Tuesday, September 22, 2026
Home Crime ਦਰਿਆ ਬਿਆਸ ਦੇ ਕੰਢੇ ਨੌਜਵਾਨ ਦੀ ਮਿਲੀ ਲਾਸ਼, ਪਰਿਵਾਰ ਨੇ ਕਤਲ ਦਾ...

ਦਰਿਆ ਬਿਆਸ ਦੇ ਕੰਢੇ ਨੌਜਵਾਨ ਦੀ ਮਿਲੀ ਲਾਸ਼, ਪਰਿਵਾਰ ਨੇ ਕਤਲ ਦਾ ਜਤਾਇਆ ਸ਼ੱਕ

ਸੁਲਤਾਨਪੁਰ ਲੋਧੀ (ਦ ਸਟੈਲਰ ਨਿਊਜ਼)। ਸੁਲਤਾਨਪੁਰ ਲੋਧੀ ਇਲਾਕੇ ਵਿੱਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਦਰਿਆ ਬਿਆਸ ਦੇ ਕੰਢੇ ਇੱਕ ਨੌਜਵਾਨ ਦੀ ਲਾਸ਼ ਮਿਲੀ। ਮ੍ਰਿਤਕ ਦੀ ਪਹਿਚਾਣ ਸੋਨੂੰ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਪਿੰਡ ਮੰਗੂਪੁਰ ਵਜੋਂ ਹੋਈ ਹੈ। ਪਰਿਵਾਰਕ ਮੈਂਬਰਾਂ ਵੱਲੋਂ ਇਸ ਮਾਮਲੇ ਨੂੰ ਸ਼ੱਕੀ ਦੱਸਦਿਆਂ ਨੌਜਵਾਨ ਦੀ ਮੌਤ ਪਿੱਛੇ ਕਤਲ ਦੀ ਸੰਭਾਵਨਾ ਜਤਾਈ ਗਈ ਹੈ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮਾਮਲੇ ਦੀ ਨਿਰਪੱਖ ਅਤੇ ਡੂੰਘਾਈ ਨਾਲ ਜਾਂਚ ਕਰਕੇ ਸੱਚ ਸਾਹਮਣੇ ਲਿਆਉਣ ਦੀ ਮੰਗ ਕੀਤੀ ਹੈ। ਮ੍ਰਿਤਕ ਦੇ ਮਾਮਾ ਜਸਵੰਤ ਸਿੰਘ ਵਾਸੀ ਮੰਗੂਪੁਰ ਨੇ ਦੱਸਿਆ ਕਿ ਸੋਨੂ ਸਿੰਘ 31 ਜੁਲਾਈ ਦੀ ਰਾਤ ਕਰੀਬ 9:30 ਵਜੇ ਰੋਟੀ ਖਾਣ ਤੋਂ ਬਾਅਦ ਘੁੰਮਣ ਲਈ ਘਰੋਂ ਬਾਹਰ ਗਿਆ ਸੀ। ਇਸ ਤੋਂ ਬਾਅਦ ਉਹ ਘਰ ਵਾਪਸ ਨਹੀਂ ਆਇਆ। ਪਰਿਵਾਰ ਵੱਲੋਂ ਆਪਣੇ ਪੱਧਰ ’ਤੇ ਉਸ ਦੀ ਭਾਲ ਕੀਤੀ ਜਾ ਰਹੀ ਸੀ। ਜਸਵੰਤ ਸਿੰਘ ਨੇ ਦੱਸਿਆ ਕਿ 2 ਅਗਸਤ ਨੂੰ ਜਾਣਕਾਰੀ ਮਿਲੀ ਕਿ ਦਰਿਆ ਬਿਆਸ ਦੇ ਕੰਢੇ ਇੱਕ ਨੌਜਵਾਨ ਦੀ ਲਾਸ਼ ਮਿਲੀ ਹੈ। ਜਦੋਂ ਮੌਕੇ ’ਤੇ ਜਾ ਕੇ ਪਹਿਚਾਣ ਕੀਤੀ ਗਈ ਤਾਂ ਲਾਸ਼ ਸੋਨੂ ਸਿੰਘ ਦੀ ਨਿਕਲੀ।

Advertisements

ਪਰਿਵਾਰ ਦਾ ਦਾਅਵਾ ਹੈ ਕਿ ਮ੍ਰਿਤਕ ਦੇ ਸਰੀਰ ’ਤੇ ਸੱਟਾਂ ਦੇ ਨਿਸ਼ਾਨ ਦਿਖਾਈ ਦੇ ਰਹੇ ਸਨ, ਜਿਸ ਕਾਰਨ ਉਨ੍ਹਾਂ ਨੂੰ ਸ਼ੱਕ ਹੈ ਕਿ ਸੋਨੂ ਸਿੰਘ ਦਾ ਕਤਲ ਹੋਇਆ ਹੈ। ਪਰਿਵਾਰ ਨੇ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਹਰ ਪੱਖ ਤੋਂ ਜਾਂਚ ਕੀਤੀ ਜਾਵੇ ਅਤੇ ਜੇਕਰ ਕੋਈ ਦੋਸ਼ੀ ਹੈ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਏਐੱਸਪੀ ਧੀਰੇਂਦਰ ਵਰਮਾ ਨੇ ਕਿਹਾ ਕਿ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਦੀ ਮੋਰਚਰੀ ਵਿੱਚ ਰੱਖਿਆ ਗਿਆ ਹੈ। ਏਐੱਸਪੀ ਨੇ ਕਿਹਾ ਕਿ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ। ਫਿਲਹਾਲ ਪੁਲਿਸ ਵੱਲੋਂ ਧਾਰਾ 174 ਤਹਿਤ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।

LEAVE A REPLY

Please enter your comment!
Please enter your name here