ਅਵਾਰਾ ਪਸ਼ੂਆਂ ਦੀ ਸਮੱਸਿਆ ਨਾਲ ਨਜਿੱਠਣ ਤੇ ਲੋਕਾਂ ਦੀਆਂ ਜਾਨਾਂ ਨੂੰ ਬਚਾਉਣ ਲਈ ਪ੍ਰਸ਼ਾਸਨ ਨੇ ਬਹੁ-ਪੱਖੀ ਰਣਨੀਤੀ ਅਪਣਾਈ: ਡਿਪਟੀ ਕਮਿਸ਼ਨਰ

ਜਲੰਧਰ (ਦ ਸਟੈਲਰ ਨਿਊਜ਼)। ਅਵਾਰਾ ਪਸ਼ੂਆਂ ਨਾਲ ਸਬੰਧਤ ਸੜਕ ਹਾਦਸਿਆਂ ਨੂੰ ਠੱਲ੍ਹ ਪਾਉਣ ਅਤੇ ਜ਼ਿਲ੍ਹਾ ਵਾਸੀਆਂ ਦੀਆਂ ਕੀਮਤੀ ਜਾਨਾਂ ਨੂੰ ਬਚਾਉਣ ਲਈ ਪ੍ਰਸ਼ਾਸਨ ਵੱਲੋਂ 15 ਜਨਵਰੀ, 2021 ਤੱਕ ਸ਼ਾਹਕੋਟ ਵਿੱਚ ਕੰਨੀਆ ਕਲਾਂ ਗਊਸ਼ਾਲਾ ਦੀ ਸਮਰੱਥਾ ਨੂੰ ਵਧਾ ਕੇ 800 ਪਸ਼ੂ ਕੀਤਾ ਜਾਵੇਗਾ। ਕੰਨੀਆ ਕਲਾਂ ਗਊਸ਼ਾਲਾ ਦੀ ਸਮਰੱਥਾ ਨੂੰ 500 ਪਸ਼ੂਆਂ ਤੋਂ ਵਧਾ ਕੇ 800 ਪਸ਼ੂ ਕਰਨ ਲਈ ਨਵੇਂ ਸ਼ੈੱਡ ਦਾ ਕੰਮ ਜੰਗੀ ਪੱਧਰ ‘ਤੇ ਚੱਲ ਰਿਹਾ ਹੈ।

Advertisements

ਮੰਗਲਵਾਰ ਨੂੰ ਮੁੱਖ ਸਕੱਤਰ ਵਿਨੀ ਮਹਾਜਨ ਦੀ ਪ੍ਰਧਾਨਗੀ ਵਿੱਚ ਹੋਈ ਇੱਕ ਵੀਡੀਓ-ਕਾਨਫਰੰਸ ਵਿੱਚ ਭਾਗ ਲੈਂਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨਵੇਂ ਸ਼ੈੱਡ ਦੀ ਲਾਗਤ 14 ਲੱਖ ਰੁਪਏ ਹੈ, ਜਿਸ ਦਾ ਕੰਮ ਮੁਕੰਮਲ ਹੋਣ ਨੇੜੇ ਹੈ।

ਥੋਰੀ ਨੇ ਕਿਹਾ ਕਿ ਇਹ ਨਵਾਂ ਸ਼ੈੱਡ ਪਸ਼ੂਆਂ ਲਈ ਪ੍ਰਬੰਧਕਾਂ ਦੇ ਨਾਲ ਬਿਜਲੀ, ਚਾਰਾ ਅਤੇ ਪੀਣ ਵਾਲੇ ਪਾਣੀ ਦੀ ਸੁਵਿਧਾ ਆਦਿ ਲੋੜੀਂਦੀਆਂ ਸਹੂਲਤਾਂ ਨਾਲ ਲੈਸ ਹੋਵੇਗਾ। ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਕੰਨੀਆ ਕਲਾਂ ਗਊਸ਼ਾਲਾ ਵਿੱਚ ਤਿੰਨ ਕੈਟਲ ਸ਼ੈੱਡ ਹਨ, ਜਿਨ੍ਹਾਂ ਵਿੱਚ ਇਸ ਵੇਲੇ 519 ਪਸ਼ੂ ਹਨ ।

ਉਨ੍ਹਾਂ ਕਿਹਾ ਕਿ ਇਸ ਨਵੇਂ ਸ਼ੈੱਡ ਦੀ ਉਸਾਰੀ ਮੁਕੰਮਲ ਹੋਣ ਤੋਂ ਬਾਅਦ ਜਲੰਧਰ ਵਿੱਚ ਇੱਕ ਹੋਰ ਗਊਸ਼ਾਲਾ ਦਾ ਨਿਰਮਾਣ ਕਰਨ ਲਈ ਢੁੱਕਵੀਂ ਜ਼ਮੀਨ ਲੱਭਣ ਵਾਸਤੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਅਤੇ ਨਗਰ ਨਿਗਮ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਦੁਰਘਟਨਾਵਾਂ ਨੂੰ ਰੋਕਣ ਲਈ ਫੌਰੀ ਲੋੜ ਪਸ਼ੂਆਂ ਨੂੰ ਸੜਕਾਂ ਤੋਂ ਤਬਦੀਲ ਕਰਨ ਅਤੇ ਉਨ੍ਹਾਂ ਦੀ ਢੁੱਕਵੀਂ ਦੇਖਭਾਲ ਨੂੰ ਯਕੀਨੀ ਬਣਾਉਣ ਦੀ ਹੈ।

ਥੋਰੀ ਨੇ ਪਸ਼ੂ ਪਾਲਣ ਵਿਭਾਗ ਨੂੰ ਹਾਦਸਿਆਂ ਨੂੰ ਰੋਕਣ ਲਈ ਸੜਕ ‘ਤੇ ਫਿਰਦੇ ਪਸ਼ੂਆਂ ਦੀਆਂ ਗਦਰਨਾਂ ‘ਤੇ ਰੇਡੀਅਮ ਵਾਲੀਆਂ ਰਾਤ ਨੂੰ ਚਮਕਣ ਵਾਲੀਆਂ ਬੈਲਟਾਂ ਲਾਉਣ ਸਬੰਧੀ ਕੰਮ ਕਰਨ ਲਈ ਕਿਹਾ ਅਤੇ ਪੁਲਿਸ ਅਧਿਕਾਰੀਆਂ ਨੂੰ ਲੋਕਾਂ ਦੀ ਸੁਵਿਧਾ ਲਈ ਹੈਲਪਲਾਈਨ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ, ਜਿੱਥੇ ਉਹ ਅਵਾਰਾ ਪਸ਼ੂਆਂ ਸਬੰਧੀ ਜਾਣਕਾਰੀ ਦੇ ਸਕਣ ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਵਾਰਾ ਪਸ਼ੂਆਂ ਦੀ ਸਮੱਸਿਆ ਨਾਲ ਨਜਿੱਠਣ ਲਈ ਬਹੁ-ਪੱਖੀ ਰਣਨੀਤੀ ਅਪਣਾਈ ਗਈ ਹੈ, ਜਿਨ੍ਹਾਂ ਕਾਰਨ ਜਲੰਧਰ ਵਿੱਚ ਸੜਕ ਹਾਦਸਿਆਂ ਵਿੱਚ ਵਾਧਾ ਹੋਇਆ ਹੈ।

ਮੀਟਿੰਗ ਵਿੱਚ ਡੀਸੀਪੀ ਟ੍ਰੈਫਿਕ ਨਰੇਸ਼ ਡੋਗਰਾ ਨੇ ਕਿਹਾ ਕਿ 1 ਜਨਵਰੀ, 2020 ਤੋਂ ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ ਬਿਨਾਂ ਹੈਲਮੇਟ ਲਈ 44196 ਚਲਾਨ, ਓਵਰ ਸਪੀਡ ਲਈ 441 ਚਲਾਨਾਂ ਤੋਂ ਇਲਾਵਾ ਟ੍ਰਿਪਲ ਸਵਾਰੀ ਲਈ 1244 ਚਲਾਨ ਜਾਰੀ ਕੀਤੇ ਗਏ ਹਨ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਜਸਬੀਰ ਸਿੰਘ, ਐਸਡੀਐਮ ਰਾਹੁਲ ਸਿੰਧੂ, ਐਮਸੀ ਜੁਆਇੰਟ ਕਮਿਸ਼ਨਰ ਸ਼ਾਇਰੀ ਮਲਹੋਤਰਾ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾ. ਮੋਹਿੰਦਰ ਪਾਲ, ਏਸੀਪੀ ਟ੍ਰੈਫਿਕ ਐਚਐਸ ਭੱਲਾ ਅਤੇ ਹੋਰ ਮੌਜੂਦ ਸਨ।

LEAVE A REPLY

Please enter your comment!
Please enter your name here