ਸਰਕਾਰੀ ਅਧਿਆਪਕਾਂ ਵਲੋਂ ਡੋਰ-ਟੂ-ਡੋਰ ਚਲਾਈ ਜਾ ਰਹੀ ਦਾਖਲਾ ਮੁਹਿੰਮ

ਪਠਾਨਕੋਟ (ਦ ਸਟੈਲਰ ਨਿਊਜ਼)। ਸਰਕਾਰੀ ਸਕੂਲਾਂ ਪ੍ਰਤੀ ਪਿਛਲੇ ਕੁਝ ਸਮੇਂ ਦੌਰਾਨ ਲੋਕਾਂ ਦੇ ਮਨਾਂ ਅੰਦਰ ਜੋ ਵਿਸ਼ਵਾਸ ਦੀ ਘਾਟ ਆਈ ਸੀ, ਇਸ ਸਮੇਂ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੁਆਰਾ ਕੀਤੀ ਜਾ ਰਹੀ ਹੈ। ਅਣਥੱਕ ਮਿਹਨਤ ਨੇ ਦੁਬਾਰਾ ਲੋਕਾਂ ਦੇ ਮਨਾਂ ਅੰਦਰ ਸਰਕਾਰੀ ਸਕੂਲਾਂ ਪ੍ਰਤੀ ਫਿਰ ਤੋਂ ਇੱਕ ਵਿਸ਼ਵਾਸ ਪੈਦਾ ਕੀਤਾ ਹੈ। ਸਰਕਾਰ ਵੱਲੋਂ ਸਿੱਖਿਆ ਵਿਭਾਗ ਦੁਆਰਾ ਦਿੱਤੀਆਂ ਜਾਂਦੀਆਂ ਵੱਖ-ਵੱਖ ਸਹੂਲਤਾਂ ਅਤੇ ਸਮੇਂ-ਸਮੇਂ ਤੇ ਚਲਾਏ ਜਾ ਰਹੇ ਵਿੱਦਿਅਕ ਪ੍ਰੋਜੇਕਟਾਂ ਅਤੇ ਵਿੱਦਿਅਕ ਮੁਕਾਬਲਿਆਂ ਨੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਮੋਹਰੀ ਕਤਾਰ ਵਿੱਚ ਲਿਆ ਖੜਾ ਕੀਤਾ ਹੈ।

Advertisements

ਇਸ ਵਰੇ ਸਕੂਲਾਂ ਵਿੱਚ ਚੱਲੇ ਪ੍ਰੋਜੇਕਟਾਂ ਨੇ ਆਮ ਲੋਕਾਂ ਨੂੰ ਆਪਣੇ ਨਾਲ ਜੋੜਿਆ ਅਤੇ ਸਮੇਂ-ਸਮੇਂ ਤੇ ਇਹਨਾਂ ਵਿੱਦਿਅਕ ਮੁਕਾਬਲਿਆਂ ਨੂੰ ਲੋਕਾਂ ਨੇ ਅੱਖੀਂ ਦੇਖਿਆ। ਅਧਿਆਪਕ ਸਹਿਬਾਨ ਦੁਆਰਾ ਸਕੂਲਾਂ ਵਿੱਚ ਕਰਵਾਈ ਜਾਂਦੀ ਮਿਹਨਤ ਨਤੀਜਿਆਂ ਵਿੱਚ ਆਪ ਮੁਹਾਰੇ ਨਜਰ ਆਈ। ਵੱਖ ਵੱਖ ਵਿੱਦਿਅਕ ਅਤੇ ਖੇਡਾਂ ਦੇ ਮੁਕਾਬਲਿਆਂ ਵਿੱਚ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਨਿੱਜੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਪਛਾੜਦੇ ਹੋਏ ਆਪਣੇ ਆਪ ਨੂੰ ਪਹਿਲੀਆਂ ਪੁਜੀਸ਼ਨਾਂ ਤੇ ਲਿਆ ਕੇ ਸਿੱਧ ਕਰ ਦਿੱਤਾ ਕਿ ਸਰਕਾਰੀ ਸਕੂਲਾਂ ਵਿੱਚ ਪੜ ਰਹੇ ਇਹ ਵਿਦਿਆਰਥੀ ਕਿਸੇ ਵੀ ਨਿੱਜੀ ਸਕੂਲਾਂ ਦੇ ਵਿਦਿਆਰਥੀਆਂ ਤੋਂ ਘੱਟ ਨਹੀ ਹਨ।

ਇਸ ਵਰੇ ਅਧਿਆਪਕ ਨੇ ਵੀ ਸਰਦੀ ਅਤੇ ਗਰਮੀ ਦੀ ਪ੍ਰਵਾਹ ਕੀਤੇ ਬਗੈਰ ਵਾਧੂ ਸਮੇਂ ਵਿੱਚ  ਕਲਾਸਾਂ ਲਗਾ ਕੇ ਵਿਦਿਆਰਥੀਆਂ ਨੂੰ ਚੰਗੇ ਨੰਬਰ ਲਿਆਉਣ ਲਈ ਦਿਨ-ਰਾਤ ਇੱਕ ਕਰ ਦਿੱਤਾ। ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਨੇ ਗਰਮੀ ਅਤੇ ਸਰਦੀ ਦੀਆਂ ਛੁੱਟੀਆਂ ਵਿਚ ਵੀ ਆਪਣੇ ਆਪ ਨੂੰ ਇਹਨਾਂ ਬੱਚਿਆਂ ਲਈ ਸਮਰਪਿਤ ਕਰ ਦਿੱਤਾ। ਜਿਸ ਨਾਲ ਲੋਕਾਂ ਦੇ ਮਨਾਂ ਅੰਦਰ ਇੱਕ ਵਾਰ ਫਿਰ ਤੋਂ ਸਰਕਾਰੀ ਸਕੂਲਾਂ ਪ੍ਰਤੀ ਵਿਸ਼ਵਾਸ ਜਾਗਿਆ ਅਤੇ ਉਹਨਾਂ ਨੇ ਆਪਣੇ ਬੱਚੇ ਮਹਿੰਗੀਆਂ ਫੀਸਾਂ ਵਾਲੇ ਸਕੂਲਾਂ ਤੋਂ ਹਟਾ ਕੇ ਸਰਕਾਰੀ ਸਕੂਲਾਂ ਵਿਚ ਦਾਖਲ ਕਰਵਾ ਦਿੱਤੇ ਅਤੇ ਇਹ ਦਾਖਲਾ ਲਗਾਤਾਰ ਜਾਰੀ ਹੈ। ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿਚ ਪ੍ਰੀ ਪ੍ਰਾਇਮਰੀ ਜਮਾਤਾਂ ਸੁਰੂ ਕਰਨਾ ਇੱਕ ਬਹੁਤ ਹੀ ਵਧੀਆ ਉਪਰਾਲਾ ਹੈ। ਜਿਸ ਵਿਚ 3-6 ਸਾਲ ਦੇ ਵਿਦਿਆਰਥੀਆਂ ਨੂੰ ਆਧੁਨਿਕ ਤਕਨੀਕਾਂ ਨਾਲ ਪੜਾਇਆ ਜਾ ਰਿਹਾ ਹੈ ਅਤੇ ਸਮੇਂ-ਸਮੇਂ ਤੇ ਸਿੱਖਿਅਤ ਅਧਿਆਪਕਾਂ ਦੁਆਰਾ ਇਹਨਾਂ ਨੂੰ ਬਿਹਤਰੀਨ ਸਿੱਖਿਆ ਦਿੱਤੀ ਜਾ ਰਹੀ ਹੈ।

ਸਿੱਖਿਆ ਵਿਭਾਗ ਵੱਲੋਂ ਸਕੂਲਾਂ ਵਿੱਚ ਈ ਕੰਟੈਂਟ ਰਾਹੀਂ ਪੜਾਈ, ਰੋਜਾਨਾ ਭੇਜੇ ਜਾਣ ਵਾਲੇ ਸਿਲੇਬਸ ਦੇ ਨਾਲ ਨਾਲ, ਰੋਜਾਨਾ ਦੀ ਸਵੇਰ ਦੀ ਸਭਾ ਲਈ ਪੂਰੇ ਪੰਜਾਬ ਲਈ ਇਕਸਾਰਤਾ ਲਿਆਉਣ ਲਈ ਸਲਾਈਡ ਅਤੇ ਉਡਾਣ ਵਰਗੇ ਨਵੇਂ ਕਾਰਜਾਂ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਵਿੱਚ ਇੱਕ ਨਵੀਂ ਰੂਹ ਫੂਕ ਦਿੱਤੀ ਹੈ। ਰੋਜਾਨਾ ਬੱਚਿਆਂ ਨੂੰ 5 ਅੰਗਰੇਜੀ ਦੇ ਨਵੇਂ ਸਬਦ, ਬੁਝਾਰਤਾਂ, ਆਮ ਗਿਆਨ ਦੇ ਨਾਲ ਨਾਲ ਪੰਜਾਬੀ, ਹਿੰਦੀ, ਅੰਗਰੇਜੀ, ਗਣਿਤ ਅਤੇ ਵਾਤਾਵਰਨ ਨਾਲ ਸਬੰਧਿਤ ਪ੍ਰਸ਼ਨੋਤਰੀ ਵਿਦਿਆਰਥੀਆਂ ਦੇ ਗਿਆਨ ਵਿੱਚ ਵਾਧਾ ਕਰਨ ਲਈ ਬਹੁਤ ਹੀ ਲਾਹੇਵੰਦ ਸਾਬਤ ਹੋ ਰਹੇ ਹਨ। ਇਸ ਸਮੇਂ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੇ ਆਪਣੇ ਸਕੂਲਾਂ ਅੰਦਰ ਦਾਖਲਾ ਵਧਾਉਣ ਲਈ ਪੂਰੀ ਤਰਾਂ ਕਮਰ ਕੱਸੀ ਹੋਈ ਹੈ। ਅਧਿਆਪਕ ਅੱਜ-ਕਲ ਆਮ ਹੀ ਸਵੇਰ ਜਾਂ ਸ਼ਾਮ ਦੇ ਸਮੇਂ ਲੋਕਾਂ ਦੇ ਘਰਾਂ ਵਿੱਚ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਅੰਦਰ ਦਾਖਲ ਕਰਵਾਉਣ ਲਈ ਪ੍ਰੇਰਿਤ ਕਰਦੇ ਨਜਰ ਆਉਂਦੇ ਹਨ। ਇਥੇ ਹੀ ਬਸ ਨਹੀਂ ਆਮ ਤੌਰ ਤੇ ਹੀ ਸਰਕਾਰੀ ਸਕੂਲਾਂ ਦੇ ਇਹ ਅਧਿਆਪਕ ਆਪਣੇ ਵਿਦਿਆਰਥੀਆਂ ਨਾਲ ਕਿਸੇ ਵੀ ਤਰਾਂ ਦੇ ਮੁਕਾਬਲੇ ਦੀ ਚੁਣੌਤੀ ਦਿੰਦੇ ਹਨ।

ਕਿਉਂਕਿ ਉਹਨਾਂ ਨੂੰ ਸਰਕਾਰੀ ਸਕੂਲਾਂ ਵਿਚ ਪੜ ਰਹੇ  ਵਿਦਿਆਰਥੀਆਂ ਦੀ ਮਿਹਨਤ ਅਤੇ ਆਪਣੀ ਕਾਬਲੀਅਤ ਤੇ ਪੂਰਾ ਭਰੋਸਾ ਹੈ। ਇਸ ਵਾਰ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀ ਵੀ ਇਸ ਕੰਮ ਵਿੱਚ ਉਹਨਾਂ ਦਾ ਪੂਰੀ ਤਰਾਂ ਸਾਥ ਦੇ ਰਹੇ ਹਨ ਅਤੇ ਪਿੰਡਾਂ ਦੀਆਂ ਪੰਚਾਇਤਾਂ ਦਾ ਇਕੱਠ ਕਰਕੇ ਵਿਦਿਆਰਥੀਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸ ਕਾਰਜ ਵਿੱਚ ਜਿਲਾ ਸਿੱਖਿਆ ਅਫਸਰ ਸੈਕੰਡਰੀ ਬਲਬੀਰ ਸਿੰਘ, ਜਿਲਾ ਸਿੱਖਿਆ ਅਫਸਰ  ਐਲੀਮੈਂਟਰੀ ਸਿੱਖਿਆ ਇੰਜੀ. ਸੰਜੀਵ ਗੌਤਮ ਦੇ ਨਾਲ-ਨਾਲ ਸਮੂਹ ਪ੍ਰਿੰਸੀਪਲ, ਸਮੂਹ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਅਤੇ ਸਮੂਹ ਪੜੋ ਪੰਜਾਬ ਟੀਮ ਅਧਿਆਪਕ ਸਹਿਬਾਨ ਨਾਲ ਮੋਢੇ ਨਾਲ ਮੋਢਾ ਜੋੜ ਕੇ ਇਸ ਮੁਹਿੰਮ ਵਿਚ ਉਹਨਾਂ ਦਾ ਸਾਥ ਦੇ ਰਹੇ ਹਨ। ਉਮੀਦ ਹੈ ਕਿ ਸਰਕਾਰੀ ਸਕੂਲ ਪਹਿਲਾਂ ਦੀ ਤਰਾਂ ਆਪਣੀ ਸਾਨ ਬਰਕਰਾਰ ਰੱਖਣ ਵਿੱਚ ਜਰੂਰ ਸਫਲ ਹੋਣਗੇ।

LEAVE A REPLY

Please enter your comment!
Please enter your name here