ਗੁਰਦਾਸਪੁਰ, (ਦ ਸਟੈਲਰ ਨਿਊਜ਼)। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਾਲ ਭਵਨ ਗੁਰਦਾਸਪੁਰ ਦੇ ਸਾਹਮਣੇ ਸਥਾਪਤ ਕੀਤਾ ‘ਪੰਘੂੜਾ’ ਅਣਚਾਹੇ/ਲਵਾਰਿਸ ਨਵਜਾਤ ਬੱਚਿਆਂ ਨੂੰ ਜ਼ਿੰਦਗੀ ਦੇਣ ਲਈ ਪੂਰੀ ਤਰਾਂ ਤਿਆਰ ਹੈ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਬੀਤੀ 2 ਮਈ ਨੂੰ ‘ਕਿਲਕਾਰੀ’ ਪ੍ਰੋਜੈਕਟ ਤਹਿਤ ਇਸ ਪੰਗੂੜੇ ਦੀ ਸ਼ੁਰੂਆਤ ਕੀਤੀ ਗਈ ਸੀ।
ਇਹ ਪੰਗੂੜਾ ਅਣਚਾਹੇ/ਲਵਾਰਿਸ ਨਵਜਾਤ ਬੱਚਿਆਂ ਲਈ ਪੂਰੀ ਤਰਾਂ ਸੁਰੱਖਿਅਤ ਹੈ ਅਤੇ ਜਿਹੜੇ ਮਾਪੇ ਆਪਣੇ ਨਵਜਾਤ ਬੱਚਿਆਂ ਨੂੰ ਪਾਲਣ ਵਿੱਚ ਅਸਮਰੱਥ ਹਨ, ਉਹ ਆਪਣੇ ਬੱਚਿਆਂ ਨੂੰ ਇਸ ਪੰਗੂੜੇ ਵਿੱਚ ਪਾ ਕੇ ਜਾ ਸਕਦੇ ਹਨ। ਇਹ ਪੰਗੂੜਾ ਅਜਿਹੀ ਥਾਂ ‘ਤੇ ਲਗਾਇਆ ਗਿਆ ਹੈ ਜਿਥੇ ਆਸ-ਪਾਸ ਕੋਈ ਨਹੀਂ ਹੈ ਅਤੇ ਬੜੀ ਅਸਾਨੀ ਨਾਲ ਕੋਈ ਵੀ ਵਿਅਕਤੀ ਬੱਚੇ ਨੂੰ ਪੰਗੂੜੇ ਵਿੱਚ ਪਾ ਕੇ ਜਾ ਸਕਦਾ ਹੈ। ਜਦੋਂ ਬੱਚੇ ਪੰਗੂੜੇ ਵਿੱਚ ਪਵੇਗਾ ਤਾਂ ਬੱਚੇ ਦੇ ਭਾਰ ਨਾਲ ਇੱਕ ਬਟਨ ਪ੍ਰੈੱਸ ਹੋਵੇਗਾ ਜਿਸ ਨਾਲ ਥੋੜੀ ਦੂਰ ਬਾਲ ਭਵਨ ਵਿੱਚ ਬੈੱਲ ਵੱਜ ਜਾਵੇਗੀ। ਬੈੱਲ ਵੱਜਣ ਤੋਂ ਬਾਅਦ ਬਾਲ ਭਵਨ ਦੇ ਕਰਮਚਾਰੀਆਂ ਵੱਲੋਂ ਉਸ ਬੱਚੇ ਨੂੰ ਪ੍ਰਾਪਤ ਕਰ ਲਿਆ ਜਾਵੇਗਾ ਅਤੇ ਉਸਦੀ ਸੰਭਾਲ ਲਈ ਉਸੇ ਸਮੇਂ ਚਾਰਾਜੋਈ ਸ਼ੁਰੂ ਕਰ ਦਿੱਤੀ ਜਾਵੇਗੀ।
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦਾ ਕਹਿਣਾ ਹੈ ਕਿ ਇਹ ਪੰਘੂੜਾ ਅਣਚਾਹੇ, ਲਵਾਰਿਸ ਨਵਜਾਤ ਬੱਚਿਆਂ ਲਈ ਜ਼ਿੰਦਗੀ ਦੀ ਨਵੀਂ ਕਿਰਨ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਪੰਘੂੜਾ ਲਗਾਉਣ ਦਾ ਮਕਸਦ ਅਣਚਾਹੇ/ਲਵਾਰਿਸ ਬੱਚਿਆਂ ਨੂੰ ਜੀਵਨ ਦੇਣਾ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਸਾਡੇ ਸਮਾਜ ਵਿੱਚ ਲੜਕੇ/ਲੜਕੀ ਦਾ ਵਿਤਕਰਾ ਪੂਰੀ ਤਰਾਂ ਖਤਮ ਹੋ ਜਾਵੇ ਅਤੇ ਜਨਮ ਲੈਣ ਵਾਲੇ ਹਰ ਬੱਚੇ ਨੂੰ ਆਪਣੇ ਮਾਂ-ਬਾਪ ਦਾ ਪਿਆਰ ਮਿਲੇ, ਪਰ ਫਿਰ ਵੀ ਜੇਕਰ ਕੋਈ ਵਿਅਕਤੀ/ਮਾਂ-ਬਾਪ ਆਪਣੇ ਨਵਜਾਤ ਬੱਚੇ ਨੂੰ ਰੱਖਣਾ ਨਹੀਂ ਚਾਹੁੰਦਾ ਤਾਂ ਉਹ ਬੱਚੇ ਨੂੰ ਏਧਰ-ਓਧਰ ਸੁੱਟਣ ਜਾਂ ਮਾਰਨ ਦੀ ਬਜਾਏ ਜ਼ਿਲ੍ਹਾ ਪ੍ਰਸ਼ਾਸਨ ਦੇ ਇਸ ਪੰਗੂੜੇ ਵਿੱਚ ਉਸ ਬੱਚੇ ਨੂੰ ਪਾ ਜਾਵੇ। ਉਨ੍ਹਾਂ ਕਿਹਾ ਕਿ ਉਸ ਬੱਚੇ ਦੀ ਪਰਵਰਿਸ਼ ਦੀ ਜਿੰਮੇਵਾਰੀ ਪ੍ਰਸ਼ਾਸਨ ਤੇ ਸਰਕਾਰ ਦੀ ਹੋਵੇਗੀ।
ਡਿਪਟੀ ਕਮਿਸ਼ਨਰ ਡਾ. ਹਿਮਾਸ਼ੂ ਅਗਰਵਾਲ ਨੇ ਦੱਸਿਆ ਕਿ ਜ਼ਿਲ੍ਹੇ ਦੇ ਨਾਮੀ ਸਮਾਜ ਸੇਵੀ ਪੰਗੂੜੇ ਵਿੱਚ ਆਏ ਬੱਚਿਆਂ ਦੀ ਪੂਰੀ ਪਰਵਰਿਸ਼ ਕਰਨ ਲਈ ਵੀ ਤਿਆਰ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਬਾਜਵਾ ਹਸਪਤਾਲ ਦੇ ਐੱਮ.ਡੀ. ਡਾ. ਕਰਨਬੀਰ ਸਿੰਘ ਬਾਜਵਾ ਨੇ ਕਿਹਾ ਹੈ ਕਿ ਪੰਗੂੜੇ ਵਿੱਚ ਜਿਹੜਾ ਵੀ ਪਹਿਲਾ ਬੱਚਾ ਆਵੇਗਾ ਉਸ ਬੱਚੇ ਦੇ ਨਬਾਲਗ ਹੋਣ ਤੱਕ ਦੀ ਸਾਰੀ ਪਰਵਰਿਸ਼ ਉਹ ਕਰਨਗੇ। ਇਸੇ ਤਰਾਂ ਸਮਾਜ ਸੇਵੀ ਰੋਮੇਸ਼ ਮਹਾਜਨ ਨੇ ਪੰਗੂੜੇ ਵਿੱਚ ਆਉਣ ਵਾਲੇ ਦੂਸਰੇ ਬੱਚੇ ਦੀ ਪਰਵਰਿਸ਼ ਦੀ ਜਿੰਮੇਵਾਰੀ ਲਈ ਹੈ। ਗੋਲਡਨ ਕਾਲਜ ਦੇ ਮੋਹਤ ਮਹਾਜਨ ਨੇ ਪੰਗੂੜੇ ਵਿੱਚ ਆਉਣ ਵਾਲੇ ਤੀਸਰੇ ਬੱਚੇ ਅਤੇ ਚੀਮਾ ਗਰੁੱਪ ਆਫ਼ ਇੰਸਟੀਚਿਊਟ ਦੇ ਐੱਮ.ਡੀ. ਅਮਰਿੰਦਰ ਸਿੰਘ ਚੀਮਾ ਨੇ ਚੌਥੇ ਬੱਚੇ ਦੀ ਪਰਵਰਿਸ਼ ਦੀ ਜਿੰਮੇਵਾਰੀ ਲਈ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਇਸ ਤਰਾਂ ਬਹੁਤ ਸਾਰੇ ਸਮਾਜ ਸੇਵੀ ‘ਪੰਗੂੜੇ’ ਵਿੱਚ ਆਉਣ ਵਾਲੇ ਬੱਚਿਆਂ ਦੀ ਪਰਵਰਿਸ਼ ਦੀ ਜਿੰਮੇਵਾਰੀ ਲੈਣ ਲਈ ਤਿਆਰ ਹਨ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਵੀ ਅਜਿਹੇ ਬੱਚਿਆਂ ਦੀ ਪਰਵਰਿਸ਼ ਦੇ ਪੂਰੇ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਇੱਕ ਵਾਰ ਫਿਰ ਅਪੀਲ ਕਰਦੇ ਹੋਏ ਕਿਹਾ ਹੈ ਕਿ ਜੇਕਰ ਕੋਈ ਵਿਅਕਤੀ/ਮਾਂ-ਬਾਪ ਆਪਣੇ ਨਵਜਾਤ ਬੱਚੇ ਨੂੰ ਰੱਖਣਾ ਨਹੀਂ ਚਾਹੁੰਦਾ ਤਾਂ ਉਹ ਬੱਚੇ ਨੂੰ ਏਧਰ-ਓਧਰ ਸੁੱਟਣ ਜਾਂ ਮਾਰਨ ਦੀ ਬਜਾਏ ਜ਼ਿਲ੍ਹਾ ਪ੍ਰਸ਼ਾਸਨ ਦੇ ਇਸ ਪੰਗੂੜੇ ਵਿੱਚ ਉਸ ਬੱਚੇ ਨੂੰ ਪਾ ਜਾਵੇ, ਉਸ ਤੋਂ ਬਾਅਦ ਉਸ ਬੱਚੇ ਦੀ ਪਰਵਰਿਸ਼ ਦੀ ਜਿੰਮੇਵਾਰੀ ਪ੍ਰਸ਼ਾਸਨ ਤੇ ਸਰਕਾਰ ਦੀ ਹੋਵੇਗੀ।