ਤਕਨੀਕੀ ਸਿੱਖਿਆ ਗਰੀਬ ਅਤੇ ਹੋਣਹਾਰ ਵਿਦਿਆਰਥੀਆਂ ਲਈ ਵਰਦਾਨ : ਪ੍ਰਿੰਸੀਪਲ ਰਚਨਾ ਕੌਰ 

ਹੁਸ਼ਿਆਰਪੁਰ (ਦ ਸਟੈਲਰ ਨਿਊਜ਼ )। ਉਤਰੀ ਭਾਰਤ ਭਰ ਵਿੱਚ ਤਕਨੀਕੀ ਸਿੱਖਿਆ ਦੇ ਸਰਵੋਤਮ ਕਾਲਜ਼ਾਂ ਵਿੱਚੋਂ ਇੱਕ ਹੁਸ਼ਿਆਰਪੁਰ ਦੇ  ਪੰਡਤ ਜਗਤ ਰਾਮ ਸਰਕਾਰੀ ਪੋਲੀਟੈਕਨਿਕ ਕਾਲਜ ਵਿਖੇ ਮਾਨਯੋਗ ਸਰਦਾਰ ਹਰਜੋਤ ਸਿੰਘ ਬੈਂਸ , ਕੈਬਨਿਟ ਮੰਤਰੀ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ , ਵਿਭਾਗ ਦੇ  ਵਧੀਕ ਮੁੱਖ ਸਕੱਤਰ ਮਾਨਯੋਗ  ਸੀਮਾ ਜੈਨ ਆਈ ਏ ਐਸ , ਡਾਇਰੈਕਟਰ ਮਾਨਯੋਗ ਡੀ. ਪੀ ਐਸ ਖਰਬੰਦਾ ਆਈ ਏ ਐਸ  ਦੀ ਯੋਗ ਅਗਵਾਈ ਦਾ ਸਦਕਾ ਪੰਜਾਬ ਦੇ ਸਮੂਹ ਤਕਨੀਕੀ ਸਿੱਖਿਆ ਅਦਾਰਿਆਂ ਵਿੱਚ ਸਾਲ 2023-24 ਲਈ ਦਾਖ਼ਲਾ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਕਾਲਜ ਦੇ ਪ੍ਰਿੰਸੀਪਲ ਰਚਨਾ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਲਜ ਵਿਖੇ ਸਿਵਲ ਇੰਜੀਨੀਅਰਿੰਗ, ਇਲੈਕਟਰੀਕਲ ਇੰਜੀਨੀਅਰਿੰਗ, ਮਕੈਨੀਕਲ ਇੰਜੀਨੀਅਰਿੰਗ, ਕੰਪਿਊਟਰ ਇੰਜੀਨੀਅਰਿੰਗ, ਇਲੈਕਟ੍ਰੋਨਿਕ ਅਤੇ ਕਮਿਊਨੀਕੇਸ਼ਨ, ਪਲਾਸਟਿਕ ਟੈਕਨਾਲੋਜੀ ਅਤੇ ਫਾਰਮੇਸੀ ਦੇ ਡਿਪਲੋਮਾ ਕੋਰਸਾਂ ਦੇ ਦਾਖਲੇ ਸੰਬੰਧੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ।

Advertisements

ਉਨ੍ਹਾਂ ਦੱਸਿਆ ਕਿ ਦਾਖਲੇ ਸੰਬੰਧੀ ਅਤੇ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਵੱਖ-ਵੱਖ ਸਹੂਲਤਾਂ ਸਬੰਧੀ  ਸਕੂਲਾਂ ਵਿੱਚ ਜਾ ਕੇ ਜਾਗਰੂਕਤਾ ਪੈਦਾ ਕੀਤੀ ਜਾ ਰਹੀ ਹੈ ਅਤੇ ਦਾਖ਼ਲਾ ਲੈਣ ਦੇ ਚਾਹਵਾਨ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਤਾ ਪਿਤਾ ਨੂੰ ਜਾਣਕਾਰੀ ਦੇਣ ਲਈ ਕਾਲਜ ਵਿਖੇ ਵੀ ਇੱਕ ਵਿਸ਼ੇਸ਼ ਕਮੇਟੀ ਗਠਿਤ ਕੀਤੀ ਗਈ ਹੈ ਤਾਂ ਕਿ ਹੋਰ ਵਧੇਰੇ ਜਾਣਕਾਰੀ ਪ੍ਰਾਪਤ ਕਰਕੇ ਆਪਣੇ ਬੱਚਿਆਂ ਦਾ ਭਵਿੱਖ ਸੁਨਹਿਰੀ ਬਣਾ ਸਕਣ। ਉਨ੍ਹਾਂ ਦੱਸਿਆ ਕਿ ਤਕਨੀਕੀ ਸਿੱਖਿਆ ਗਰੀਬ ਅਤੇ ਹੋਣਹਾਰ ਵਿਦਿਆਰਥੀਆਂ ਲਈ ਵਰਦਾਨ ਹੈ ਕਿਉਂਕਿ ਕਿ ਸਰਕਾਰੀ ਪੋਲੀਟੈਕਨਿਕ ਕਾਲਜਾਂ ਵਿੱਚ ਵਿਦਿਆਰਥੀਆਂ ਲਈ ਬਹੁਤ ਸਾਰੀਆਂ ਫੀਸ ਮੁਆਫੀ ਅਤੇ ਭਲਾਈ ਸਕੀਮਾਂ ਚੱਲ ਰਹੀਆਂ ਹਨ, ਜਿਵੇਂ ਕਿ ਮੱਧ ਵਰਗੀ ਗਰੀਬ  ਪਰਿਵਾਰਾਂ ਦੇ ਹੋਣਹਾਰ ਵਿਦਿਆਰਥੀਆਂ ਲਈ ਮੁੱਖ ਮੰਤਰੀ ਵਜ਼ੀਫਾ ਯੋਜਨਾ ਜਿਸ ਤਹਿਤ 70 ਤੋਂ 100 ਫੀਸਦੀ ਤੱਕ ਫੀਸ  ਵਿੱਚ ਮੁਆਫ਼ੀ ਮਿਲ ਜਾਂਦੀ ਹੈ।

ਇਸੇ ਤਰ੍ਹਾਂ ਹੀ ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਦੇ ਵਿਦਿਆਰਥੀਆਂ ਲਈ ਵੀ ਸਰਕਾਰ ਵੱਲੋਂ ਵਿਸ਼ੇਸ਼ ਸਕੀਮਾ ਚਲਾਈਆਂ ਜਾ ਰਹੀਆਂ ਹਨ। ਪ੍ਰਿੰਸੀਪਲ ਰਚਨਾ ਕੌਰ ਨੇ ਕਿਹਾ ਕਿ ਇਹ ਕਾਲਜ਼ ਦਿਹਾਕਿਆਂ ਤੋਂ ਤਕਨੀਕੀ ਸਿੱਖਿਆ ਦੇ ਪ੍ਰਸਾਰ ਦੇ ਨਾਲ ਨਾਲ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਜਿਵੇਂ ਕਿ ਖੇਡ ਮੁਕਾਬਲਿਆਂ,  ਸੱਭਿਆਚਾਰਕ ਖੇਤਰ  ਅਤੇ ਸਮਾਜ ਸੇਵੀ ਕਾਰਜਾਂ  ਲਈ ਵੱਡਮੁੱਲਾ ਯੋਗਦਾਨ ਪਾਉਣ ਵਿੱਚ ਵੀ ਮੋਹਰੀ ਹੈ। ਉਨ੍ਹਾਂ ਕਿਹਾ ਦਾਖਲੇ ਸੰਬੰਧੀ ਰਜਿਸਟ੍ਰੇਸ਼ਨ ਕਰਵਾਉਣ ਅਤੇ ਕੋਰਸ ਚੁਣਨ ਸਬੰਧੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਅਤੇ ਦਾਖ਼ਲਾ ਸਹੂਲਤ ਲਈ  ਸਬੰਧੀ ਕਾਲਜ ਵਿਖੇ ਇੱਕ ਵਿਸ਼ੇਸ਼ ਦਾਖ਼ਲਾ ਸੈਲ ਵੀ ਗਠਿਤ ਕੀਤਾ ਗਿਆ ਹੈ।

LEAVE A REPLY

Please enter your comment!
Please enter your name here