ਸਰਕਾਰ ਨੇ “ਨੋ ਤੰਬਾਕੂ ਡੇਅ” ਮੌਕੇ ਤੰਬਾਕੂ ਮੁਕਤ ਕਾਰਜ-ਸਥਾਨ ਮੁਹਿੰਮ ਦਾ ਕੀਤਾ ਆਗਾਜ਼

ਚੰਡੀਗੜ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਨੇ ਤੰਬਾਕੂ ਦੀ ਵਰਤੋਂ ਨੂੰ ਖਤਮ ਕਰਨ ਅਤੇ ਬੱਚਿਆਂ ਅਤੇ ਨੌਜਵਾਨਾਂ ਨੂੰ ਇਸ ਤੋਂ ਬਚਾਉਣ ਅਤੇ ਕੰਮ ਵਾਲੀਆਂ ਥਾਵਾਂ ਨੂੰ ਤੰਬਾਕੂ ਮੁਕਤ ਕਰਨ ਲਈ ਤੰਬਾਕੂ ਮੁਕਤ ਕਾਰਜ ਸਥਾਨ ਵਿਸ਼ੇ ਹੇਠ ਇੱਕ ਮੁਹਿੰਮ ਸ਼ੁਰੂ ਕੀਤੀ ਹੈ।

Advertisements

ਵੇਰਵਿਆਂ ਦਿੰਦਿਆਂ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬ 1 ਨਵੰਬਰ ਨੂੰ ਪੰਜਾਬ ਸਟੇਟ ਨੋ ਤੰਬਾਕੂ ਡੇਅ ਮਨਾਉਣ ਵਾਲਾ ਦੇਸ਼ ਦਾ ਪਹਿਲਾ ਸੂਬਾ ਹੈ। ਮੁਹਿੰਮ ਦਾ ਵਿਸ਼ਾ “ਤੰਬਾਕੂ ਮੁਕਤ ਕਾਰਜ-ਸਥਾਨ“ ਹੈ। ਪੰਜਾਬ ਈ-ਸਿਗਰੇਟ, ਹੁੱਕਾ ਬਾਰਾਂ `ਤੇ ਸਮੇਂ ਸਿਰ ਪਾਬੰਦੀ ਲਗਾ ਕੇ ਅਤੇ ਕਾਲਜਾਂ / ਯੂਨੀਵਰਸਿਟੀਆਂ ਦੇ ਹੋਸਟਲਾਂ ਨੂੰ ਤੰਬਾਕੂ ਮੁਕਤ ਘੋਸ਼ਿਤ ਕਰਕੇ ਨੌਜਵਾਨਾਂ ਵੱਲ ਧਿਆਨ ਕੇਂਦਰਤ ਕਰਨ ਵਾਲਾ ਇਕ ਮੋਹਰੀ ਸੂਬਾ ਵੀ ਹੈ। ਰਾਜ ਤੰਬਾਕੂ ਦੀ ਸਮੱਸਿਆ ਨੂੰ ਠੱਲ ਪਾਉਣ ਲਈ ਯਤਨ ਜਾਰੀ ਰੱਖੇਗਾ ਕਿਉਂਕਿ ਇਹ ਛੋਟੇ ਬੱਚਿਆਂ ਅਤੇ ਨੌਜਵਾਨਾਂ ਨੂੰ ਤੰਬਾਕੂ ਦੇ ਸੇਵਨ ਤੋਂ ਰੋਕਣ ਅਤੇ ਮੌਜੂਦਾ ਸਮੇਂ ਇਸਦਾ ਸੇਵਨ ਕਰ ਰਹੇ ਉਪਭੋਗਤਾਵਾਂ ਨੂੰ ਤੰਬਾਕੂ ਛੱਡਣ ਲਈ ਪ੍ਰੇਰਿਤ ਕਰੇਗਾ।

ਉਨਾਂ ਕਿਹਾ ਕਿ ਇਸ ਮੁਹਿੰਮ ਦਾ ਉਦੇਸ਼ ਸਾਰੇ ਦਫਤਰਾਂ ਨੂੰ ਤੰਬਾਕੂ ਮੁਕਤ ਬਣਾਉਣਾ ਅਤੇ ਤੰਬਾਕੂ ਦੀ ਵਰਤੋਂ ਨਾ ਕਰਨ ਵਾਲਿਆਂ ਨੂੰ ਕੰਮ ਵਾਲੀਆਂ ਥਾਵਾਂ `ਤੇ ਤੰਬਾਕੂ ਦੇ ਧੂੰਏਂ ਤੋਂ ਬਚਾਉਣਾ ਹੈ। ਉਨਾਂ ਕਿਹਾ ਕਿ ਸਿਹਤ ਵਿਭਾਗ, ਪੰਜਾਬ ਨੇ ਤੰਬਾਕੂ ਕੰਟਰੋਲ ਨੂੰ ਇੱਕ ਫਲੈਗਸ਼ਿਪ ਪ੍ਰੋਗਰਾਮ ਵਜੋਂ ਲਿਆ ਹੈ। ਰਾਜ ਦੇ ਸਾਰੇ 22 ਜ਼ਿਲਿਆਂ ਨੂੰ ਤੰਬਾਕੂਨੋਸ਼ੀ ਮੁਕਤ ਘੋਸ਼ਿਤ ਕੀਤਾ ਗਿਆ ਹੈ। ਕੁੱਲ 739 ਪਿੰਡਾਂ ਨੇ ਆਪਣੇ ਆਪ ਨੂੰ ਤੰਬਾਕੂ ਮੁਕਤ ਘੋਸ਼ਿਤ ਕੀਤਾ ਹੈ। ਹਾਲਾਂਕਿ, ਸਾਲ 2019-20 ਦੌਰਾਨ, ਸਿਗਰੇਟ ਅਤੇ ਹੋਰ ਤੰਬਾਕੂ ਉਤਪਾਦਾਂ ਐਕਟ, 2003 (ਕੋਟਪਾ 2003) ਦੇ ਤਹਿਤ ਉਲੰਘਣਾ ਕਰਨ ਵਾਲਿਆਂ ਵਿਰੁੱਧ 21,581  ਚਲਾਨ ਜਾਰੀ ਕੀਤੇ ਗਏ ਹਨ। ਸਾਰੇ ਜ਼ਿਲਿਆਂ ਵਿਚ ਤੰਬਾਕੂ ਛੁਡਾਊ ਕੇਂਦਰ ਸਥਾਪਤ ਕੀਤੇ ਗਏ ਹਨ। ਇਨਾਂ ਕੇਂਦਰਾਂ ਵਿੱਚ ਮੁਫਤ ਕਾਉਂਸਲਿੰਗ ਸੇਵਾਵਾਂ ਅਤੇ ਤੰਬਾਕੂ ਛੱਡਣ ਵਾਲੀਆਂ ਦਵਾਈਆਂ ਜਿਵੇਂ ਬੁਪਰੋਪਾਈਨ ਗੋਲੀ, ਨਿਕੋਟੀਨ ਗਮ ਅਤੇ ਪੈਚਸ ਮੁਹੱਈਆ ਕਰਵਾਏ ਜਾ ਰਹੇ ਹਨ।

ਸਾਲ 2019-20 ਵਿਚ ਕੁੱਲ 20,239 ਤੰਬਾਕੂ ਉਪਭੋਗਤਾਵਾਂ ਨੇ ਇਨਾਂ ਕੇਂਦਰਾਂ `ਤੇ ਸੇਵਾਵਾਂ ਪ੍ਰਾਪਤ ਕੀਤੀਆਂ ਹਨ। ਤੰਬਾਕੂ ਦੀ ਵਰਤੋਂ ਨੂੰ ਵਿਸ਼ਵ ਪੱਧਰ `ਤੇ ਜਨਤਕ ਸਿਹਤ ਲਈ ਇੱਕ ਵੱਡਾ ਖਤਰਾ ਦੱਸਦਿਆਂ ਉਨਾਂ ਕਿਹਾ ਕਿ ਤੰਬਾਕੂਨੋਸ਼ੀ ਕਰਨ ਵਾਲੇ ਸਭ ਤੋਂ ਪਹਿਲਾਂ ਮਾਰੂ ਬਿਮਾਰੀਆਂ ਅਤੇ ਜਲਦੀ ਮੌਤ ਦਾ ਸ਼ਿਕਾਰ ਹੁੰਦੇ ਹਨ ਅਤੇ ਦੂਜਾ ਤੰਬਾਕੂ ਦਾ ਸੇਵਨ ਕਰਨ ਵਾਲਿਆਂ ਵੱਲੋਂ  ਜਨਤਕ ਥਾਵਾਂ `ਤੇ ਥੁੱਕਣ ਕਰਕੇ ਇਨਫੈਕਸ਼ਨ ਫੈਲਣ ਨਾਲ ਸਿਹਤ ਸਮੱਸਿਆਵਾਂ ਹੋਣ ਦਾ ਖ਼ਤਰਾ ਵੀ ਵਧ ਜਾਂਦਾ ਹੈ। ਉਨਾਂ ਪੰਜਾਬ ਦੇ ਸਾਰੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਜਨਤਕ ਥਾਵਾਂ `ਤੇ ਤੰਬਾਕੂ ਦੀ ਵਰਤੋਂ ਜਾਂ ਤੰਬਾਕੂ ਨਾ ਥੁੱਕਣ ਕਿਉਂਕਿ ਇਸ ਦੀ ਭਾਰਤੀ ਦੰਡਾਵਲੀ, 1860 ਦੀ ਧਾਰਾ 268, 269 ਅਤੇ 278 ਤਹਿਤ ਮਨਾਹੀ ਹੈ। ਇਸ ਮੁਹਿੰਮ ਤਹਿਤ ਉਲੰਘਣਾ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਉਨਾਂ ਕਿਹਾ ਕਿ ਸਮੂਹ ਸਰਕਾਰੀ ਦਫਤਰਾਂ ਨੂੰ ਤੰਬਾਕੂ ਮੁਕਤ ਘੋਸ਼ਿਤ ਕਰਨ ਅਤੇ ਤੰਬਾਕੂ ਵਿਰੋਧੀ ਕਾਨੂੰਨਾਂ ਨੂੰ ਸਖਤੀ ਨਾਲ ਲਾਗੂ ਕਰਨ ਲਈ 1 ਨਵੰਬਰ ਤੋਂ 7 ਨਵੰਬਰ 2020 ਤੱਕ ਇੱਕ ਵਿਸ਼ੇਸ਼ ਹਫ਼ਤਾ ਭਰ ਚੱਲਣ ਵਾਲੀ ਮੁਹਿੰਮ ਚਲਾਈ ਜਾਏਗੀ। ਉਨਾਂ ਕਿਹਾ ਕਿ ਜ਼ਿਲਾ ਪੱਧਰ ‘ਤੇ ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਨੂੰ ਤੰਬਾਕੂ ਮੁਕਤ ਐਲਾਨਿਆ ਜਾਵੇਗਾ।

LEAVE A REPLY

Please enter your comment!
Please enter your name here