਗਟ ਨੇ ਵੀ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਦੇ ਵੱਖ-ਵੱਖ ਪੱਖਾਂ ਉੱਪਰ ਰੌਸ਼ਨੀ ਪਾਈ। ਇਸ ਤੋਂ ਇਲਾਵਾ ਪ੍ਰੋ. ਜਸਬੀਰ ਸਿੰਘ, ਸ਼ੇਰੇ ਪੰਜਾਬ ਸਿੰਘ ਕਾਹਲੋਂ, ਸੁਖਵਿੰਦਰ ਸਿੰਘ ਪਾਹੜਾ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਤੋਂ ਪਹਿਲਾਂ ਨਗਰ ਕੌਂਸਲ ਦੀਨਾਨਗਰ ਦੇ ਸਫ਼ਾਈ ਕਰਮੀਆਂ ਵੱਲੋਂ ਸ਼ਾਹੀ ਬਾਰਾਂਦਰੀ ਦੀ ਸਫ਼ਾਈ ਕੀਤੀ ਗਈ। ਇਸ ਮੌਕੇ ਵਿਰਾਸਤੀ ਮੰਚ ਬਟਾਲਾ ਦੇ ਨੁਮਾਇੰਦੇ ਠੇਕੇਦਾਰ ਕੁਲਵਿੰਦਰ ਸਿੰਘ ਲਾਡੀ ਜੱਸਲ, ਪ੍ਰੋਫੈਸਰ ਜਸਬੀਰ ਸਿੰਘ, ਅਨੁਰਾਗ ਮਹਿਤਾ, ਗੁਰਪ੍ਰੀਤ ਸਿੰਘ ਚਾਵਲਾ, ਅਨੁਰਾਗ ਮਹਿਤਾ, ਸੁਖਦੇਵ ਸਿੰਘ ਹਰਪੁਰਾ, ਮੋਹਨ ਸਿੰਘ ਹਰਪੁਰਾ, ਬਲਕਾਰ ਸਿੰਘ, ਕੈਪਟਨ ਅਜੀਤ ਸਿੰਘ, ਧੰਨਾ ਸਿੰਘ ਖਾਨਫੱਤਾ, ਰਾਜਬੀਰ ਸਿੰਘ ਵਿੰਝਵਾਂ, ਸਰਵਣ ਸਿੰਘ, ਸੁਰਿੰਦਰ ਸਿੰਘ, ਬੀਬੀ ਚਰਨਜੀਤ ਕੌਰ, ਸੁਖਵਿੰਦਰ ਸਿੰਘ ਪਾਹੜਾ ਤੋਂ ਇਲਾਵਾ ਹੋਰ ਸੰਗਤ ਵੀ ਹਾਜ਼ਰ ਸੀ।    

LEAVE A REPLY

Please enter your comment!
Please enter your name here