ਜ਼ਿਲ੍ਹਾ ਭਾਸ਼ਾ ਦਫ਼ਤਰ ਹੁਸ਼ਿਆਰਪੁਰ ਨੇਂ ਕਰਵਾਇਆ ਜ਼ਿਲ੍ਹਾ ਪੱਧਰੀ ਪ੍ਰਸ਼ਨੋਤਰੀ ਮੁਕਾਬਲਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਭਾਸ਼ਾ ਵਿਭਾਗ ਪੰਜਾਬ, ਪ੍ਰਮੁਖ ਸਕੱਤਰ ਉਚੇਰੀ ਸਿੱਖਿਆ ਤੇ ਭਾਸਾਵਾਂ ਅਤੇ ਡਾਇਰੈਕਟਰ ਭਾਸ਼ਾ ਵਿਭਾਗ ਡਾ. ਵੀਰਪਾਲ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡਾ. ਜਸਵੰਤ ਰਾਏ ਖੋਜ ਅਫ਼ਸਰ ਜ਼ਿਲ੍ਹਾ ਭਾਸ਼ਾ ਅਫ਼ਸਰ ਹੁਸ਼ਿਆਰਪੁਰ ਦੀ ਅਗਵਾਈ ਵਿੱਚ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਵਿੱਚ ਸਾਹਿਤਕ-ਸਭਿਆਚਾਰਕ ਬੌਧਿਕ ਗਿਆਨ ਦਾ ਇਜ਼ਾਫਾ ਕਰਨ ਲਈ ਜ਼ਿਲ੍ਹਾ ਪੱਧਰੀ ਪ੍ਰਸ਼ਨੋਤਰੀ ਮੁਕਾਬਲਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਰੇਲਵੇ ਮੰਡੀ ਵਿਖੇ ਕਰਵਾਇਆ ਗਿਆ।

Advertisements

ਸੰਸਥਾ ਦੇ ਮੁਖੀ ਪ੍ਰਿੰਸੀਪਲ ਲਲਿਤਾ ਰਾਣੀ ਨੇ ਇਸ ਮੁਕਾਬਲੇ ਲਈ ਪਹੁੰਚੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਜੀ ਆਇਆਂ ਸ਼ਬਦ ਕਹਿੰਦਿਆਂ ਭਾਸ਼ਾ ਵਿਭਾਗ ਨੂੰ ਅਜਿਹੇ ਮੁਕਾਬਲੇ ਕਰਵਾਉਣ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਮੁਕਾਬਲਿਆਂ ਰਾਹੀਂ ਬੱਚਾ ਸਾਹਿਤ, ਸਮਾਜ, ਵਿਰਸੇ, ਧਰਮ ਬਾਰੇ ਬਹੁਤ ਰੌਚਿਕ ਅਤੇ ਬਾਰੀਕਬੀਨੀ ਵਾਲੀ ਜਾਣਕਾਰੀ ਪ੍ਰਾਪਤ ਕਰਦਾ ਹੈ, ਜਿਹੜੀ ਜ਼ਿੰਦਗੀ ਵਿੱਚ ਉਸ ਨੂੰ ਸੰਵੇਦਨਸ਼ੀਲ਼ ਬਣਾਉਂਦੀ ਹੈ।

ਮੁਕਾਬਲੇ ਦੇ ਨਿਯਮਾਂ ਦੀ ਰੂਪ-ਰੇਖਾ ਸਾਂਝੀ ਕਰਨ ਉਪਰੰਤ ਡਾ. ਜਸਵੰਤ ਰਾਏ ਨੇ ਭਾਸ਼ਾ ਵਿਭਾਗ ਵਲੋਂ ਨਵੀਂ ਪਿਓਂਦ ਵਿੱਚ ਸਾਹਿਤ ਸਿਰਜਣ ਦੀ ਜਾਗ ਲਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਜਾਣਕਾਰੀ ਹਾਜ਼ਰੀਨ ਨਾਲ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਇਹ ਮੁਕਾਬਲੇ ਤੁਹਾਡੀ ਜ਼ਿੰਦਗੀ ਵਿੱਚ ਵੱਡੇ ਟੈਸਟ ਪਾਸ ਕਰਕੇ ਉੱਚੀਆਂ ਪਦਵੀਆਂ ਤੱਕ ਪਹੁੰਚਣ ਲਈ ਲਾਹੇਵੰਦ ਸਾਬਿਤ ਹੁੰਦੇ ਹਨ।

ਤਿੰਨਾਂ ਵਰਗਾਂ ਵਿੱਚ ਕਰਵਾਏ ਗਏ ਮੁਕਾਬਲਿਆਂ ਵਿੱਚ (ੳ) ਵਰਗ ਵਿੱਚ ਛੇਵੀਂ ਤੋਂ ਅੱਠਵੀਂ ਜਮਾਤ  ’ਚੋਂ ਪਹਿਲਾ, ਦੂਜਾ ਅਤੇ ਤੀਜਾ ਸਥਾਨ ਕ੍ਰਮਵਾਰ ਨਵਦੀਪ ਕੌਰ ਸ.ਕੰ.ਸ.ਸ. ਰੇਲਵੇ ਮੰਡੀ, ਸ਼ਿਵਾਨੀ ਜੀ.ਐੱਮ. ਏ. ਸਿਟੀ ਪਬਲਿਕ ਸਕੂਲ ਸਿੰਗੜੀਵਾਲਾ ਅਤੇ ਹਿਮਾਨੀ ਵਿੱਦਿਆ ਮੰਦਰ ਮਾਡਲ ਸਕੂਲ ਨੇ, (ਅ) ਵਰਗ ਵਿੱਚ ਕ੍ਰਮਵਾਰ ਨਵਜੀਤ ਕੌਰ ਸ.ਸ.ਸ.ਸ. ਅਹਿਰਾਣਾ ਕਲਾਂ, ਯਸਮੀਨ ਚੌਹਾਨ ਸ.ਕੰ.ਸ.ਸ. ਰੇਲਵੇ ਮੰਡੀ ਅਤੇ ਦਾਮਨੀ ਵਿੱਦਿਆ ਮੰਦਰ ਮਾਡਲ ਸਕੂਲ ਨੇ ਅਤੇ (ੲ) ਵਰਗ ਵਿੱਚ ਸੁਖਮੀਨ ਬੰਗਾ ਸਰਕਾਰੀ ਕਾਲਜ ਹੁਸ਼ਿਆਰਪੁਰ, ਹਰਜੋਤ ਸਿੰਘ ਐੱਸ.ਡੀ. ਕਾਲਜ ਅਤੇ ਸੌਰਵ ਗੁਪਤਾ ਐੱਸ.ਡੀ. ਕਾਲਜ ਹੁਸ਼ਿਆਰਪੁਰ ਨੇ ਪ੍ਰਾਪਤ ਕੀਤਾ।

ਜੇਤੂ ਵਿਦਿਆਰਥੀਆਂ ਨੂੰ ਭਾਸ਼ਾ ਵਿਭਾਗ ਦੀਆਂ ਪ੍ਰਕਾਸ਼ਨਾਵਾਂ ਵਜੋਂ ਕ੍ਰਮਵਾਰ 1000/-, 750/- ਅਤੇ 500/- ਰੁਪਏ ਦੀਆਂ ਕਿਤਾਬਾਂ ਦੇ ਸੈੱਟ ਅਤੇ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਜ਼ਿਲ੍ਹਾ ਭਾਸ਼ਾ ਦਫ਼ਤਰ ਹੁਸ਼ਿਆਰਪੁਰ ਵਲੋਂ ਸੰਸਥਾ ਦੇ ਮੁਖੀ ਪਿ੍ਰੰਸੀਪਲ ਲਲਿਤਾ ਰਾਣੀ, ਮੈਡਮ ਕੁਸਮ ਲਤਾ, ਡਾ. ਰੀਤੂ, ਮਹਿਕ ਸ਼ਗੋਤਰਾ, ਸੁਪ੍ਰਿਆ ਨੂੰ ਵਿਸ਼ੇਸ਼ ਸਹਿਯੋਗ ਲਈ ਕਿਤਾਬਾਂ ਦੇ ਸੈੱਟਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ. ਰਣਜੀਤ ਸਿੰਘ, ਲੈਕ. ਪਰਵੀਨ, ਪਵਨ ਕੁਮਾਰ, ਸੁਰਿੰਦਰ ਪਾਲ, ਪੁਸ਼ਪਾ ਰਾਣੀ, ਵਨੀਤਾ ਠਾਕੁਰ, ਦਵਿੰਦਰ ਸਿੰਘ, ਸੁਰਜੀਤ ਸਿੰਘ ਵੱਖ-ਵੱਖ ਸਕੂਲਾਂ ਤੋਂ ਆਏ ਹੋਏ ਵਿਦਿਆਰਥੀ ਅਤੇ ਅਧਿਆਪਕ ਹਾਜ਼ਰ ਸਨ।

LEAVE A REPLY

Please enter your comment!
Please enter your name here