ਸਮੂਹ ਸਿਹਤ ਸੰਸਥਾਵਾਂ ਵਿੱਚ ਇੰਟੈਂਸੀਫਾਈਡ ਡਾਇਰੀਆ ਕੰਟਰੋਲ ਪੰਦਰਵਾੜਾ ਦੀ ਸ਼ੁਰੂਆਤ 

ਹੁਸ਼ਿਆਰਪੁਰ (ਦ ਸਟੈਲਰ ਨਿਊਜ਼) । ਬਚਪਨ ਵਿੱਚ ਦਸਤ ਕਾਰਨ ਹੋਣ ਵਾਲੀਆਂ ਮੌਤਾਂ ਨੂੰ ਜ਼ੀਰੋ ਕਰਨ ਟੀਚੇ ਨੂੰ ਲੈ ਕੇ ਸਿਵਲ ਸਰਜਨ ਹੁਸ਼ਿਆਰਪੁਰ ਡਾ ਬਲਵਿੰਦਰ ਕੁਮਾਰ ਡਮਾਣਾ ਜੀ ਦੇ ਨਿਰਦੇਸ਼ਾਂ ਅਨੁਸਾਰ ਅੱਜ ਜਿਲ੍ਹੇ ਦੀਆਂ ਸਮੂਹ ਸਿਹਤ ਸੰਸਥਾਵਾਂ ਵਿੱਚ ਇੰਟੈਂਸੀਫਾਈਡ ਡਾਇਰੀਆ ਕੰਟਰੋਲ ਪੰਦਰਵਾੜਾ (IDCF) ਦੀ ਸ਼ੁਰੂਆਤ ਓ.ਆਰ.ਐਸ ਅਤੇ ਜ਼ਿੰਕ ਕਾਰਨਰ ਸਥਾਪਿਤ ਕਰਕੇ ਕੀਤੀ ਗਈ। ਤੀਬਰ ਦਸਤ ਰੋਕੂ ਪੰਦਰਵਾੜਾ 4 ਤੋਂ 17 ਜੁਲਾਈ ਤੱਕ ਮਨਾਇਆ ਜਾ ਰਿਹਾ ਹੈ। ਜਿਸ ਤਹਿਤ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਆਮ ਲੋਕਾਂ ਨੂੰ ਓ.ਆਰ.ਐਸ. ਘੋਲ, ਜ਼ਿੰਕ ਦੀ ਵਰਤੋ, ਮਾਂ ਦੇ ਦੁੱਧ ਦੀ ਮਹੱਤਤਾ, ਹੱਥਾਂ ਨੂੰ ਚੰਗੀ ਤਰ੍ਹਾਂ ਧੋਣ ਦੀ ਵਿਧੀ ਅਤੇ ਖਾਣ ਪੀਣ ਦੀਆਂ ਸਾਫ ਸੁਥਰੀਆਂ ਚੀਜ਼ਾਂ ਨੂੰ ਤਰਜੀਹ ਦੇਣ ਦੀ ਸੇਧ ਦਿੱਤੀ ਜਾ ਰਹੀ ਹੈ।  ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਇੰਚਾਰਜ ਸੀਨੀਅਰ ਮੈਡੀਕਲ ਅਫਸਰ ਡਾ ਸਵਾਤੀ ਸ਼ੀਮਾਰ ਦੀ ਪ੍ਰਧਾਨਗੀ ਹੇਠ ਓ.ਆਰ.ਐਸ. ਜ਼ਿੰਕ ਕਾਰਨਰ ਸਥਾਪਿਤ ਕੀਤਾ ਗਿਆ ਅਤੇ ਇਸ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ।

Advertisements

ਜਾਗਰੂਕ ਕਰਦੇ ਬੱਚਿਆਂ ਦੇ ਮਾਹਿਰ ਡਾ ਹਰਨੂਰਜੀਤ ਕੌਰ ਨੇ ਕਿਹਾ ਕਿ ਗਰਮੀ ਅਤੇ ਮੌਨਸੂਨ ਦੇ ਮੌਸਮ ਵਿੱਚ ਅਕਸਰ ਬੱਚਿਆਂ ਨੂੰ ਦਸਤ ਹੋਣ ਕਾਰਣ ਬਹੁਤ ਕਮਜ਼ੋਰ ਹੋਣ ਦੀ ਸ਼ਿਕਾਇਤ ਬਹੁਤ ਆਮ ਹੈ। ਪਰ ਜੇਕਰ ਸਮੇਂ ਸਿਰ ਦਸਤਾਂ ਨੂੰ ਕੰਟਰੋਲ ਨਾ ਕੀਤਾ ਜਾਵੇ ਤਾਂ ਬੱਚੇ ਦੀ ਮੌਤ ਵੀ ਹੋ ਸਕਦੀ ਹੈ। ਦਸਤਾਂ ਦੀ ਰੋਕਥਾਮ ਲਈ ਸਭ ਤੋਂ ਆਸਾਨ ਤਰੀਕਾ ਹੈ ਓ.ਆਰ.ਐਸ. ਦਾ ਘੋਲ ਅਤੇ ਜ਼ਿੰਕ ਗੋਲੀ ਦੀ ਜੋੜੀ, ਜੋ ਕਿ ਵਿਸ਼ਵ ਸਿਹਤ ਸੰਗਠਨ ਅਤੇ ਭਾਰਤ ਸਰਕਾਰ ਵੱਲੋਂ ਪ੍ਰਮਾਣਿਤ ਹੈ। 

ਡਿਪਟੀ ਮਾਸ ਮੀਡੀਆ ਅਫਸਰ ਤ੍ਰਿਪਤਾ ਦੇਵੀ ਨੇ ਦੱਸਿਆ ਕਿ ਓ.ਆਰ.ਐਸ. ਬੱਚਿਆਂ ਵਿੱਚ ਦਸਤਾਂ ਕਾਰਣ ਹੋਣ ਵਾਲੀ ਪਾਣੀ ਦੀ ਕਮੀ ਨੂੰ ਪੂਰੀ ਕਰਦਾ ਹੈ ਅਤੇ ਜ਼ਿੰਕ ਦਸਤ ਘੱਟ ਕਰਦਾ ਹੈ ਅਤੇ ਜਲਦੀ ਠੀਕ ਕਰਦਾ ਹੈ। ਜ਼ਿੰਕ ਦੀਆਂ ਗੋਲੀਆਂ ਪੂਰੇ 14 ਦਿਨ ਦੇਣ ‘ਤੇ ਅਗਲੇ ਤਿੰਨ ਮਹੀਨੇ ਤੱਕ ਦਸਤਾਂ ਅਤੇ ਨਿਮੋਨੀਆਂ ਦੋਨੋ ਤੋਂ ਬਚਾਅ ਰਹਿੰਦਾ ਹੈ ਅਤੇ ਇਹ ਟਾਨਿਕ ਦਾ ਕੰਮ ਕਰਦੀ ਹੈ। ਜਿਸ ਨਾਲ ਬੱਚੇ ਦੀ ਭੁੱਖ ਅਤੇ ਸਿਹਤ ਵਿੱਚ ਸੁਧਾਰ ਹੋਵੇਗਾ। ਇਸਦੇ ਨਾਲ ਸਫਾਈ ਦਾ ਧਿਆਨ ਰੱਖਣਾ ਜਰੂਰੀ ਹੈ। ਬੱਚੇ ਦੇ ਅਤੇ ਆਪਣੇ ਹੱਥ ਸਾਬਣ ਨਾਲ ਚੰਗੀ ਤਰ੍ਹਾਂ ਸਾਫ ਕਰੋ। 

ਡਿਪਟੀ ਮਾਸ ਮੀਡੀਆ ਅਫਸਰ ਰਮਨਦੀਪ ਕੌਰ ਨੇ ਓ.ਆਰ.ਐਸ. ਦਾ ਘੋਲ ਬਣਾਉਣ ਬਾਰੇ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਇੱਕ ਲੀਟਰ ਪੀਣ ਦੇ ਸਾਫ਼ ਪਾਣੀ ਭਾਵ ਉਬਾਲ ਕੇ ਠੰਡਾਂ ਕੀਤੇ ਹੋਏ ਪਾਣੀ ਵਿੱਚ ਇੱਕ ਪੈਕਟ ਓ.ਆਰ.ਐਸ. ਪਾਉਡਰ ਪਾਓ, ਪਾਊਡਰ ਨੂੰ ਚੰਗੀ ਤਰ੍ਹਾਂ ਘੋਲੋ। ਬੱਚੇ ਨੂੰ ਘੋਲ ਚਮਚ ਜਾਂ ਕਪ ਨਾਲ ਹਰ ਦਸਤ ਤੋਂ ਬਾਅਦ ਜਦੋਂ ਤੱਕ ਦਸਤ ਬੰਦ ਨਾ ਹੋਣ ਪਿਲਾਓ।

ਦਸਤ ਦੌਰਾਨ ਓ.ਆਰ.ਐਸ. ਤੇ ਜ਼ਿੰਕ ਤੋਂ ਇਲਾਵਾ ਮਾਂ ਦਾ ਦੁੱਧ ਪਿਲਾਉਂਦੇ ਰਹੋ ਅਤੇ ਬੱਚੇ ਨੂੰ ਹਲਕਾ ਖਾਣਾ ਵੀ ਦਿੰਦੇ ਰਹੋ। ਉਹਨਾਂ ਕਿਹਾ ਕਿ ਆਓ “ਓ.ਆਰ.ਐਸ. ਦਾ ਘੋਲ ਪਿਲਾਓ ਦਸਤ ਰੋਗ ਤੋਂ ਛੁਟਕਾਰਾ ਪਾਓ” ਦਾ ਮੰਤਰ ਅਪਣਾ ਕੇ ਆਪਣੇ ਬੱਚਿਆਂ ਨੂੰ ਤੰਦਰੁਸਤ ਬਣਾਈਏ। ਇਸ ਮੌਕੇ ਉਕਤ ਤੋਂ ਇਲਾਵਾ ਏਐਚਏ ਡਾ ਸਿਪਰਾ, ਬੀਸੀਸੀ ਕੋਆਰਡੀਨੇਟਰ ਅਮਨਦੀਪ ਸਿੰਘ, ਐਲ.ਐਚ.ਵੀ. ਰਾਜਵਿੰਦਰ ਕੌਰ, ਏਐਨਐਮ ਹਰਿੰਦਰ ਕੌਰ ਅਤੇ ਏਐਨਐਮ ਕੁਲਵੰਤ ਕੌਰ ਤੋਂ ਇਲਾਵਾ ਬੱਚਿਆਂ ਸਮੇਤ ਬੱਚਿਆਂ ਦੀ ਮਾਂਵਾਂ ਉਪਸਥਿਤ ਸਨ।

LEAVE A REPLY

Please enter your comment!
Please enter your name here