ਜ਼ਿਲ੍ਹੇ ਵਿਚ ਸਿੰਥੈਟਿਕ ਡੋਰ ਬਣਾਉਣ, ਵੇਚਣ, ਸਟੋਰ ਕਰਨ ਅਤੇ ਖ਼ਰੀਦਣ ਤੇ ਮੁਕੰਮਲ ਪਾਬੰਦੀ ਦੇ ਹੁਕਮ ਜਾਰੀ


ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਫ਼ੌਜਦਾਰੀ ਜ਼ਾਬਤਾ ਸੰਘ 1973 (1974 ਦਾ ਐਕਟ ਨੰ: 2) ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਹੁਸ਼ਿਆਰਪੁਰ ਦੀ ਹਦੂਦ ਅੰਦਰ ਪਤੰਗਾਂ/ਗੁੱਡੀਆਂ ਉਡਾਉਣ ਲਈ ਨਾਈਲੋਨ, ਸਿੰਥੈਟਿਕ/ਪਲਾਸਟਿਕ ਦੀ ਬਣੀ ਡੋਰ ਨੂੰ ਬਣਾਉਣ, ਵੇਚਣ, ਸਟੋਰ ਕਰਨ ਅਤੇ ਖ਼ਰੀਦਣ, ਸਪਲਾਈ ਕਰਨ ’ਤੇ ਮੁਕੰਮਲ ਤੌਰ ’ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਪਾਬੰਦੀ ਧਾਗੇ ਵਾਲੀ ਡੋਰ ’ਤੇ ਲਾਗੂ ਨਹੀਂ ਹੋਵੇਗੀ। ਇਹ ਹੁਕਮ 29 ਫਰਵਰੀ 2024 ਤੱਕ ਲਾਗੂ ਰਹਿਣਗੇ। ਜ਼ਿਲ੍ਹਾ ਮੈਜਿਸਟਰੇਟ ਨੇ ਜਾਰੀ ਕੀਤੇ ਹੁਕਮਾਂ ਵਿਚ ਕਿਹਾ ਹੈ ਕਿ ਪਤੰਗਾਂ/ਗੁੱਡੀਆਂ ਉਡਾਉਣ ਲਈ ਜਿਹੜੀ ਡੋਰ ਦੀ ਵਰਤੋਂ ਕੀਤੀ ਜਾ ਰਹੀ ਹੈ, ਉਹ ਸੂਤੀ ਡੋਰ ਤੋਂ ਹੱਟ ਕੇ ਸਿੰਥੈਟਿਕ ਪਲਾਸਟਿਕ ਦੀ ਬਣੀ ਹੋਈ ਹੈ ਅਤੇ ਉਹ ਬਹੁਤ ਮਜ਼ਬੂਤ, ਨਾ ਗਲਣਯੋਗ ਅਤੇ ਨਾ ਟੁੱਟਣਯੋਗ ਹੈ।

Advertisements

ਇਹ ਡੋਰ ਪਤੰਗਬਾਜ਼ੀ ਸਮੇਂ ਪਤੰਗ/ਗੁੱਡੀਆਂ ਉਡਾਉਣ ਵਾਲਿਆਂ ਦੇ ਹੱਥ ਅਤੇ ਉਗਲਾਂ ਕੱਟ ਦਿੰਦੀ ਹੈ। ਇਸ ਡੋਰ ਨਾਲ ਦੋ-ਪਹੀਆ ਵਾਹਨ ਚਾਲਕਾਂ ਦੇ ਗਲ ਅਤੇ ਕੰਨ ਆਦਿ ਕੱਟੇ ਜਾਣ, ਉਡਦੇ ਪੰਛੀਆਂ ਦੇ ਫੱਸ ਜਾਣ ਅਤੇ ਉਨ੍ਹਾਂ ਦੇ ਮਰਨ ਬਾਰੇ ਕਾਫ਼ੀ ਦੁਰਘਟਨਾਵਾਂ ਵਾਪਰੀਆਂ ਹਨ। ਇਸ ਤੋਂ ਇਲਾਵਾ ਡੋਰ ਵਿਚ ਫਸੇ ਪੰਛੀਆਂ ਦੀ ਮੌਤ ਹੋ ਜਾਣ ’ਤੇ ਉਨ੍ਹਾਂ ਦਾ ਰੁੱਖਾਂ ’ਤੇ ਟੰਗੇ ਰਹਿਣ ਕਾਰਨ ਬਦਬੂ ਨਾਲ ਵਾਤਾਵਰਨ ਵੀ ਦੂਸ਼ਿਤ ਹੁੰਦਾ ਹੈ। ਇਸ ਤਰ੍ਹਾਂ ਸਿੰਥੈਟਿਕ/ਪਲਾਸਟਿਕ ਦੀ ਬਣੀ ਇਹ ਡੋਰ ਜਦੋਂ ਪਤੰਗਾਂ/ਗੁੱਡੀਆਂ ਉਡਾਉਣ ਲਈ ਵਰਤੀ ਜਾਂਦੀ ਹੈ, ਤਾਂ ਇਹ ਮਨੁੱਖੀ ਜਾਨਾਂ ਅਤੇ ਪੰਛੀਆਂ ਲਈ ਘਾਤਕ ਸਿੱਧ ਹੁੰਦੀ ਹੈ। ਇਨ੍ਹਾਂ ਤੱਥਾਂ ਨੂੰ ਮੁੱਖ ਰੱਖਦਿਆਂ ਸਿੰਥੈਟਿਕ/ਪਲਾਸਟਿਕ ਦੀ ਬਣੀ ਚਾਈਨਾ ਡੋਰ ਨੂੰ ਸਟੋਰ ਕਰਨ, ਵੇਚਣ ਅਤੇ ਖਰੀਦਣ ’ਤੇ ਰੋਕ ਲਗਾਉਣ ਲਈ ਇਹ ਕਦਮ ਚੁੱਕਣ ਦੀ ਅਤਿਅੰਤ ਲੋੜ ਸੀ।

LEAVE A REPLY

Please enter your comment!
Please enter your name here