ਪਾਲਤੂ ਜਾਨਵਰਾਂ ਦੀ ਰਜਿਸਟਰੇਸ਼ਨ ਨੂੰ ਯਕੀਨੀ ਬਣਾਇਆ ਜਾਵੇ: ਡੀ ਸੀ

dc meeting
ਹੁਸ਼ਿਆਰਪੁਰ, 1 ਅਕਤੂਬਰ: ਡਿਪਟੀ ਕਮਿਸ਼ਨਰ-ਕਮ-ਚੇਅਰਪਰਸਨ ਐਸ ਪੀ ਸੀ ਏ (ਸੁਸਾਇਟੀ ਫਾਰ ਪ੍ਰੀਵੈਂਸ਼ਨ ਆਫ਼ ਕਰੂਐਲਿਟੀ ਟੂ ਐਨੀਮਲਜ਼) ਸ੍ਰੀਮਤੀ ਅਨਿੰਦਿਤਾ ਮਿਤਰਾ ਦੀ ਪ੍ਰਧਾਨਗੀ ਹੇਠ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਅਵਾਰਾ ਪਸ਼ੂਆਂ ਦੇ ਰੱਖ-ਰਖਾਓ ਸਬੰਧੀ ਇੱਕ ਵਿਸ਼ੇਸ਼ ਮੀਟਿੰਗ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪਸ਼ੂਆਂ ਲਈ ਨਵੇਂ ਸ਼ੈਲਟਰ ਬਣਾਏ ਜਾਣ ਅਤੇ ਐਨੀਮਲ ਬਰਥ ਕੰਟਰੋਲ ਪ੍ਰੋਗਰਾਮ ਨੂੰ ਲਾਗੂ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪਾਲਤੂ ਜਾਨਵਰਾਂ ਦੀ ਰਜਿਸਟਰੇਸ਼ਨ ਨੂੰ ਯਕੀਨੀ ਬਣਾਇਆ ਜਾਵੇ ਅਤੇ ਇਸ ਨੂੰ ਮੁਹਾਲੀ ਪੈਟਰਨ ਵਾਂਗ ਲਾਗੂ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਐਸ ਪੀ ਸੀ ਏ ਦੀ ਰਜਿਸਟਰੇਸ਼ਨ, ਐਨੀਮਲ ਵੈਲਫੇਅਰ ਬੋਰਡ ਆਫ਼ ਇੰਡੀਆ ਨਾਲ ਕਰਾਉਣ ਹਿੱਤ ਉਹ ਨਿੱਜੀ ਪੱਧਰ ‘ਤੇ ਉਪਰਾਲੇ ਕਰ ਰਹੇ ਹਨ ਤਾਂ ਕਿ ਬੋਰਡ ਤੋਂ ਇਨ੍ਹਾਂ ਕੰਮਾਂ ਲਈ ਵਿੱਤੀ ਸਹਾਇਤਾ ਲਈ ਜਾ ਸਕੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਾਨਵਰਾਂ ‘ਤੇ ਅਤਿਆਚਾਰ ਜਿਵੇਂ ਕਿ ਮਾਰ ਕੁਟ, ਸਮਰੱਥਾ ਤੋਂ ਵੱਧ ਭਾਰ ਲੱਦਣਾ, ਤੇਜ਼ ਦੌੜਾਣਾ ਅਤੇ ਅਣਚਾਹੀ ਤਕਲੀਫ਼ ਨਾ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਜਾਨਵਰਾਂ ਦੇ ਬੀਮਾਰ ਅਤੇ ਬੁੱਢੇ ਹੋਣ ਦੇ ਬਾਵਜੂਦ ਕੰਮ ਲੈਣਾ, ਪਸ਼ੂਆਂ ਨੂੰ ਅਜਿਹੀ ਤੰਗ ਜਗ੍ਹਾ ਤੇ ਰੱਖਣਾ ਜਿਥੇ ਉਨ੍ਹਾਂ ਦੀ ਲੰਬਾਈ-ਚੌੜਾਈ ਅਤੇ ਉਚਾਈ ਦੇ ਹਿਸਾਬ ਨਾਲ ਸਹੀ ਮੂਵਮੈਂਟ ਨਾ ਹੋਵੇ, ਕਿਸੇ ਭਾਰੀ ਚੇਨ / ਸੰਗਲ ਨਾਲ ਜਕੜਨਾ ਆਦਿ ਤੋਂ ਵੀ ਗੁਰੇਜ਼ ਕੀਤਾ ਜਾਵੇ। ਇਸ ਮੌਕੇ ‘ਤੇ ਜੇਜੋਂ ਗਊਸ਼ਾਲਾ ਦੇ ਪ੍ਰਤੀਨਿੱਧ ਮੋਹਨ ਲਾਲ ਨੇ ਬੀਮਾਰ ਪਸ਼ੂਆਂ ਲਈ ਸਸਤੇ ਰੇਟਾਂ ‘ਤੇ ਜ਼ਿਲ੍ਹਾ ਪੱਧਰ ‘ਤੇ ਦਵਾਈਆਂ ਮੁਹੱਈਆ ਕਰਾਉਣ ਲਈ ਇੱਕ ਸਟੋਰ ਖੋਲ੍ਹਣ ਲਈ ਸੁਝਾਅ ਦਿੱਤਾ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਹਰਬੀਰ ਸਿੰਘ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਦਿਨੇਸ਼ ਵਸ਼ਿਸ਼ਟ,  ਡਿਪਟੀ ਡਾਇਰੈਕਟਰ ਡੇਅਰੀ ਹਰਸ਼ਰਨ ਸਿੰਘ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾ. ਰਮੇਸ਼ ਕੁਮਾਰ ਜਸਵਾਲ, ਕਾਰਜਸਾਧਕ ਅਫ਼ਸਰ ਨਗਰ ਨਿਗਮ ਰਕੇਸ਼ ਕੁਮਾਰ, ਐਸ ਪੀ ਸੀ ਏ ਦੇ ਕਾਰਜਕਾਰੀ ਮੈਂਬਰ ਪੰਕਜ ਨਾਥ ਮਹਿਤਾ, ਸਹਾਇਕ ਨਿਰਦੇਸ਼ਕ ਡਾ. ਹਰਮੇਸ਼ ਕੁਮਾਰ, ਡਾ. ਰਾਜੀਵ ਬਾਲੀ, ਡਾ. ਵੀ ਕੇ ਸ਼ਰਮਾ, ਡਾ. ਜਗਤਾਰ ਸਿੰਘ, ਡਾ. ਮਨਮੋਹਨ ਦਰਦੀ, ਸੁਰਿੰਦਰ ਸਿੰਘ, ਅਰੁਣ ਸ਼ਰਮਾ, ਠਾਕਰ ਭਰਤ ਸਿੰਘ ਅਤੇ ਸਬੰਧਤ ਅਧਿਕਾਰੀ ਹਾਜ਼ਰ ਸਨ।

Advertisements

LEAVE A REPLY

Please enter your comment!
Please enter your name here