ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਅਜ਼ਾਦੀ ਦੀ ਲੜਾਈ ਦੇ ਪਰਵਾਨੇ, ਦਲਿਤ ਭਾਈਚਾਰੇ ਦੇ ਸੁਧਾਰ ਲਈ ਸਾਰੀ ਜ਼ਿੰਦਗੀ ਲੇਖੇ ਲਾਉਣ ਵਾਲੇ ਤੇ ਇਤਿਹਾਸਕ ਆਦਿ ਧਰਮ ਮੰਡਲ ਲਹਿਰ ਦੇ ਮੋਢੀ ਗਦਰੀ ਬਾਬਾ ਮੰਗੂ ਰਾਮ ਮੁੱਗੋਵਾਲੀਆ ਜੀ ਦਾ ਬਰਸੀ ਸਮਾਗਮ ਉਨ੍ਹਾਂ ਦੇ ਜੱਦੀ ਪਿੰਡ ਮੁੱਗੋਵਾਲ ਵਿੱਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਪੰਜਾਬ ਦੇ ਉੱਘੇ ਦਲਿਤ ਆਗੂ ਸਾਬਕਾ ਕੇਂਦਰੀ ਮੰਤਰੀ ਤੇ ਸਾਬਕਾ ਚੇਅਰਮੈਨ ਰਾਸ਼ਟਰੀ ਅਨੁਸੂਚਿਤ ਜਨਜਾਤੀ ਆਯੋਗ ਵਿਜੇ ਸਾਂਪਲਾ ਗਦਰੀ ਬਾਬਾ ਮੰਗੂ ਰਾਮ ਮੁੱਗੋਵਾਲੀਆ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਉਨ੍ਹਾਂ ਦੇ ਜੱਦੀ ਪਿੰਡ ਪਹੁੰਚੇ।
ਇਸ ਮੌਕੇ ਸੰਬੋਧਨ ਕਰਦਿਆਂ ਵਿਜੇ ਸਾਂਪਲਾ ਨੇ ਕਿਹਾ ਕਿ ਗਦਰ ਪਾਰਟੀ ਦੇ ਆਗੂ, ਆਜ਼ਾਦੀ ਘੁਲਾਟੀਏ ਆਦਿ ਧਰਮ ਲਹਿਰ ਦੇ ਬਾਨੀ, ਆਦਿ ਧਰਮ ਮੰਡਲ ਦੇ ਸੰਸਥਾਪਕ, ਉੱਚ ਕੋਟੀ ਦੇ ਸਿਆਸਤਦਾਨ ਤੇ ਕ੍ਰਾਂਤੀਕਾਰੀ ਸਮਾਜ ਸੁਧਾਰਕ ਬਾਬੂ ਮੰਗੂ ਰਾਮ ਮੁੱਗੋਵਾਲੀਆ ਨੂੰ ਦੇਸ਼ ਤੇ ਸਮਾਜ ਲਈ ਕੀਤੇ ਵੱਡਮੁੱਲੇ ਕਾਰਜਾਂ ਬਦਲੇ ਯੁੱਗ ਪੁਰਸ਼ ਵਜੋਂ ਸਦਾ ਯਾਦ ਰੱਖਿਆ ਜਾਵੇਗਾ। ਸਾਂਪਲਾ ਨੇ ਕਿਹਾ ਕਿ ਅਜੋਕੇ ਦੌਰ ਵਿੱਚ ਗ਼ਦਰੀ ਬਾਬਾ ਮੱਗੋਵਾਲੀਆ ਦੇ ਵਿਚਾਰਾਂ ਦੀ ਪ੍ਰਸੰਗਕਤਾ ਹੋਰ ਵੀ ਵੱਧ ਗਈ ਹੈ। ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਇਹੀ ਕਿ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਸਹੀ ਅਰਥਾਂ ਵਿੱਚ ਲਾਗੂ ਕੀਤਾ ਜਾਵੇ, ਜਿਸ ਲਈ ਸਮੇਂ ਦੀਆਂ ਸਰਕਾਰਾਂ ਦੇ ਨਾਲ ਨਾਲ ਆਮ ਲੋਕਾਂ ਦੀ ਹਿੱਸੇਦਾਰੀ ਵੀ ਬਹੁਤ ਅਹਿਮ ਹੈ। ਇਸ ਮੌਕੇ ਦਲਿਤ ਭਾਈਚਾਰੇ ਦੇ ਹੋਰ ਬੁਲਾਰਿਆਂ ਨੇ ਵੀ ਸੰਬੋਧਨ ਕੀਤਾ।
ਇਲਾਕੇ ਦੇ ਲੋਕਾਂ ਚ ਗਦਰੀ ਬਾਬਾ ਮੰਗੂ ਰਾਮ ਮੁੱਗੋਵਾਲੀਆ ਦੇ ਬਰਸੀ ਸਮਾਗਮ ਲਈ ਬਹੁਤ ਉਤਸ਼ਾਹ ਵੇਖਿਆ ਗਿਆ । ਇਸ ਮੌਕੇ ਦਲਿਤ ਆਗੂ ਮਨਜੀਤ ਬਾਲੀ, ਡਾ. ਅਜੈ ਮੱਲ, ਕੁਲਵੰਤ ਭੰਨੋ ਸੈਕਟਰੀ ਅੰਬੇਡਕਰ ਸੈਨਾ ਪੰਜਾਬ, ਚੇਅਰਮੈਨ ਬਲਵਿੰਦਰ ਮਰਵਾਹਾ, ਜ਼ਿਲ੍ਹਾ ਪ੍ਰਧਾਨ ਅਜੇ ਕੁਮਾਰ ਲਾਡੀ, ਭਾਜਪਾ ਆਗੂ ਪ੍ਰਦੀਪ ਮਨਹਾਣਾ, ਹਰਪਿੰਦਰ ਸਿੰਘ ਖੈੱਡ ਮੰਡਲ ਪ੍ਰਧਾਨ, ਰੋਬਿਨ ਪੈਂਸਰਾ, ਅਜੈ ਮਾਹਿਲਪੁਰ, ਬਲਵਿੰਦਰ ਭੰਨੋ, ਦਲਜਿੰਦਰ ਰਿਹਾਲਾ, ਐਡਵੋਕੇਟ ਦਿਲਬਾਗ ਐਸ.ਐਮ. ਲੱਕੀ ਹੁਸ਼ਿਆਰਪੁਰ, ਗੋਗੀ, ਦੀਪਾ ਆਦਿ ਹਾਜ਼ਰ ਸਨ।