ਤੇਰਾ ਬਣੂ ਕੀ ਪੰਜਾਬ ਸਿਆਂ ?

ਕੋਈ ਤੇਰੇ ਉੱਤੇ

Advertisements

ਐਸਮਾ ਲੁਆਉਣ ਤੁਰਿਆ

ਤੇ ਕੋਈ ਗਵਰਨਰੀ ਰਾਜ

ਕੋਈ ਪਾਰਟੀਆਂ ਬਦਲਣ ਤੁਰਿਆ

ਤੇ ਕੋਈ ਦੇਸ਼ ਬਦਲਣ

ਕੋਈ ਧਰਮ ਪਰੀਵਰਤਨ ਕਰਨ ਤੁਰਿਆ

ਤੇ ਕੋਈ ਜਬਰਨ ਕਿਸੇ ਨੂੰ

ਆਪਣੇ ਵਾਲਾ ਧਰਮ ਅਪਣਾਉਣ

ਪੰਜਾਬ ਸਿਆਂ ਤੇਰਾ ਕਿਹੜਾ ਪਿੰਡ ਹੈ

ਤੇ ਕਿਹੜਾ ਸ਼ਹਿਰ ਹੈ

ਜਿੱਥੇ ਅੰਧ-ਵਿਸ਼ਵਾਸ਼ ਨਹੀ ਫੈਲਿਆ

ਤੇਰੀ ਕਿਹੜੀ ਗਲੀ ਹੈ ਕਿਹੜਾ ਮੁਹੱਲਾ ਹੈ

ਜਿੱਥੇ ਲੋਕ ਈਰਖਾ ਵਿੱਚ ਸੜ-ਸੜ ਕੇ

ਤੇ ਆਪਸ ਵਿੱਚ ਲੜ- ਲੜ ਕੇ ਨਹੀ ਮਰ ਰਹੇ

ਪੰਜਾਬ ਸਿਆਂ ਕੋਈ ਤਾਂ

ਤੇਰੇ ਵਾਲੇ ਪਾਣੀ ਖੋਹਣ ਤੁਰਿਆ

ਤੇ ਕੋਈ ਅਚਾਨਕ ਡੈਮਾਂ ਦੇ ਗੇਟ ਖੋਲ ਕੇ

ਤੈਨੂੰ ਡੋਬਣ ਤੁਰਿਆ

ਤੇਰਾ ਬਹੁਤ ਕੁਝ ਗਿੱਲਾ ਤੇ ਸਿੱਲਾ ਹੋ ਗਿਆ

ਤੇਰੀਆਂ ਫ਼ਸਲਾਂ ਰੁੜ੍ਹ ਗਈਆਂ

ਡੰਗਰ ਮਰ ਗਏ

ਕੋਠੇ ਢੱਠ ਗਏ

ਤਬਾਹੀ ਹੋਈ ਪਈ ਹੈ

ਕਿਸਾਨਾਂ ਦਾ

ਮਜ਼ਦੂਰਾਂ ਦਾ

ਗੱਲ ਕੀ ਹਰ ਆਮ ਆਦਮੀ ਦਾ

ਮਹਿੰਗਾਈ ਨੇ ਹੀ ਲੱਕ ਤੋੜਿਆਂ ਹੋਇਆ

ਤੇਰੇ ਨਾਲ ਹਮਦਰਦੀ ਕਿਸੇ ਨੂੰ ਨਹੀ

ਸਭ ਰਾਜਨੀਤੀ ਕਰ ਰਹੇ

ਪੰਜਾਬ ਸਿਆਂ ਤੇਰੀਆਂ ਅੱਖਾਂ ਸਾਹਮਣੇ ਹੀ ਹਨ

ਤੇਰੇ ਪੜ੍ਹੇ ਲਿਖੇ ਡਿਗਰੀਆਂ ਲਈ ਫਿਰਦੇ

ਬੇਰੁਜ਼ਗਾਰ ਧੀਆਂ ਪੁੱਤ

ਜੋ ਚਿਰਾਂ ਤੋਂ ਰੁਜ਼ਗਾਰ ਦੀ ਭਾਲ ਵਿੱਚ

ਥਾਂ-ਥਾਂ ਦੀਆਂ ਠੋਕਰਾਂ ਖਾ ਰਹੇ

ਉਹ ਵਿਚਾਰੇ ਕਰਨ ਤਾਂ ਕੀ ਕਰਨ ?

ਪੰਜਾਬ ਸਿਆਂ ਤੇਰੇ ਅੰਦਰ ਹਰ ਸਾਲ

ਹੜ੍ਹ ਤਾਂ ਬਰਸਾਤ ਵਿੱਚ ਆਉਂਦੇ ਹਨ

ਪਰ ਨਸ਼ਿਆਂ ਦੇ ਦਰਿਆ

ਪੂਰਾ ਸਾਲ ਹੀ ਵਗਦੇ ਰਹਿੰਦੇ ਆ

ਕਦੇ ਕੋਈ ਤੇ ਕਦੇ ਕੋਈ ਤਸਕਰ

ਸਰਕਾਰੀ ਸ਼ਹਿ ਉੱਤੇ ਹੀ

ਤੇਰੇ ਜੂਹ ਵਿੱਚ ਆ ਵੜਦਾ

ਤੇ ਤਰਾਂ ਤਰਾਂ ਦੇ ਨਸ਼ੇ ਲਿਆ ਕੇ ਵੰਡਦਾ

ਪੰਜਾਬ ਦੀ ਜਵਾਨੀ ਨਸ਼ਿਆਂ ਨੇ ਖਾ ਲਈ

ਤੇ ਕਦੇ ਕੋਈ ਟਰੈਵਲ ਏਜੰਟ

ਤੇਰੇ ਨੌਜਵਾਨ ਮੁੰਡੇ ਕੁੜੀਆਂ ਨੂੰ

ਧੋਖੇ ਨਾਲ ਵਰਗਲ਼ਾ ਕੇ

ਤੇ ਝੂਠੇ ਸੁਪਨੇ ਵਿਖਾ ਕੇ

ਬਹੁਤ ਮਹਿੰਗੇ ਭਾਅ

ਜਾਇਜ਼ ਨਾਜਾਇਜ਼ ਢੰਗਾਂ ਨਾਲ

ਬਦੇਸ਼ਾਂ ਵੱਲ ਨੂੰ ਵੀ ਧੱਕੀ ਜਾ ਰਿਹਾ

ਪੰਜਾਬ ਸਿਆਂ ਤੇਰੀ ਧਰਤੀ ਉੱਤੇ

ਗਲੀਆਂ ਮੁਹੱਲਿਆਂ ‘ਚੋਂ

ਇੱਟ ਚੁੱਕਿਆਂ ਤਾਂ ਲੀਡਰ ਨਿਕਲਦਾ

ਹੁਣ ਤੱਕ ਤੈਨੂੰ ਪਤਾ ਲੱਗ ਹੀ ਗਿਆ ਹੋਣਾ

ਉੱਨਾਂ ‘ਚੋਂ ਕਿੰਨੇ ਕੁ ਲੀਡਰ ਚੱਜ ਦੇ

ਤੇ ਕਿੰਨੇ ਕੁ ਨਿਕੰਮੇ ਤੇ ਚਵਲ ਨਿਕਲੇ ?

ਤੂੰ ਮੰਨ ਚਾਹੇ ਨਾ ਮੰਨ

ਉਨਾ ਲੀਡਰਾਂ ਨੇ ਰਲ ਮਿਲ ਕੇ

ਤੇਰਾ ਸੱਤਿਆਨਾਸ ਹੀ ਕਰ ਦਿੱਤਾ

ਸਭ ਕੁਝ ਬਰਬਾਦ ਕਰਕੇ ਰੱਖ ਦਿੱਤਾ

ਤੇ ਉੱਨਾਂ ਨੇ ਤੇਰੇ ਭੋਲੇ ਭਾਲੇ ਲੋਕਾਂ ਨੂੰ

ਦਿਨੇ ਹੀ ਤਾਰੇ ਦਿਖਾ ਦਿੱਤੇ

ਪੰਜਾਬ ਸਿਆਂ ਇਹ ਸਭ ਕੁਝ

ਉੱਨਾਂ ਨੇਤਾਵਾਂ ਨੇ

ਤੇਰੀ ਹਿੱਕ ਉੱਤੇ ਬੈਠ ਕੇ ਕੀਤਾ

ਤੇ ਓਧਰ ਤੇਰੇ ਪੜ੍ਹੇ ਲਿਖੇ

ਉੱਚੇ -ਉੱਚੇ ਅਹੁਦਿਆਂ ਉੱਤੇ ਬੈਠੇ

ਜ਼ਿੰਮੇਵਾਰ ਅਫ਼ਸਰਾਂ ਨੇ ਵੀ

ਨਿੱਤ ਨਵੇੰ-ਨਵੇੰ ਚੰਦ ਹੀ ਚਾੜ੍ਹੇ

ਤੇਰੇ ਨਾਲ ਹੁਣ ਤੱਕ ਬਹੁਤ ਬੇਇਨਸਾਫ਼ੀ ਹੋਈ

ਪੰਜਾਬ ਸਿਆਂ ਹੁਣ ਤੂੰ ਆਪੇ ਦੱਸ

ਤੈਨੂੰ ਕਿਹੜੀ ਕਚਹਿਰੀ ਵਿੱਚ ਲਿਜਾਇਆ ਜਾਵੇ !

ਤੇਰਾ ਹੌਸਲਾ ਪਸਤ ਹੋ ਗਿਆ

ਪੰਜਾਬ ਸਿਆਂ ਹੁਣ ਤਾਂ ਤੂੰ ਬਿਮਾਰ

ਤੇ ਬਹੁਤ ਕਮਜ਼ੋਰ ਵੀ ਹੋ ਗਿਆਂ ਏ!

ਤੈਨੂੰ ਕਿਹੜੇ ਹਸਪਤਾਲ ਲਿਜਾਈਏ ?

ਤੂੰ ਤਾਂ ਉਨਾ ਦੇ ਬਿੱਲ ਵੇਖ ਕੇ ਹੀ ਸਹਿਮ ਜਾਵੇਂਗਾ

ਹੋ ਸਕਦਾ ਹਸਪਤਾਲਾਂ ਦੇ ਖ਼ਰਚਿਆਂ ਤੋਂ ਡਰ ਕੇ

ਤੂੰ ਓਥੇ ਹੀ ਪ੍ਰਾਣ ਤਿਆਗ ਦੇਵੇ

ਤੇਰੀ ਲਾਸ਼ ਵੀ ਉੱਨਾਂ ਨੇ

ਹਸਪਤਾਲ ਦੇ “ਆਈ ਸੀ ਯੂ “ ਵਿੱਚ ਹੈ

ਕਹਿ ਕੇ ਚੁੱਕਣ ਨਹੀ ਦੇਣੀ

ਓਨਾ ਚਿਰ ,ਓਨਾ ਚਿਰ ,

ਜਿੰਨਾਂ ਚਿਰ ,ਜਿੰਨਾਂ ਚਿਰ ਬਿੱਲ ਜਮਾਂ ਨਹੀ ਹੁੰਦਾ

ਪੰਜਾਬ ਸਿਆਂ ਸੱਚੀਂ ਸਮਝ ਨਹੀ ਆ ਰਿਹਾ

ਤੇਰਾ ਬਣੇਗਾ ਕੀ ?

  • ਰਘਵੀਰ ਸਿੰਘ ਟੇਰਕਿਆਨਾ ਐਡਵੋਕੇਟ

ਜ਼ਿਲ੍ਹਾ ਕਚਹਿਰੀ – ਹੁਸ਼ਿਆਰਪੁਰ

ਫ਼ੋਨ : 9814173402

LEAVE A REPLY

Please enter your comment!
Please enter your name here