ਖੇਡ ਵਿਭਾਗ ਕਰੇਗਾ 1135 ਖਿਡਾਰੀਆਂ ਦਾ ਸਨਮਾਨ, ਚੰਡੀਗੜ੍ਹ ਵਿਖੇ ਪਹਿਲੇ ਪੜਾਅ ਦਾ ਸਮਾਗਮ 15 ਜਨਵਰੀ ਨੂੰ

ਚੰਡੀਗੜ੍ਹ (ਦ ਸਟੈਲਰ ਨਿਊਜ਼)। ਪੰਜਾਬ ਦੇ ਖੇਡ ਵਿਭਾਗ ਨੇ ਸਾਲ 2017-18 ਦੌਰਾਨ ਕੌਮਾਂਤਰੀ ਤੇ ਕੌਮੀ ਪੱਧਰ ਦੇ ਖੇਡ ਪਿੜਾਂ ਵਿੱਚ ਮੱਲਾਂ ਮਾਰਨ ਵਾਲੇ ਖਿਡਾਰੀਆਂ ਨੂੰ ਨਗਦ ਇਨਾਮੀ ਰਾਸ਼ੀ ਨਾਲ ਸਨਮਾਨਿਤ ਕਰਨ ਦਾ ਵਾਅਦਾ ਪੂਰਾ ਕਰਦਿਆਂ ਪਹਿਲੇ ਪੜਾਅ ਤਹਿਤ 90 ਖਿਡਾਰੀਆਂ ਨੂੰ ਸਨਮਾਨਿਤ ਕਰਨ ਦਾ ਫ਼ੈਸਲਾ ਕੀਤਾ ਹੈ। ਪੰਜਾਬ ਦੇ ਖੇਡ ਅਤੇ ਯੁਵਕ ਸੇਵਾਵਾਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਹਾਲ ਹੀ ਵਿੱਚ ਅਜਿਹੇ 1,135 ਖਿਡਾਰੀਆਂ ਨੂੰ ਕਰੋੜਾਂ ਰੁਪਏ ਦੀ ਰਾਸ਼ੀ ਦੇ ਨਗਦ ਇਨਾਮ ਦੇਣ ਦਾ ਐਲਾਨ ਕੀਤਾ ਸੀ।

Advertisements

ਇਸ ਸਬੰਧੀ  ਜਾਣਕਾਰੀ ਦਿੰਦਿਆਂ ਰਾਣਾ ਸੋਢੀ ਨੇ ਦੱਸਿਆ ਕਿ ਰਾਜ ਵਿੱਚ ਖੇਡ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਅਤੇ ਨਗਦ ਇਨਾਮੀ ਰਾਸ਼ੀ ਤੋਂ ਵਾਂਝੇ ਰਹਿ ਗਏ ਖਿਡਾਰੀਆਂ ਨੂੰ ਸਨਮਾਨਿਤ ਕਰਨ ਲਈ ਅਸੀਂ ਨਵੀਂ ਖੇਡ ਨੀਤੀ-2018 ਅਨੁਸਾਰ ਇਹ ਪ੍ਰਕਿਰਿਆ ਸ਼ੁਰੂ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਕੋਵਿਡ ਮਹਾਂਮਾਰੀ ਕਾਰਨ ਖਿਡਾਰੀਆਂ ਨੂੰ ਨਗਦ ਇਨਾਮਾਂ ਨਾਲ ਸਨਮਾਨਤ ਕਰਨ ਦਾ ਕਾਰਜ ਦੇਰੀ ਨਾਲ ਸ਼ੁਰੂ ਹੋ ਰਿਹਾ ਹੈ ਪਰ ਹੁਣ ਨਿਰੰਤਰ ਅਜਿਹੇ ਸਮਾਗਮ ਕਰਵਾ ਕੇ ਖਿਡਾਰੀਆਂ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸਾਲ ਸਾਲ 2007-18 ਦੌਰਾਨ ਸੂਬੇ ਤੇ ਦੇਸ਼ ਲਈ ਨਾਮਣਾ ਖੱਟਣ ਵਾਲੇੇ ਕੌਮਾਂਤਰੀ ਅਤੇ ਕੌਮੀ ਪੱਧਰ ਦੇ ਕੁੱਲ 1135 ਖਿਡਾਰੀਆਂ ਨੂੰ ਨਗਦ ਇਨਾਮੀ ਰਾਸ਼ੀ ਨਾਲ ਸਨਮਾਨਿਆ ਜਾਵੇਗਾ। ਖੇਡ ਮੰਤਰੀ ਨੇ ਕਿਹਾ ਕਿ ਨਗਦ ਇਨਾਮੀ ਰਾਸ਼ੀ ਦੀ ਵੰਡ ਦੇ ਪਹਿਲੇ ਪੜਾਅ ਤਹਿਤ ਕੁੱਲ 90 ਖਿਡਾਰੀਆਂ ਨੂੰ ਸਨਮਾਨਤ ਕੀਤਾ ਜਾਵੇਗਾ।ਕੈਬਨਿਟ ਮੰਤਰੀ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ 36 ਖਿਡਾਰੀ ਕੌਮਾਂਤਰੀ ਪੱਧਰ ‘ਤੇ ਖੇਡ ਚੁੱਕੇ ਹਨ ਅਤੇ 54 ਖਿਡਾਰੀ ਰਾਸ਼ਟਰੀ ਪੱਧਰ ‘ਤੇ ਤਮਗ਼ਾ ਜੇਤੂ ਹਨ, ਜਿਨ੍ਹਾਂ ਨੂੰ 15 ਜਨਵਰੀ ਨੂੰ ਚੰਡੀਗੜ੍ਹ ਵਿਖੇ ਵਿਸ਼ੇਸ਼ ਨਗਦ ਇਨਾਮ ਵੰਡ ਸਮਾਗਮ ਦੌਰਾਨ ਕੁੱਲ 1.65 ਕਰੋੜ ਰੁਪਏ ਦੀ ਨਗਦ ਰਾਸ਼ੀ ਨਾਲ ਸਨਮਾਨਿਆ ਜਾਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਲਾਭਪਾਤਰੀਆਂ ਨੂੰ ਇਨਾਮੀ ਰਾਸ਼ੀ ਦੀ ਵੰਡ ਲਈ ਵਿਭਾਗ ਕੋਲ ਲੋੜੀਂਦੇ ਫੰਡ ਮੌਜੂਦ ਹਨ।

ਰਾਣਾ ਸੋਢੀ ਨੇ ਸਪੱਸ਼ਟ ਤੌਰ ‘ਤੇ ਕਿਹਾ ਕਿ ਇਨਾਮ ਵੰਡ ਸਮਾਰੋਹ ਦੌਰਾਨ ਸਿਹਤ ਪ੍ਰੋਟੋਕੋਲ ਅਤੇ ਤੈਅਸ਼ੁਦਾ ਸੁਰੱਖਿਆ ਮਾਪਦੰਡਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਅਗਲੇ ਇਨਾਮ ਵੰਡ ਸਮਾਰੋਹ ਬਾਕਾਇਦਾ ਤੌਰ ਉਤੇ ਨਿਰਧਾਰਤ ਸਮੇਂ ਉਪਰ ਕਰਵਾਏ ਜਾਣਗੇ, ਜੋ ਟੋਕੀਓ-2021 ਉਲੰਪਿਕ ਵਿੱਚ ਤਮਗ਼ੇ ਜਿੱਤਣ ਲਈ ਖਿਡਾਰੀਆਂ ਨੂੰ ਉਤਸ਼ਾਹਤ ਕਰਨ ਲਈ ਕਾਫ਼ੀ ਲਾਹੇਵੰਦ ਸਿੱਧ ਹੋਣਗੇ। ਉਨ੍ਹਾਂ ਕਿਹਾ ਕਿ ਉਲੰਪਿਕ ਵਿੱਚ ਸਫ਼ਲਤਾ ਹਾਸਲ ਕਰਨ ਉਤੇ ਟੇਕ ਰੱਖਦਿਆਂ ਅਸੀਂ ਆਪਣੇ ਖਿਡਾਰੀਆਂ ਨੂੰ ਸਾਰੀਆਂ ਖੇਡ ਸਹੂਲਤਾਂ ਨਾਲ ਲੈਸ ਕਰ ਰਹੇ ਹਾਂ, ਜਿਸ ਵਿੱਚ ਅਤਿ-ਆਧੁਨਿਕ ਸਟੇਡੀਅਮ ਅਤੇ ਆਲਮੀ ਪੱਧਰ ਦੀਆਂ ਸਹੂਲਤਾਂ ਸ਼ਾਮਲ ਹਨ ਤਾਂ ਜੋ ਸਾਡੇ ਖਿਡਾਰੀ ਆਪਣੇ ਹਮਰੁਤਬਾ ਖਿਡਾਰੀਆਂ ਦਾ ਮੁਕਾਬਲਾ ਆਸਾਨੀ ਨਾਲ ਕਰ ਸਕਣ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਖੇਡ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਕੋਈ ਵੀ ਖਿਡਾਰੀ, ਜੋ ਕੌਮਾਂਤਰੀ ਪੱਧਰ ਦੇ ਮੁਕਾਬਲਿਆਂ ਵਿੱਚ ਹਿੱਸਾ ਲੈਣ ਦਾ ਇੱਛੁਕ ਹੋਵੇ ਅਤੇ ਜਿਸ ਨੂੰ ਵਿੱਤੀ ਸਹਾਇਤਾ ਦੀ ਲੋੜ ਹੋਵੇ, ਅਜਿਹਾ ਕੋਈ ਵੀ ਖਿਡਾਰੀ ਵਿੱਤੀ ਸਹਾਇਤਾ ਅਤੇ ਹੋਰ ਸਹੂਲਤਾਂ ਖੁਣੋਂ ਖੇਡਣ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ। ਉਨ੍ਹਾਂ ਅੱਗੇ ਕਿਹਾ ਕਿ ਖੇਡ ਵਿਭਾਗ ਇਹ ਯਕੀਨੀ ਬਣਾਉਣ ਲਈ ਯਤਨਸ਼ੀਲ ਹੈ ਕਿ ਹੋਣਹਾਰ ਖਿਡਾਰੀਆਂ ਲਈ ਵਿੱਤੀ ਸਹਾਇਤਾ ਜਾਂ ਖੇਡ ਉਪਕਰਨਾਂ ਦੀ ਘਾਟ ਇਨ੍ਹਾਂ ਖਿਡਾਰੀਆਂ ਦੇ ਰਾਹ ਦਾ ਰੋੜਾ ਨਾ ਬਣੇ।

LEAVE A REPLY

Please enter your comment!
Please enter your name here