ਦੇਸ਼ ਦੀ ਏਕਤਾ ਅਤੇ ਅਖੰਡਤਾ ਬਣਾਈ ਰੱਖਣ ਲਈ ਪੰਜਾਬ ਦਾ ਅਹਿਮ ਯੋਗਦਾਨ: ਸ੍ਰੀ ਵੀ.ਪੀ.ਸਿੰਘ ਬਦਨੌਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪੰਜਾਬ ਦੇ ਰਾਜਪਾਲ ਸ੍ਰੀ ਵੀ.ਪੀ.ਸਿੰਘ ਬਦਨੌਰ ਨੇ ਕਿਹਾ ਕਿ ਦੇਸ਼ ਦੀ ਏਕਤਾ ਅਤੇ ਅਖੰਡਤਾ ਬਣਾਈ ਰੱਖਣ ਲਈ ਪੰਜਾਬ ਸੂਬੇ ਦਾ ਬਹੁਤ ਅਹਿਮ ਯੋਗਦਾਨ ਹੈ, ਕਿਉਂਕਿ ਪੰਜਾਬ ਸਰਹੱਦੀ ਸੂਬਾ ਹੈ। ਪੰਜਾਬ ਦੇ ਰਾਜਪਾਲ 70ਵੇਂ ਗਣਤੰਤਰ ਦਿਵਸ ‘ਤੇ ਹੁਸ਼ਿਆਰਪੁਰ ਵਿਖੇ ਕਰਵਾਏ ਰਾਜ ਪੱਧਰੀ ਸਮਾਰੋਹ ਦੌਰਾਨ ਸੂਬਾ ਵਾਸੀਆਂ ਨੂੰ ਸੰਦੇਸ਼ ਦੇ ਰਹੇ ਸਨ। ਇਸ ਤੋਂ ਪਹਿਲਾਂ ਉਹਨਾਂ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ, ਉਪਰੰਤ ਪਰੇਡ ਦਾ ਨਿਰੀਖਣ ਕੀਤਾ। ਇਸ ਮੌਕੇ ਉਹਨਾਂ ਦੇ ਨਾਲ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਅਤੇ ਐਸ.ਐਸ.ਪੀ. ਜੇ. ਏਲਨਚੇਲੀਅਨ ਵੀ ਸਨ। ਰਾਜਪਾਲ ਵੀ.ਪੀ.ਸਿੰਘ ਬਦਨੌਰ ਨੇ ਦੇਸ਼ ਲਈ ਕੁਰਬਾਨੀਆਂ ਦੇਣ ਵਾਲੇ ਸ਼ਹੀਦਾਂ ਨੂੰ ਸ਼ਰਧਾਂਜ਼ਲੀ ਦਿੰਦਿਆਂ ਫੌਜ ਦੇ ਉਹਨਾਂ ਜਵਾਨਾਂ ਅਤੇ ਅਧਿਕਾਰੀਆਂ ਨੂੰ ਵੀ ਨਮਨ ਕੀਤਾ, ਜੋ ਦੇਸ਼ ਦੀਆਂ ਸਰਹੱਦਾਂ ‘ਤੇ ਮੁਸ਼ਕਲ ਹਾਲਾਤ ਵਿੱਚ ਆਪਣੀ ਡਿਊਟੀ ਅਤੇ ਫਰਜ਼ ਨਿਭਾਅ ਰਹੇ ਹਨ।

Advertisements

-ਹੁਸ਼ਿਆਰਪੁਰ ਵਿਖੇ 70ਵੇਂ ਗਣਤੰਤਰ ਦਿਵਸ ‘ਤੇ ਕਰਵਾਏ ਰਾਜ ਪੱਧਰੀ ਸਮਾਰੋਹ ਦੌਰਾਨ ਲਹਿਰਾਇਆ ਤਿਰੰਗਾ

ਉਹਨਾਂ ਕਿਹਾ ਕਿ ਗਣਤੰਤਰ ਦਿਵਸ ਦੇ ਪਵਿੱਤਰ ਮੌਕੇ ‘ਤੇ ਹੋਰ ਮਾਣ ਵਾਲੀ ਗੱਲ ਹੈ ਕਿ ਅਸੀਂ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਪੂਰੇ ਵਿਸ਼ਵ ਵਿੱਚ ਮਨਾ ਰਹੇ ਹਾਂ। ਪੰਜਾਬ ਸਰਕਾਰ ਵਲੋਂ ‘ਮਿਸ਼ਨ ਤੰਦਰੁਸਤ ਪੰਜਾਬ’ ਮੁਹਿੰਮ ਚਲਾ ਕੇ ਇਕ ਅਹਿਮ ਕਦਮ ਪੁੱਟਿਆ ਗਿਆ ਹੈ ਅਤੇ ਸੂਬੇ ਨੂੰ ਤੰਦਰੁਸਤ ਤੇ ਖੁਸ਼ਹਾਲ ਬਣਾਉਣ ਲਈ ਹਰੇਕ ਵਿਅਕਤੀ ਨੂੰ ਅੱਗੇ ਆਉਣਾ ਚਾਹੀਦਾ ਹੈ। ਉਹਨਾਂ ਸੱਦਾ ਦਿੰਦਿਆਂ ਕਿਹਾ ਕਿ ਪੰਜਾਬ ਅਤੇ ਦੇਸ਼ ਨੂੰ ਮਜ਼ਬੂਤ ਬਣਾਉਣ ਲਈ ਨਵੀਂ ਸੋਚ, ਲਗਨ ਅਤੇ ਦੇਸ਼ ਭਗਤੀ ਨਾਲ ਹਮੇਸ਼ਾਂ ਇਕਜੁੱਟ ਅਤੇ ਤਤਪਰ ਰਹਿਣਾ ਚਾਹੀਦਾ ਹੈ। ਪੰਜਾਬ ਦੇ ਰਾਜਪਾਲ ਸ੍ਰੀ ਵੀ.ਪੀ. ਸਿੰਘ ਬਦਨੌਰ ਨੇ ਹੁਸ਼ਿਆਰਪੁਰ ਜ਼ਿਲੇ ਦੇ 570 ਜਵਾਨਾਂ ਨੂੰ ਸ਼ਰਧਾਂਜ਼ਲੀ ਦਿੰਦਿਆਂ ਕਿਹਾ ਕਿ ਇਨਾਂ ਸੂਰਬੀਰਾਂ ਨੇ ਵੱਖ-ਵੱਖ ਲੜਾਈਆਂ ਵਿੱਚ ਆਪਣੀਆਂ ਕੁਰਬਾਨੀਆਂ ਦਿੱਤੀਆਂ ਹਨ। ਉਹਨਾਂ ਕਿਹਾ ਕਿ ਜ਼ਿਲੇ ਦੇ ਹਿੱਸੇ 397 ਵੀਰਤਾ ਪੁਰਸਕਾਰ ਵੀ ਆਏ ਹਨ, ਜੋ ਮਾਣ ਵਾਲੀ ਗੱਲ ਹੈ। ਉਹਨਾਂ ਕਿਹਾ ਕਿ ਸਿੱਖਿਆ ਦੇ ਖੇਤਰ ਵਿੱਚ ਵੀ ਹੁਸ਼ਿਆਰਪੁਰ ਦੀ ਵੱਖਰੀ ਪਹਿਚਾਣ ਹੈ। ਦੇਸ਼ ਦੇ ਬਟਵਾਰੇ ਤੋਂ ਬਾਅਦ ਲਾਹੌਰ ਤੋਂ ਆਈ ਪੰਜਾਬ ਯੂਨੀਵਰਸਿਟੀ 1962 ਤੱਕ ਹੁਸ਼ਿਆਰਪੁਰ ਦੇ ਸਰਕਾਰੀ ਕਾਲਜ ਵਿੱਚ ਚੱਲਦੀ ਰਹੀ ਹੈ ਅਤੇ ਬਹੁਤ ਸਾਰੀਆਂ ਸਖਸ਼ੀਅਤਾਂ ਨੇ ਇਸ ਯੂਨੀਵਰਸਿਟੀ ਤੋਂ ਸਿੱਖਿਆ ਪ੍ਰਾਪਤ ਕਰਕੇ ਵੱਖ-ਵੱਖ ਖੇਤਰਾਂ ਵਿੱਚ ਆਪਣਾ ਨਾਮ ਚਮਕਾਇਆ ਹੈ।

– ਨਵੀਂ ਸੋਚ ਤੇ ਦੇਸ਼ ਭਗਤੀ ਨਾਲ ਪੰਜਾਬ ਅਤੇ ਦੇਸ਼ ਨੂੰ ਮਜ਼ਬੂਤ ਬਣਾਉਣ ਲਈ ਦਿੱਤਾ ਇਕਜੁੱਟਤਾ ਦਾ ਸੱਦਾ

ਇਸ ਮੌਕੇ ਮਾਨਯੋਗ ਰਾਜਪਾਲ ਜੀ ਦੇ ਧਰਮ ਪਤਨੀ ਅਲਕਾ ਸਿੰਘ, ਮੁੱਖ ਸਕੱਤਰ ਪੰਜਾਬ ਕਰਨ ਅਵਤਾਰ ਸਿੰਘ, ਡੀ.ਜੀ.ਪੀ. ਪੰਜਾਬ ਸੁਰੇਸ਼ ਅਰੋੜਾ, ਕਮਿਸ਼ਨਰ ਜਲੰਧਰ ਡਵੀਜ਼ਨ ਬੀ. ਪੁਰੂਸ਼ਾਰਥਾ ਵੀ ਮੌਜੂਦ ਸਨ। ਪੰਜਾਬ ਦੇ ਰਾਜਪਾਲ ਨੇ  ਰਾਜ ਪੱਧਰੀ ਸਮਾਰੋਹ ਵਿੱਚ ਸ਼ਿਰਕਤ ਕਰਨ ਤੋਂ ਪਹਿਲਾਂ ਵਾਰ ਮੈਮੋਰੀਅਲ ਹੁਸ਼ਿਆਰਪੁਰ ਵਿਖੇ ਸ਼ਹੀਦਾਂ ਨੂੰ ਸ਼ਰਧਾਂਜ਼ਲੀ ਵੀ ਦਿੱਤੀ। ਸਮਾਰੋਹ ਦੌਰਾਨ ਪੰਜਾਬ ਸਰਕਾਰ ਵਲੋਂ ਇਕ ਨਿਵੇਕਲੀ ਪਹਿਲ ਕੀਤੀ ਗਈ, ਜਿਸ ਤਹਿਤ ਮਾਨਯੋਗ ਰਾਜਪਾਲ ਜੀ ਦੇ ਸੰਦੇਸ਼ ਨੂੰ ਸੰਕੇਤਕ ਮਾਹਿਰ ਵਲੋਂ ਸੰਕੇਤਕ ਭਾਸ਼ਾ ਵਿੱਚ ਸੁਣਨ ਤੋਂ ਅਸਮਰੱਥ ਦਿਵਆਂਗਜਨ ਤੱਕ ਪਹੁੰਚਾਇਆ ਗਿਆ। ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੇ ਸਹਿਯੋਗ ਨਾਲ ਸੰਕੇਤਕ ਭਾਸ਼ਾ ਮਾਹਰ ਪੰਕਜ ਸ਼ਰਮਾ ਵਲੋਂ ਸੰਕੇਤਕ ਭਾਸ਼ਾ ਦੀ ਵਰਤੋਂ ਕੀਤੀ ਗਈ। ਸਮਾਰੋਹ ਦੌਰਾਨ ਸ੍ਰੀ ਵੀ.ਪੀ.ਸਿੰਘ ਬਦਨੌਰ ਵਲੋਂ ਆਜ਼ਾਦੀ ਘੁਲਾਟੀਆਂ ਅਤੇ ਉਹਨਾਂ ਦੇ ਪਰਿਵਾਰਾਂ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ। ਇਸ ਤੋਂ ਇਲਾਵਾ ਵਿਲੱਖਣ ਪ੍ਰਾਪਤੀ ਵਾਲੀਆਂ 23 ਸਖਸ਼ੀਅਤਾਂ ਨੂੰ ਵੀ ਸਨਮਾਨਿਆ ਗਿਆ। ਉਹਨਾਂ ਵਲੋਂ ਪੰਜਾਬ ਸਰਕਾਰ ਦੀ ਮਾਈ ਭਾਗੋ ਵਿੱਦਿਆ ਸਕੀਮ ਤਹਿਤ ਵਿਦਿਆਰਥਣਾਂ ਨੂੰ 50 ਸਾਈਕਲਾਂ ਦੀ ਵੰਡ ਵੀ ਕੀਤੀ ਗਈ।  ਪੂਰੇ ਜ਼ਿਲੇ ਵਿੱਚ ਕਰੀਬ 9300 ਸਾਈਕਲ 11ਵੀਂ ਅਤੇ 12ਵੀਂ ਕਲਾਸ ਦੀਆਂ ਵਿਦਿਆਰਥਣਾਂ ਨੂੰ ਸੌਂਪੇ ਜਾਣੇ ਹਨ।

-ਪੰਜਾਬ ਦੇ ਰਾਜਪਾਲ ਦੇ ਸੰਦੇਸ਼ ਨੂੰ ਸੰਕੇਤਕ ਮਾਹਰ ਨੇ ਸੰਕੇਤਕ ਭਾਸ਼ਾ ਨਾਲ ਸੁਣਨ ਤੋਂ ਅਸਮਰੱਥ ਦਿਵਆਂਗਜਨ ਤੱਕ ਪਹੁੰਚਾਇਆ

ਇਸ ਤੋਂ ਇਲਾਵਾ ਉਹਨਾਂ ਵਲੋਂ 20 ਸਿਲਾਈ ਮਸ਼ੀਨਾਂ, 6 ਟਰਾਈ ਸਾਈਕਲ ਅਤੇ 6 ਵੀਲਚੇਅਰਜ਼ ਵੀ ਲੋੜਵੰਦ ਲਾਭਪਾਤਰੀਆਂ ਨੂੰ ਸੌਂਪੇ ਗਏ। ਸਮਾਰੋਹ ਵਿੱਚ ਪਰੇਡ ਕਮਾਂਡਰ ਡੀ.ਐਸ.ਪੀ. ਗੁਰਸ਼ੇਰ ਸਿੰਘ ਸੰਧੂ ਦੀ ਅਗਵਾਈ ਵਿੱਚ 15 ਟੁਕੜੀਆਂ ਵਲੋਂ ਸ਼ਾਨਦਾਰ ਮਾਰਚ ਪਾਸਟ ਕੀਤਾ ਗਿਆ। ਟੁਕੜੀਆਂ ਵਿੱਚ ਪੀ.ਏ.ਪੀ. ਜਲੰਧਰ ਦੇ ਬੈਂਡ ਦੀ ਟੁਕੜੀ ਵੀ ਸ਼ਾਮਲ ਸੀ। ਸਮਾਰੋਹ ਦੌਰਾਨ ਜਿਥੇ ਵੱਖ-ਵੱਖ ਸਕੂਲੀ ਵਿਦਿਆਰਥੀਆਂ ਵਲੋਂ ਰੰਗਾ ਰੰਗ ਅਤੇ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ ਹੈ, ਉਥੇ 11 ਵਿਭਾਗਾਂ ਵਲੋਂ ਮਿਸ਼ਨ ਤੰਦਰੁਸਤ ਪੰਜਾਬ, ਕਰਜ਼ਾ ਮੁਆਫ਼ੀ ਸਕੀਮ, ਘਰ-ਘਰ ਰੋਜ਼ਗਾਰ ਯੋਜਨਾ, ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਤੋਂ ਇਲਾਵਾ ਨਸ਼ਿਆਂ ਖਿਲਾਫ਼, ਵੋਟਰ ਜਾਗਰੂਕਤਾ ਅਤੇ ਕਾਨੂੰਨੀ ਸੇਵਾਵਾਂ ਸਬੰਧੀ ਝਾਕੀਆਂ ਵੀ ਕੱਢੀਆਂ ਗਈਆਂ। ਝਾਕੀਆਂ ਵਿੱਚ ਪਹਿਲੀ ਪੁਜੀਸ਼ਨ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਕੱਢੀ ਝਾਕੀ ਨੇ ਲਈ, ਜਦਕਿ ਦੂਸਰਾ ਸਥਾਨ ਪੀ.ਐਸ.ਪੀ.ਸੀ.ਐਲ. ਅਤੇ ਤੀਸਰਾ ਸਥਾਨ ਸਿੱਖਿਆ ਵਿਭਾਗ ਵਲੋਂ ਸਮਾਰਟ ਸਕੂਲਾਂ ਸਬੰਧੀ ਕੱਢੀ ਝਾਕੀ ਨੇ ਪ੍ਰਾਪਤ ਕੀਤਾ।

-ਮਾਈ ਭਾਗੋ ਵਿੱਦਿਆ ਸਕੀਮ ਤਹਿਤ ਵਿਦਿਆਰਥਣਾਂ ਨੂੰ ਵੰਡੇ ਸਾਈਕਲ, ਵਿਲੱਖਣ ਪ੍ਰਾਪਤੀ ਵਾਲੀਆਂ 23 ਸਖਸ਼ੀਅਤਾਂ ਨੂੰ ਕੀਤਾ ਸਨਮਾਨਿਤ

ਇਸ ਮੌਕੇ ਰਾਜਨੀਤਿਕ ਸਖਸ਼ੀਅਤਾਂ ਵਿੱਚ ਹਲਕਾ ਵਿਧਾਇਕ ਚੱਬੇਵਾਲ ਡਾ.ਰਾਜ ਕੁਮਾਰ, ਸਾਬਕਾ ਕੇਂਦਰੀ ਰਾਜ ਮੰਤਰੀ ਸੰਤੋਸ਼ ਚੌਧਰੀ, ਸਾਬਕਾ ਰਾਜ ਸਭਾ ਮੈਂਬਰ ਅਤੇ ਵਾਈਸ ਚੇਅਰਮੈਨ ਇੰਡੀਅਨ ਰੈਡ ਕਰਾਸ ਸੋਸਾਇਟੀ ਅਵਿਨਾਸ਼ ਰਾਏ ਖੰਨਾ, ਸਾਬਕਾ ਮੰਤਰੀ ਤੀਕਸ਼ਨ ਸੂਦ ਅਤੇ ਸਾਬਕਾ ਐਮ.ਪੀ. ਕਮਲ ਚੌਧਰੀ ਵੀ ਹਾਜ਼ਰ ਸਨ। ਸਮਾਰੋਹ ਵਿੱਚ ਜ਼ਿਲਾ ਅਤੇ ਸੈਸ਼ਨ ਜੱਜ ਅਮਰਜੋਤ ਭੱਟੀ, ਆਈ.ਜੀ. ਨੌਨਿਹਾਲ ਸਿੰਘ ਨੇ ਵੀ ਸ਼ਿਰਕਤ ਕੀਤੀ, ਜਦਕਿ ਕਮਾਂਡੈਂਟ ਪੀ.ਆਰ.ਟੀ.ਸੀ. ਜਹਾਨਖੇਲਾਂ ਭੁਪਿੰਦਰ ਸਿੰਘ, ਏ.ਡੀ.ਸੀ. (ਡੀ) ਹਰਬੀਰ ਸਿੰਘ, ਏ.ਡੀ.ਸੀ. (ਜ) ਅਨੁਪਮ ਕਲੇਰ, ਐਸ.ਡੀ.ਐਮ. ਹੁਸ਼ਿਆਰਪੁਰ ਅਮਰਪ੍ਰੀਤ ਕੌਰ ਸੰਧੂ, ਆਈ.ਏ.ਐਸ. ਅਧਿਕਾਰੀ ਗੌਤਮ ਜੈਨ, ਸਹਾਇਕ ਕਮਿਸ਼ਨਰ (ਜ) ਰਣਦੀਪ ਸਿੰਘ ਹੀਰ, ਜ਼ਿਲਾ ਪ੍ਰਧਾਨ ਫਰੀਡਮ ਫਾਈਟਰ ਗੁਰਦੇਵ ਸਿੰਘ ਕੋਟਫਤੂਹੀ ਤੋਂ ਇਲਾਵਾ ਹੋਰ ਵੱਖ-ਵੱਖ ਧਾਰਮਿਕ, ਸਮਾਜਿਕ, ਰਾਜਨੀਤਿਕ ਸਖਸ਼ੀਅਤਾਂ ਤੋਂ ਇਲਾਵਾ ਸਕੂਲੀ ਵਿਦਿਆਰਥੀ, ਅਧਿਆਪਕ ਅਤੇ ਭਾਰੀ ਗਿਣਤੀ ਵਿੱਚ ਜ਼ਿਲਾ ਵਾਸੀ ਹਾਜ਼ਰ ਸਨ। 

LEAVE A REPLY

Please enter your comment!
Please enter your name here