ਕੋਵਿਡ-19 ਦੇ 106 ਹੋਰ ਮਰੀਜ਼ਾਂ ਨੂੰ ਇਲਾਜ ਉਪਰੰਤ ਮਿਲੀ ਛੁੱਟੀ

ਜਲੰਧਰ (ਦ ਸਟੈਲਰ ਨਿਊਜ਼)। ਜਲੰਧਰ ਵਿਖੇ ਅੱਜ 106 ਕੋਵਿਡ –19 ਤੋਂ ਪ੍ਰਭਾਵਿਤ ਮਰੀਜ਼ਾਂ ਨੂੰ ਇਲਾਜ ਉਪਰੰਤ ਛੁੱਟੀ ਦਿੱਤੀ ਗਈ। ਇਸ ਤਰਾਂ ਹੁਣ ਤੱਕ ਜਲੰਧਰ ਵਿਖੇ 3006 ਮਰੀਜ਼ ਤੰਦਰੁਸਤ ਹੋ ਚੁੱਕੇ ਹਨ। ਜ਼ਿਨਾਂ 106 ਮਰੀਜ਼ਾਂ ਨੂੰ ਅੱਜ ਛੁੱਟੀ ਦਿੱਤੀ ਗਈ ਉਨਾਂ ਵਿੱਚ ਸਿਵਲ ਹਸਪਤਾਲ ਤੋਂ 16, ਕੋਵਿਡ ਕੇਅਰ ਸੈਂਟਰ ਤੋਂ 27 ਅਤੇ ਵੱਖ-ਵੱਖ ਪ੍ਰਾਈਵੇਟ ਹਸਪਤਾਲਾਂ ਤੋਂ 19 ਤੇ ਹੋਮ ਕੁਅਰੰਟੀਨ ਦਾ ਸਮਾਂ ਪੂਰਾ ਕਰਨ ਵਾਲੇ 44 ਮਰੀਜ਼ ਸ਼ਾਮਿਲ ਹਨ। ਛੁੱਟੀ ਮਿਲਣ ਉਪਰੰਤ ਇਨਾਂ ਮਰੀਜ਼ਾਂ ਵਲੋਂ ਸਿਵਲ ਹਸਪਤਾਲ ਅਤੇ ਕੋਵਿਡ ਕੇਅਰ ਸੈਂਟਰ ਤੋਂ ਬਾਹਰ ਆਉਂਦਿਆਂ ਡਾਕਟਰਾਂ ਅਤੇ ਮੈਡੀਕਲ ਅਮਲੇ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਜਿਨਾਂ ਨੇ ਉਨਾਂ ਦੀ ਚੰਗੀ ਤਰਾਂ ਦੇਖਭਾਲ ਕੀਤੀ।

Advertisements

ਉਨਾਂ ਵਲੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੁਆਰਾ ਮਿਆਰੀ ਇਲਾਜ ਮੁਹੱਈਆ ਕਰਵਾਉਣ ਲਈ ਕੀਤੇ ਗਏ ਸੁਚੱਜੇ ਪ੍ਰਬੰਧਾਂ ਦੀ ਵੀ ਭਰਪੂਰ ਸ਼ਲਾਘਾ ਕੀਤੀ ਗਈ। ਡਿਪਟੀ ਕਮਿਸ਼ਨਰ ਜਲੰਧਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਜ਼ਿਲੇ ਵਿੱਚ ਕੇਸ ਵੱਧਣ ਦੇ ਬਾਵਜੂਦ ਜ਼ਿਲਾ ਪ੍ਰਸ਼ਾਸਨ ਵਲੋਂ ਪੂਰੇ ਜ਼ੋਰਾਂ ਨਾਲ ਟੈਸਟਾਂ ਰਾਹੀਂ ਪ੍ਰਭਾਵਿਤ ਮਰੀਜ਼ਾਂ ਦੀ ਪਹਿਚਾਣ ਕਰਕੇ ਸੁਚਾਰੂ ਕਲੀਨਿਕਲ ਪ੍ਰਬੰਧਨ ਲਈ ਠੋਸ ਯਤਨ ਕੀਤੇ ਜਾ ਰਹੇ ਹਨ। ਸ੍ਰੀ ਥੋਰੀ ਨੇ ਕਿਹਾ ਕਿ ਜੇਕਰ ਕਿਸੇ ਨੂੰ ਬਿਮਾਰੀ ਦੇ ਲੱਛਣ ਦਿਖਾਈ ਦਿੰਦੇ ਹਨ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਉਨਾਂ ਦੱਸਿਆ ਕਿ ਕੋਵਿਡ-19 ਦੀ ਲਾਗ ਤੋਂ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ।  ਉਨਾਂ ਕਿਹਾ ਕਿ ਮਾਸਕ ਪਹਿਨਣ ਨਾਲ ਲਾਗ ਦੇ ਖ਼ਤਰੇ ਨੂੰ ਘਟਾਇਆ ਜਾ ਸਕਦਾ ਹੈ । ਉਨਾਂ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਕੋਵਿਡ-19 ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਮਾਸਕ ਜਰੂਰ ਪਾਇਆ ਜਾਵੇ।

LEAVE A REPLY

Please enter your comment!
Please enter your name here