


ਹੜ੍ਹਾਂ ਦੀ ਮਾਰ

ਜੁਲਾਈ ਦੇ ਪਹਿਲੇ ਹਫ਼ਤੇ ਹੜ੍ਹਾਂ ਨੇ ਬਹੁਤ ਹੀ ਭੜਥੂ ਪਾਇਆ
ਕੁਦਰਤ ਦੀ ਕਰੋਪੀ ਦਾ ਇਹ ਦ੍ਰਿਸ਼ ਨਹੀ ਮਨ ਨੂੰ ਭਾਇਆ
ਕਿਸੇ ਨੇ ਵੀ ਪਸੰਦ ਨਹੀ ਕੀਤਾ ਸਾਵਣ ਜੋ ਇਸ ਵਾਰ ਆਇਆ
ਸਾਵਣ ਆਉਣ ‘ਤੇ ਇਸ ਵਾਰ ਕਿਸੇ ਨਹੀ ਗੀਤ ਖੁਸ਼ੀ ਦਾ ਗਾਇਆ
ਜੋ ਕੁਝ ਸਾਵਣ ਕਰ ਗਿਆ ਏਥੇ ਕਿਸੇ ਨੇ ਨਹੀ ਸੀ ਚਾਹਿਆ
ਦੁੱਖ ਲਗਦਾ ਜਦ ਰੁੜ੍ਹਦਾ ਹੜ੍ਹ ਵਿੱਚ ਕਿਸੇ ਵੀ ਮਾਂ ਦਾ ਜਾਇਆ
ਭੁੱਖੇ ਰਹੇ ਕਈ ਲੋਕ ਵਿਚਾਰੇ ਅੰਨ ਨਹੀ ਮੂੰਹ ਵਿੱਚ ਪਾਇਆ
ਜਿੰਨਾਂ ਦੇ ਰੁੜ੍ਹ ਗਏ ਮਾਪੇ ਉੱਨਾਂ ਦੇ ਸਿਰ ਤੋਂ ਉੱਠ ਗਿਆ ਸਾਇਆ
ਭੁੱਖੇ ਪਸ਼ੂਆਂ ਨੇ ਵੀ ਕਈ ਦਿਨ ਚਾਰਾ ਹੀ ਨਹੀ ਖਾਇਆ
ਕਿਸੇ ਦਾ ਖੁਰਿਆ ਕਿਸੇ ਦਾ ਰੁੜ੍ਹਿਆ ਖੇਤ ਬੀਜਿਆ ਵਾਹਿਆ
ਬਹੁਤ ਹੀ ਮਾਯੂਸ ਹੋਏ ਮੈਂ ਵੇਖੇ ਚਾਚਾ ਭਤੀਜਾ ਤਾਇਆ
ਅਸਮਾਨ ਵੇਖਿਆਂ ਡਰ ਲਗਦਾ ਸੀ ਬੱਦਲ ਹੀ ਰਿਹਾ ਛਾਇਆ
ਹੜ੍ਹਾਂ ਦੇ ਤੇਜ਼ ਵਹਾ ਨੇ ਏਥੇ ਅਣਗਿਣਤ ਘਰਾਂ ਨੂੰ ਢਾਇਆ
ਬਹੁਤ ਕੁਝ ਲੋਕਾਂ ਦਾ ਡੁੱਬ ਗਿਆ ਏਥੇ ਗਿੱਲੀ ਹੋ ਗਈ ਮਾਇਆ
ਅੰਦਾਜ਼ਾਨ ਹੀ ਕੋਈ ਲਾ ਸਕਦਾ ਕਿ ਕੀ ਕੀ ਅਸੀ ਗੁਆਇਆ
ਟੇਰਕਿਆਨਾ ਇਸ ਸਾਵਣ ਨੇ ਸਾਨੂੰ ਬਹੁਤ ਸਤਾਇਆ
-ਰਘਵੀਰ ਸਿੰਘ ਟੇਰਕਿਆਨਾ ਐਡਵੋਕੇਟ ਹੁਸ਼ਿਆਰਪੁਰ
ਫ਼ੋਨ : 9814173402
Email:[email protected]
