
ਜਲੰਧਰ (ਦ ਸਟੈਲਰ ਨਿਊਜ਼)। ਅਲਾਵਲਪੁਰ ਵਿਖੇ ਨਾਜਾਇਜ਼ ਗਲੀ ਦੇ ਕਬਜ਼ੇ ਨੂੰ ਲੈ ਕੇ ਗਲੀ ਵਿੱਚ ਰਹਿੰਦੇ ਪ੍ਰਵਾਸੀਆਂ ਵਲੋਂ ਇਕ ਸਿੱਖ ਪਰਿਵਾਰ ‘ਤੇ ਹਮਲਾ ਕਰ ਕੇ ਨੌਜਵਾਨ ਦੀ ਕੁੱਟਮਾਰ ਕਰਨ ਅਤੇ ਕੇਸਾਂ ਦੀ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਕ ਦਿਨ ਬੀਤ ਜਾਣ ਦੇ ਬਾਅਦ ਵੀ ਪੁਲਿਸ ਵਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਕਾਰਨ ਹਸਪਤਾਲ ਵਿਖੇ ਜ਼ੇਰੇ ਇਲਾਜ ਬਹਾਦਰ ਸਿੰਘ ਭੋਗਲ ਅਲਾਵਲਪੁਰ ਨੇ ਦੱਸਿਆ ਕਿ ਸਾਡੀ ਗਲੀ ਵਿਚ ਰਹਿੰਦੇ ਪ੍ਰਵਾਸੀ ਵਿਅਕਤੀ ਰਾਜ ਕੁਮਾਰ ਨੇ ਕਾਫ਼ੀ ਸਮੇਂ ਤੋਂ ਸਾਡੀ ਗਲੀ ਵਿਚ ਨਾਜਾਇਜ਼ ਕਬਜ਼ਾ ਕੀਤਾ ਹੋਇਆ। ਜਿਸ ਕਾਰਨ ਸਾਡੇ ਨਾਲ ਲੜਾਈ ਝਗੜਾ ਕਰਦਾ ਰਹਿੰਦਾ ਹੈ।

ਜ਼ੇਰੇ ਇਲਾਜ ਸਿੱਖ ਨੌਜਵਾਨ ਬਹਾਦਰ ਸਿੰਘ ਨੇ ਕਿਹਾ ਕਿ ਮੇਰੇ ਘਰ ਵਿੱਚ ਪਲੱਸਤਰ ਦਾ ਕੰਮ ਚੱਲ ਰਿਹਾ, ਜਿਸ ਕਰ ਕੇ ਮੈਂ ਰਾਜ ਕੁਮਾਰ ਨੂੰ ਗਲੀ ਵਿੱਚ ਰੱਖਿਆ ਹੋਇਆ ਸਮਾਨ ਇਕ ਪਾਸੇ ਕਰਨ ਲਈ ਕਿਹਾ। ਜਿਸ ਤੋਂ ਬਾਅਦ ਝਗੜਾ ਹੋ ਗਿਆ ਤੇ ਰਾਜ ਕੁਮਾਰ ਸਮੇਤ ਅਣਪਛਾਤੇ ਵਿਅਕਤੀਆਂ ਵਲੋਂ ਮੇਰੇ ‘ਤੇ ਹਮਲਾ ਕਰ ਕੇ ਮੇਰੀ ਪੱਗ ਉਤਾਰ ਦਿਤੀ ਗਈ ਤੇ ਕੇਸਾਂ ਦੀ ਬੇਅਦਬੀ ਕੀਤੀ। ਉਸ ਤੋਂ ਬਾਅਦ ਮੇਰੇ ਪਿਤਾ ਬਜ਼ੁਰਗ ਤਰਲੋਚਨ ਤੇ ਮੇਰੇ ਲੜਕੇ ਦੀ ਵੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਪੀੜਤ ਵਿਅਕਤੀ ਨੇ ਦੱਸਿਆ ਇਕ ਦਿਨ ਬੀਤ ਜਾਣ ਤੋਂ ਬਾਅਦ ਵੀ ਪੁਲਿਸ ਨੇ ਮੇਰੀ ਕੋਈ ਸੁਣਵਾਈ ਨਹੀਂ ਕੀਤੀ। ਉਲਟਾ ਪ੍ਰਵਾਸੀ ਵਿਅਕਤੀਆਂ ਵਲੋਂ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ।
ਇਸ ਮਾਮਲੇ ਸਬੰਧੀ ਦੂਜੀ ਧਿਰ ਰਾਜ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੇਰੇ ਉੱਤੇ ਲੱਗੇ ਆਰੋਪ ਬੇਬੁਨਿਆਦ ਹਨ। ਇਸ ਝਗੜੇ ਦੌਰਾਨ ਭੋਗਲ ਪਰਿਵਾਰ ਨੇ ਮੇਰੇ ਪਰਿਵਾਰ ਉੱਤੇ ਹਮਲਾ ਕੀਤਾ, ਜਿਸ ਵਿੱਚ ਮੇਰਾ ਪਤਨੀ ਵੀ ਜ਼ੇਰੇ ਇਲਾਜ ਹੈ। ਪ੍ਰਵਾਸੀਆਂ ਵਿਰੁਧ ਕਾਨੂੰਨੀ ਕਾਰਵਾਈ ਨਾ ਹੋਣ ਕਰਕੇ ਪੀੜਤ ਬਹਾਦਰ ਸਿੰਘ ਸਮੇਤ ਅਲਾਵਲਪੁਰ ਸ਼ਹਿਰ ਵਾਸੀਆਂ ਵਲੋਂ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਦਵਿੰਦਰ ਕੌਰ ਕਾਲਰਾ ਨੂੰ ਮਿਲ ਕੇ ਪ੍ਰਵਾਸੀਆਂ ਵਿਰੁਧ ਕਾਰਵਾਈ ਕਰਨ ਦੀ ਅਪੀਲ ਕੀਤੀ।












