ਸੰਸਾਰ ਅਪਾਹਜ ਦਿਵਸ ਤੇ ਵਿਸ਼ੇਸ਼ ਨਜ਼ਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)।  ਅੱਜ ਦੇ ਪਦਾਰਥਵਾਦੀ ਯੁੱਗ ਵਿੱਚ ਦੌੜ ਰਿਹਾ ਮਨੁੱਖ, ਇਸ ਗੱਲ ਤੋਂ ਬੇਖਬਰ ਹੈ ਕਿ ਮਨੁੱਖੀ ਸਰੀਰ ਵਿੱਚ ਕਿਸੇ ਵੀ ਕਿਸਮ ਦੀ ਘਾਟ ਕਿੰਨੀ ਮਾੜੀ ਹੋ ਸਕਦੀ ਹੈ, ਇਹ ਸਭ ਪੱਖਾਂ ਤੋਂ ਤੰਦਰੁਸਤ ਵਿਅਕਤੀ ਦੇ ਸਪਨੇ ਵਿੱਚ ਵੀ ਖਿਆਲ ਨਹੀਂ ਆਉਂਦਾ। ਮਨੁੱਖੀ ਸਰੀਰ ਵਿੱਚ ਕਿਸੇ ਵੀ ਪ੍ਰਕਾਰ ਦੀ ਘਾਟ ਨੂੰ, ਜਿਸ ਨਾਲ ਰੋਜ਼ਾਨਾ ਜਿੰਦਗੀ ਦੇ ਆਮ ਕੰਮ ਕਰਨ ਵਿੱਚ ਮੁਸ਼ਕਲ ਪੇਸ਼ ਆਵੇ, ਅਪੰਗਤਾ ਕਿਹਾ ਜਾਂਦਾ ਹੈ। ਜਿਵੇਂ ਬੋਲਣ, ਚੱਲਣ,  ਸੁਣਨ ਅਤੇ ਸਮਝਣ ਆਦਿ। ਜਦੋਂ ਅਸੀਂ ਅੰਗਹੀਣਤ ਦੀ ਗੱਲ ਕਰਦੇ ਹਾਂ ਤਾਂ ਪੀੜਿਤ ਵਿਅਕਤੀ ਲਈ ਤਿੰਨ ਸ਼ਬਦਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ, ਖਰਾਬੀ, ਅਯੋਗਤਾ ਅਤੇ ਅੰਗਹੀਣਤਾ। ਇਹਨਾਂ ਸ਼ਬਦਾਂ ਦਾ ਆਪਸੀ ਸਬੰਧ ਹੈ ਅਤੇ ਇਨਾਂ ਨੂੰ ਇਕ ਦੂਜੇ ਤੋਂ ਵੱਖ ਕਰਕੇ ਸਪਸ਼ਟ ਰੂਪ ਵਿੱਚ ਸਮਝਣਾ ਅਤਿ ਕਠਿਨ ਹੀ ਨਹੀਂ ਬਲਕਿ ਅਸੰਭਵ ਵੀ ਹੈ, ਭਾਵ ਦ੍ਰਿਸ਼ਟੀ ਤੋਂ ਇਹਨਾਂ ਤਿੰਨਾ ਦਾ ਡੂੰਘਾ ਸਬੰਧ ਹੈ ਅਤੇ ਇਹ ਇਕ ਦੂਜੇ ਦੇ ਪੂਰਕ ਹਨ।

Advertisements

ਅੱਜ 3 ਦਸੰਬਰ ਨੂੰ ਸੰਸਾਰ ਭਰ ਵਿੱਚ ਕੌਮਾਂਤਰੀ ਪੱਧਰ ‘ਤੇ ”ਸੰਸਾਰ ਅੰਗਹੀਣ ਦਿਵਸ ਮਨਾਇਆ ਜਾ ਰਿਹਾ ਹੈ। ਜਿਸ ਦਾ ਉਦੇਸ਼ ਅੰਗਹੀਣ ਵਿਅਕਤੀਆਂ ਦੀਆਂ ਵਿਸ਼ੇਸ਼ ਲੋੜਾਂ ਬਾਰੇ ਜਾਗਰੂਕਤਾ ਫੈਲਾਉਣਾ ਅਤੇ ਆਮ ਲੋਕਾਂ ਵਿੱਚ ਉਹਨਾਂ ਪ੍ਰਤੀ ਸੰਵੇਦਨਾ ਜਗਾਉਣ ਦੇ ਨਾਲ- ਨਾਲ ਇਸ ਵਰਗ ਨੂੰ ਮੁੱਖ ਧਾਰਾ ਨਾਲ ਜੋੜਨਾ ਵੀ ਹੈ। ਹਰ ਸਾਲ ਕਿਸੇ ਨਵੇਂ ਵਿਚਾਰ ਨਾਲ ”ਕੌਮਾਂਤਰੀ ਅਪਾਹਜ ਦਿਹਾੜਾ ਮਨਾਇਆ ਜਾਂਦਾ ਹੈ। ਸਾਲ-2020 ਦਾ ਵਿਚਾਰ ”ਕੋਵਿਡ-19 ਤੋਂ ਬਾਅਦ ਇਕ ਸਥਿਰ, ਸਵੀਕਾਰ ਯੋਗ, ਅਪਾਹਜਾਂ ਸਮੇਤ ਵਧੀਆ ਸੰਸਾਰ ਬਣਾਉਣਾ ਹੈ“।

ਸੰਯੁਕਤ ਰਾਸ਼ਟਰ ਵਲੋਂ ਸਾਲ 1981 ਨੂੰ ” ਅਪਾਹਜ ਵਿਅਕਤੀਆਂ ਦਾ ਕੌਮਾਂਤਰੀ ਸਾਲ“ ਐਲਾਨਿਆ ਗਿਆ ਸੀ ਤਾਂ ਕਿ ਕੌਮਾਂਤਰੀ, ਰਾਸ਼ਟਰੀ ਅਤੇ ਖੇਤਰੀ ਪੱਧਰ ‘ਤੇ ਅਪਾਹਜ ਵਿਅਕਤੀਆਂ ਦੀਆਂ ਸਮੱਸਿਆਵਾਂ ਵੱਲ ਸਰਕਾਰਾਂ ਅਤੇ ਸਮਾਜ ਦਾ ਧਿਆਨ ਕੇਂਦਰਿਤ ਕੀਤਾ ਜਾ ਸਕੇ। ਅਪਾਹਜ ਵਿਅਕਤੀਆਂ ਦੇ ਪੁਨਰ-ਵਾਸ, ਅਪੰਗਤਾ ਦੀ ਰੋਕਥਾਮ, ਤਰੱਕੀ ਅਤੇ ਸਮਾਨਤਾ ਤੇ ਜ਼ੋਰ ਦਿੱਤਾ ਜਾ ਸਕੇ। ਪਹਿਲਾਂ ”ਸੰਸਾਰ ਅਪਾਹਜ ਦਿਵਸ“ ਮਾਰਚ ਮਹੀਨੇ ਦੇ ਤੀਸਰੇ ਐਤਵਾਰ ਨੂੰ ਮਨਾਇਆ ਜਾਂਦਾ ਸੀ। ਸਾਲ 1992 ਤੋਂ ਸੰਯੁਕਤ ਰਾਸ਼ਟਰ ਵਲੋਂ ਹਰ ਸਾਲ 3  ਦਸੰਬਰ ਨੂੰ ”ਕੌਮਾਂਤਰੀ ਅਪਾਹਜ ਦਿਵਸ ਮਨਾਉਣ ਦਾ ਫੈਸਲਾ ਕੀਤਾ ਗਿਆ। ਹੁਣ ਇਸ ਵਾਰ ਅਸੀਂ 39ਵਾਂ ਸੰਸਾਰ ਅਪਾਹਜ ਦਿਵਸ ਮਨਾਉਣ ਜਾ ਰਹੇ ਹਾਂ ਜੋ ਕਿ ਮਹਿਜ਼ ਇਕ ਰਸਮ ਬਣ ਕੇ ਹੀ ਰਹਿ ਗਿਆ ਹੈ ”ਕੌਮੀ ਅਪਾਹਜ ਦਿਵਸ“।
ਯੂ.ਐਨ.ਓ. ਦੀ ਇਕ ਰਿਪੋਰਟ ਅਨੁਸਾਰ ਸੰਸਾਰ ਦੀ 10 ਪ੍ਰਤੀਸ਼ਤ ਅਬਾਦੀ ਸਰੀਰਕ, ਮਾਨਸਿਕ ਅਤੇ ਗੰਭੀਰ ਬਿਮਾਰੀਆਂ ਨਾਲ ਪੀੜਿਤ ਹੈ।ਭਾਰਤ ਵਿੱਚ ਮਰਦਮਸ਼ਮਾਰੀ ਅਨੁਸਾਰ ਸਾਲ 2001 ਤੋਂ 2011 ਤੱਕ ਅਪਾਹਜ ਵਿਅਕਤੀਆਂ ਦੀ ਆਬਾਦੀ ਵਿੱਚ 22.4 ਪ੍ਰਤੀਸ਼ਤ ਵਾਧਾ ਹੋਇਆ ਹੈ। ਸਾਲ 2001 ਵਿੱਚ ਇਹ ਸੰਖਿਆ 2.19 ਕਰੋੜ ਸੀ ਜੋ ਵੱਧ ਕੇ ਸਾਲ 2011 ਵਿੱਚ 2.68 ਕਰੋੜ ਹੋ ਗਈ।ਜਿਸ ਵਿੱਚ 1.5 ਕਰੋੜ ਪੁਰਸ਼ ਅਤੇ 1.18 ਕਰੋੜ ਔਰਤਾਂ ਹਨ।3 ਦਸੰਬਰ 2018 ਨੂੰ ਮਨੁੱਖੀ ਸ੍ਰੋਤ ਮੰਤਰਾਲੇ ਦੇ ਰਾਜ ਮੰਤਰੀ ਨੇ ਕਿਹਾ ਕਿ ਦੇਸ਼ ਵਿੱਚ 12 ਕਰੋੜ ਅੰਗਹੀਣ ਹਨ ਜਿਹਨਾਂ ‘ਚੋਂ ਕੇਵਲ 1 ਪ੍ਰਤੀਸ਼ਤ ਸਕੂਲ ਜਾ ਪਾਉਂਦੇ ਹਨ। ਡਾ:ਆਰ.ਬੀ. ਰਮਨ ਨੇ 2018 ਵਿੱਚ ਕਿਹਾ ਸੀ ਕਿ ਦੁਨੀਆਂ ਭਰ ‘ਚ ਅੰਨੇਪਣ ਦੇ ਸ਼ਿਕਾਰ ਕੁਲ ਵਿਅਕਤੀਆਂ ਵਿੱਚੋਂ 20 ਪ੍ਰਤੀਸ਼ਤ ਇਕੱਲੇ ਭਾਰਤ ਵਿੱਚ ਹਨ, ਜਿਨਾਂ ਦੀ ਗਿਣਤੀ 6 ਕਰੋੜ ਦੇ ਕਰੀਬ ਹੈ, ਇਨਾਂ ਵਿਚੋਂ 4.5 ਕਰੋੜ ਆਂਸ਼ਕ-ਰੂਪ ਵਿੱਚ ਜਦਕਿ 1 ਕਰੋੜ 50 ਲੱਖ ਪੂਰੀ ਤਰਾਂ ਅੰਨੇਪਨ ਦਾ ਸ਼ਿਕਾਰ ਹਨ। ਪੰਜਾਬ ਵਿੱਚ ਅੰਨੇਪਣ ਦੇ ਸ਼ਿਕਾਰ ਲੋਕਾਂ ਦੀ ਗਿਣਤੀ ਕਰੀਬ 3 ਲੱਖ ਹੈ, ਜਿਨਾਂ ਵਿਚੋਂ ਬਹੁਗਿਣਤੀ ਰੋਗੀ ਕੈਂਸਰ ਰੋਗੀਆਂ ਵਾਂਗ ਹੀ ਮਾਲਵਾ ਖੇਤਰ ਵਿੱਚ ਹਨ। ਇਹ ਅੰਕੜੇ ਕੌਮੀ ਸਰਵੇ ਦੌਰਾਨ ਸਾਹਮਣੇ ਆਏ ਹਨ। ਸਾਲ 2011 ਦੀ ਮਰਦਮਸ਼ਮਾਰੀ ਅਨੁਸਾਰ ਪੰਜਾਬ ਵਿੱਚ 6 ਲੱਖ 54 ਹਜ਼ਾਰ 63 ਅਪਾਹਜ ਵਿਅਕਤੀ ਹਨ ਜਿਨਾਂ ਵਿਚੋਂ ਪੁਰਸ਼ 366376 ਅਤੇ 287782 ਔਰਤਾਂ ਹਨ।

ਮਾਹਿਰਾਂ ਅਨੁਸਾਰ ਵਿਅਕਤੀ ਤਿੰਨ ਪੜਾਵਾਂ ਵਿੱਚ ਅਪਾਹਜ ਹੁੰਦੇ ਹਨ ਜਿਵੇਂ ਜਨਮ ਤੋਂ ਪਹਿਲਾਂ, ਜਨਮ ਸਮੇਂ ਅਤੇ ਜਨਮ ਤੋਂ ਬਾਅਦ। ਡਾਕਟਰਾਂ ਦੇ ਇਕ ਸਰਵੇਅ ਅਨੁਸਾਰ ਜਨਮ ਤੋਂ ਪਹਿਲਾਂ ਅਤੇ ਜਨਮ ਸਮੇਂ 2 ਪ੍ਰਤੀਸ਼ਤ ਤੋਂ ਵੀ ਘੱਟ ਲੋਕ ਅਪਾਹਜ ਹੁੰਦੇ ਹਨ।ਲੋਕਾਂ ਦੀ ਵਧੇਰੇ ਸੰਖਿਆ ਦੇਸ਼ ਦੀ ਉਸਾਰੀ ਅਤੇ ਰੱਖਿਆ ਕਰਦਿਆਂ ਅਪਾਹਜ ਹੋਈ ਹੈ, ਜਿਵੇਂ ਮਜ਼ਦੂਰ, ਕਿਸਾਨ, ਇੰਜੀਨੀਅਰ ਅਤੇ ਸੈਨਿਕ ਆਦਿ। ਅਪੰਗਤਾ ਦੇ ਹੋਰ ਵੀ ਕਈ ਕਾਰਣ  ਹਨ।ਜਿਵੇਂ ਲੜਾਈਆਂ, ਦੁਰਘਟਨਾਵਾਂ, ਬਿਮਾਰੀਆਂ, ਡਾਕਟਰੀ ਸਹੂਲਤਾਂ ਦੀ ਘਾਟ, ਖੇਤੀਬਾੜੀ ਦੇ ਆਧੁਨਿਕ ਯੰਤਰਾਂ ਦੀ ਗਲਤ ਵਰਤੋਂ, ਸੰਤੁਲਿਤ ਭੋਜਨ ਦੀ ਘਾਟ, ਗਰਭਵਤੀ ਮਹਿਲਾਵਾਂ ਦੀ ਉਚਿਤ ਸਮੇਂ ਤੇ ਡਾਕਟਰੀ ਜਾਂਚ ਨਾ ਹੋਣਾ, ਖੇਤੀ ਵਿੱਚ ਕੀਟਨਾਸ਼ਕਾਂ ਦੀ ਵੱਧ ਰਹੀ ਵਰਤੋਂ,  ਉਦਯੋਗਿਕ ਹਾਦਸੇ, ਕੁਦਰਤੀ ਆਫਤਾਂ, ਅਸਰੁੱਖਿਅਤ ਪੀਣ ਵਾਲੇ ਪਾਣੀ ਕਰਕੇ, ਵੱਧ ਰਹੇ ਪ੍ਰਦੂਸ਼ਣ ਅਤੇ ਗਰੀਬੀ ਆਦਿ।

ਬਹੁਤ ਸਾਰੇ ਅੰਗਹੀਣਾਂ ਦੀ ਅੰਗਹੀਣਤਾ ਲਈ ਅਸੀਂ ਸਾਰੇ ਕਿਸੇ ਨਾ ਕਿਸੇ ਰੂਪ ਵਿੱਚ ਜ਼ਿੰਮੇਵਾਰ ਹਾਂ, ਜਿਵੇਂ ਰਿਸ਼ਤੇਦਾਰਾਂ, ਡਾਕਟਰਾਂ ਅਤੇ ਸਰਕਾਰ ਦੇ ਰੂਪ ਵਿੱਚ। ਦੇਸ਼ ਦੀਆਂ ਬਦਹਾਲ ਸਿਹਤ ਸਹੂਲਤਾਂ ਕਾਰਨ ਅਪੰਗਤਾ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਦੇਸ਼ ਵਿੱਚ ਸਰਕਾਰੀ ਤੌਰ ਤੇ ਪ੍ਰਤੀ ਵਿਅਕਤੀ ਸਿਹਤ ਖਰਚ 1657 ਰੁਪਏ ਸਲਾਨਾ ਹੈ। ਸਮਾਜ ਦੇ ਰੋਗੀ ਅੰਗ ਦੇ ਇਲਾਜ਼ ਦੀ ਲੋੜ ਨੂੰ ਮੁੱਖ ਰੱਖਦਿਆਂ ਹੋਇਆਂ ਭਾਰਤ ਦੇ ਸੰਵਿਧਾਨ ਦੇ ਅਨੁਛੇਦ 41 ਅਤੇ 42 ਵਿੱਚ ਅੰਗਹੀਣਾਂ ਦੀ ਭਲਾਈ ਤੇ ਵਧੇਰੇ ਜੋਰ ਦਿੱਤਾ ਗਿਆ ਹੈ। ਸਰਕਾਰ ਨੇ ਇਹਨਾਂ ਲੋਕਾਂ ਦੀ ਜ਼ਿੰਦਗੀ ਨੂੰ ਖੁਸ਼ਗਵਾਰ ਬਣਾਉਣ ਲਈ ਕਈ ਸਹੂਲਤਾਂ ਦਾ ਐਲਾਨ ਕੀਤਾ ਹੋਇਆ ਹੈ ਅਤੇ ਕਈ ਐਕਟ ਵੀ ਬਣਾਏ ਹੋਏ ਹਨ ਪਰ ਇਸ ਦੇ ਬਾਵਜੂਦ ਅਪਾਹਜ ਵਿਅਕਤੀਆਂ ਦਾ ਜੀਵਨ ਤਲਖ਼ ਹਕੀਕਤਾਂ ਦੇ ਪੁੜਾਂ ਵਿਚ ਪਿਸ ਰਿਹਾ ਹੈ। ਅੱਜ ਤੱਕ ਇਹਨਾਂ ਲੋਕਾਂ ਨੂੰ ਭਾਰਤ ਸਰਕਾਰ ਦੀ ਕੰਪਨੀ ਅਲਿਮਕੋ ਜੋ ਅਪਾਹਜ ਵਿਅਕਤੀਆਂ ਲਈ ਨੱਕਲੀ-ਅੰਗ ਤੇ ਹੋਰ ਲੋੜੀਂਦਾ ਸਮਾਨ ਤਿਆਰ ਕਰਕੇ ਮੁਹੱਈਆ ਕਰਦੀ ਹੈ, ਸਾਰਾ ਸਮਾਨ 1980 ਦੇ ਦਹਾਕੇ ਵਾਲਾ ਹੀ ਹੈ। ਸਰਕਾਰ ਨੂੰ ਨੱਕਲੀ ਅੰਗਾਂ ਅਤੇ ਹੋਰ ਸਾਜੋ ਸਮਾਨ ਵਿੱਚ ਵਿਗਿਆਨਕ ਖੋਜ ਨੂੰ ਉਤਸਾਹਿਤ ਕਰਨ ਦੀ ਲੋੜ ਹੈ ਤਾਂ ਕਿ ਉੱਚ ਮਿਆਰੀ ਅਤੇ ਆਧੁਨਿਕ ਤਕਨੀਕ ਨਾਲ ਤਿਆਰ ਕੀਤਾ ਗਿਆ ਸਮਾਨ ਇਹਨਾਂ ਲੋਕਾਂ ਨੂੰ ਮਿਲ ਸਕੇ। ਭਾਰਤ ਸਰਕਾਰ ਵਲੋਂ ਹਰ ਸਾਲ ਇਕ ਅਜਿਹੇ ਖੋਜੀ ਵਿਅਕਤੀ ਨੂੰ ਸਨਮਾਨਤ ਵੀ ਕੀਤਾ ਜਾਂਦਾ ਹੈ।

ਵਧੇਰੇ ਲੋੜ ਇਸ ਗੱਲ ਦੀ ਹੈ ਕਿ ਲੋਕਾਂ ਨੂੰ ਅੰਗਹੀਣ ਹੋਣ ਤੋਂ ਰੋਕਿਆ ਜਾਵੇ ਅਤੇ ਜਿਹੜੇ ਲੋਕ ਅੰਗਹੀਣ ਹੋ ਚੁੱਕੇ ਹਨ ਉਹਨਾਂ ਦਾ ਪੁਨਰਵਾਸ ਕੀਤਾ ਜਾਵੇ। ਅੰਗਹੀਣ ਹੋ ਜਾਣ ‘ਤੇ ਡਾਕਟਰੀ ਸਹੂਲਤਾਂ ਅਤੇ ਹੋਰ ਸੇਵਾਵਾਂ ‘ਤੇ ਜਿਹੜਾ ਖਰਚ ਕੀਤਾ ਜਾਂਦਾ ਹੈ, ਜੇਕਰ ਉਸ ਦਾ ਦਸਵਾਂ ਹਿੱਸਾ ਵੀ ਅਪੰਗਤਾ ਦੇ ਕਾਰਨਾਂ ‘ਤੇ ਖਰਚ ਕੀਤਾ ਜਾਵੇ ਤਾਂ ਚੰਗੇ ਨਤੀਜੇ ਨਿਕਲ ਸਕਦੇ ਹਨ ਅਰਥਾਤ ਪੁਨਰਵਾਸ ਨਾਲੋਂ ਰੋਕਥਾਮ ਸਸਤੀ ਹੈ। 60 ਪ੍ਰਤੀਸ਼ਤ ਤੋਂ 70 ਪ੍ਰਤੀਸ਼ਤ ਅਪੰਗਤਾ ਨੂੰ ਦੂਰ ਕੀਤਾ ਜਾ ਸਕਦਾ ਹੈ, ਜੇਕਰ ਸਮੇਂ ਸਿਰ ਉਪਰਾਲਾ ਕੀਤਾ ਜਾਵੇ। ਭਾਰਤ ਦੇ ਕੁਲ ਅੰਗਹੀਣਾਂ ਦਾ 75 ਪ੍ਰਤੀਸ਼ਤ ਪੇਂਡੂ ਖੇਤਰ ਵਿੱਚ ਰਹਿੰਦਾ ਹੈ, ਜਿੱਥੇ ਉਹਨਾਂ ਦੇ ਇਲਾਜ, ਪੜਾਈ ਅਤੇ ਵਿਕਾਸ ਲਈ ਕੋਈ ਖਾਸ ਸਹੂਲਤਾਂ ਨਹੀਂ ਹਨ। ਪੇਂਡੂ ਖੇਤਰਾਂ ਦੀ ਬਹੁਤੀ ਵਸੋਂ ਅੱਜ ਵੀ ਅਨਪੜ ਅਤੇ ਵਹਿਮ-ਪ੍ਰਸਤ ਹੈ। ਅੰਗਹੀਣਤਾ ਨੂੰ ਪਰਮਾਤਮਾ ਦੀ ਮਰਜ਼ੀ ਦੇ ਸੰਕਲਪ ਦੁਆਰਾ ਅਣਗੌਲਿਆਂ ਕਰ ਦੇਣ ਦੀ ਰੁਚੀ ਨੂੰ ਖਤਮ ਕਰਨਾ ਵੀ ਜ਼ਰੂਰੀ ਹੈ। ਸਮਾਜ ਅੰਗਹੀਣਾਂ ਨੂੰ ਘਟੀਆ ਨਾਗਰਿਕ ਸਮਝਦਾ ਹੈ, ਇਹ ਲੋਕ ਦੁੱਖਾਂ ਅਤੇ ਤਕਲੀਫਾਂ ਦੀ ਜ਼ਿੰਦਗੀ ਵਿੱਚ ਨਿਰਵਾਹ ਕਰ ਰਹੇ ਹਨ। ਅੰਗਹੀਣ ਲੋਕ ਮਨੁੱਖੀ ਸਮਾਜ ਦਾ ਇਕ ਅੰਗ ਹਨ।

ਇਨਾਂ ਦੇ  ਵਿਕਾਸ ਤੋਂ ਬਿਨਾਂ ਕੋਈ ਵੀ ਦੇਸ਼ ਵਿਕਾਸ ਨਹੀਂ ਕਰ ਸਕਦਾ। ਵਿਗਿਆਨਕ ਯੁੱਗ ਵਿੱਚ ਵੀ ਬਹੁਤ ਸਾਰੇ ਦੇਸ਼ ਇਨਾਂ ਦੀ ਭਲਾਈ ਪ੍ਰਤੀ ਪਿਛਾਂਹ-ਖਿੱਚੂ ਸੋਚ ਰੱਖਦੇ ਹਨ। ਜਦੋਂ ਕਿ ਉਨਾਂ ਪਾਸ ਇਨਾਂ ਲੋਕਾਂ ਦੀ ਭਲਾਈ ਲਈ ਪੈਸਾ ਵੀ ਹੈ ਅਤੇ ਸ਼ਕਤੀ ਵੀ ਹੈ। ਅੰਧ-ਵਿਸ਼ਵਾਸ਼ੀ ਲੋਕ ਤਾਂ ਇਹ ਸਮਝਦੇ ਹਨ ਕਿ ਅੰਗਹੀਣ ਵਿਅਕਤੀ ਨੂੰ ਤਾਂ ਪਿਛਲੇ ਜਨਮ ਵਿੱਚ ਕੀਤੇ ਗਏ ਮਾੜੇ ਕਰਮਾ ਦੀ ਸਜ਼ਾ ਭੁਗਤ ਰਹੇ ਹਨ।ਮੀਡੀਆ ਰਾਹੀਂ ਸਮਾਜ ਵਿਚੋਂ ਅੰਗਹੀਣਾਂ ਦੇ ਪ੍ਰਤੀ ਵਹਿਮ-ਪ੍ਰਸਤੀ ਭਰੇ ਵਿਸ਼ਵਾਸ਼ ਦੂਰ ਕੀਤੇ ਜਾਣੇ ਚਾਹੀਦੇ ਹਨ। ਸਰਕਾਰ ਨੇ ਇਨਾਂ ਲੋਕਾਂ ਲਈ  ਬਹੁਤ ਸਾਰੀਆਂ ਸਹੂਲਤਾਂ ਦਾ ਐਲਾਨ ਕੀਤਾ ਹੋਇਆ ਹੈ,ਪਰ ਸਧਾਰਨ ਅੰਗਹੀਣਾਂ ਨੂੰ ਇਨਾਂ ਸਹੂਲਤਾਂ ਦਾ ਕੋਈ ਲਾਭ ਨਹੀ ਹੋਇਆ, ਕਿਉਂਕਿ ਇਨਾਂ ਲੋਕਾਂ ਦੇ ਕਾਰਜ ਨੂੰ ਮਿਸ਼ਨਰੀ ਭਾਵਨਾ ਨਾਲ ਕੰਮ  ਕਰਨ ਦੀ ਜ਼ਰੂਰਤ ਹੈ।ਅੰਗਹੀਣ ਵਿਅਕਤੀਆਂ ਨੂੰ ਅੱਜ ਤਰਸ ਦੀ ਲੋੜ ਨਹੀਂ ਬਲਕਿ ਪਿਆਰ ਅਤੇ ਬਰਾਬਰੀ ਦਾ ਦਰਜਾ ਦਿਵਾਉਣ ਦੀ ਜ਼ਰੂਰਤ ਹੈ। ਅਪਾਹਜ ਲੋਕਾਂ ਦਾ ਮੁਲਾਂਕਣ ਉਨਾਂ ਦੀ ਬੁਧੀ, ਗਿਆਨ ਅਤੇ ਸਾਹਸ ਦੇ ਆਧਾਰ ‘ਤੇ ਕੀਤਾ ਜਾਣਾ ਚਾਹੀਦਾ ਹੈ ਨਾ ਕਿ ਉਨਾਂ ਦੀ ਸਰੀਰਿਕ ਸਮੱਰਥਾ ‘ਤੇ। ਜਿਹੜਾ ਦੇਸ਼ ਚੰਨ ‘ਤੇ ਉਤਰਨ ਲਈ ਯਤਨਸ਼ੀਲ ਹੋਇਆ ਹੋਵੇ, ਜਿਸਦੀਆਂ ਸਰਕਾਰਾਂ ਆਉਂਦੇ ਸਾਲਾਂ ਵਿੱਚ ਦੁਨੀਆ ਦੀ 5 ਖਰਬ ਡਾਲਰ ਦੀ ਵੱਡੀ ਆਰਥਿਕ ਸ਼ਕਤੀ ਬਣਨ ਦੇ ਦਾਵੇ ਕਰ ਰਹੀਆਂ ਹੋਣ ਤੇ ਜੇਕਰ ਉਹ ਆਜ਼ਾਦੀ ਦੇ 73 ਸਾਲ ਬੀਤ ਜਾਣ ਤੋਂ ਬਾਅਦ ਚੁਣੋਤੀ-ਗ੍ਰਸਤ ਵਰਗ ਨੂੰ ਲੋੜੀਂਦੀਆਂ ਮੁੱਢਲੀਆਂ ਸਹੂਲਤਾਂ ਵੀ ਪ੍ਰਦਾਨ ਨਾ ਕਰਵਾ ਸਕੇ ਤਾਂ ਇਸ ਤੋਂ ਵੱਡੀ ਅਫਸੋਸ ਤੇ ਦੁਖ ਵਾਲੀ ਗੱਲ ਕੀ ਹੋ ਸਕਦੀ ਹੈ।

1992 ਤੋਂ ਸ਼ੁਰੂ ਹੋਏ ਵਿਸ਼ਵੀਕਰਨ ਅਤੇ ਨਿੱਜੀਕਰਨ ਨੇ ਸਿੱਖਿਆ, ਸਿਹਤ ਤੇ ਰੁਜ਼ਗਾਰ ਦੇ ਮਾਮਲੇ ਵਿੱਚ ਸਭ ਤੋਂ ਵੱਧ ਨੁਕਸਾਨ ਅਪਾਹਜ ਵਿਅਕਤੀਆਂ ਦਾ ਕੀਤਾ ਹੈ। ਰੋਜ਼ਾਨਾ ਜਿੰਦਗੀ ਵਿੱਚ ਆਮ ਆਦਮੀ ਗਰੀਬੀ, ਅਨਪੜਤਾ ਅਤੇ ਲਚਾਰੀ ਵਿੱਚ ਜੀਅ ਰਿਹਾ ਹੈ, ਤਾਂ ਅਪਾਹਜ ਵਿਅਕਤੀਆਂ ਦਾ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ। ਧਾਰਮਿਕ, ਸਿਆਸੀ, ਸਰਕਾਰੀ ਅਧਿਕਾਰੀਆਂ ਅਤੇ ਸਵੈ-ਸੇਵੀ ਸੰਸਥਾਵਾਂ ਦੇ ਪਤਵੰਤੇ ਸੱਜਨਾਂ ਨੂੰ ਆਪਣੇ ਭਾਸ਼ਣਾਂ ਵਿੱਚ ਅੰਗਹੀਣਾਂ ਦੇ ਸਬੰਧ ਵਿੱਚ, ਰੱਬ ਦੀ ਕਰੋਪੀ ਦੇ ਸ਼ਿਕਾਰ, ਰੱਬ ਦੇ ਸਤਾਏ ਹੋਏ, ਅਭਾਗੇ, ਲਾਚਾਰ, ਬੇਵੱਸ, ਕਰਮਾਂ ਦੀ ਸਜ਼ਾ ਅਤੇ ਵਿਚਾਰੇ ਆਦਿ ਸ਼ਬਦ ਬਿਲਕੁੱਲ ਨਹੀਂ ਵਰਤਣੇ ਚਾਹੀਦੇ, ਕਿਉਂਕਿ ਇਹ ਸ਼ਬਦ ਇਨ•ਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਸੱਟ ਮਾਰਦੇ ਹਨ ਅਤੇ ਘੋਰ ਹਨ•ੇਰਿਆਂ ਵਿੱਚ ਸੁੱਟ ਦਿੰਦੇ ਹਨ। ਆਤਮ-ਵਿਸ਼ਵਾਸ਼ ਅਤੇ ਸਵੈ-ਮਾਣ ਨਾਲ ਜੀਉਣ ਦੇ ਲਕਸ਼ ਨੂੰ ਵੀ ਖਤਮ ਕਰ ਦਿੰਦੇ ਹਨ।
ਜਰਨੈਲ ਸਿੰਘ ਧੀਰ 98888-47661
ਮੈਂਬਰ ਡਿਸਟ੍ਰਿਕ ਲੋਕਲ ਲੈਵਲ ਕਮੇਟੀ
ਹੁਸ਼ਿਆਰਪੁਰ, ਮਿਨੀਸਟਰੀ ਆਫ ਸੋਸ਼ਲ
ਜਸਟਿਸ ਐਂਡ ਇੰਮਪਾਵਰਮੈਂਟ (ਡਿਪਾਰਟਮੈਂਟ ਆਫ ਡਿਸਾਇਬਲਟੀ ਅਫੇਅਰਸ) ਗਾਰਮਿੰਟ ਆਫ ਇੰਡੀਆ

LEAVE A REPLY

Please enter your comment!
Please enter your name here