ਸਿੱਖਿਆ ਮੰਤਰੀ ਸਿੰਗਲਾ ਨੇ ਫਿਰੋਜ਼ਪੁਰ ਦੇ ਵਿਦਿਆਰਥੀਆਂ ਨੂੰ ਇਨਾਮ ਵਜੋਂ ਦਿੱਤੇ ਲੈਪਟੌਪ ਤੇ ਐਂਡਰੌਇਡ ਟੈਬਲੇਟ

ਫਿਰੋਜ਼ਪੁਰ(ਦ ਸਟੈਲਰ ਨਿਊਜ਼)। ਸਕੂਲ ਸਿੱਖਿਆ ਮੰਤਰੀ ਪੰਜਾਬ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ‘ਅੰਬੈਸਡਰਜ਼ ਆਫ਼ ਹੋਪ’ ਮੁਕਾਬਲੇ ਦੇ ਫਿਰੋਜ਼ਪੁਰ ਜ਼ਿਲ੍ਹੇ ਦੇ ਜੇਤੂਆਂ ਦਾ ਲੁਧਿਆਣਾ ਵਿਖੇ ਕਰਵਾਏ ਇੱਕ ਵਿਸ਼ੇਸ਼ ਸਮਾਗਮ ਦੌਰਾਨ ਲੈਪਟੋਪ ਅਤੇ ਐਂਡਰੌਇਡ ਟੈਬਲੇਟ ਨਾਲ ਸਨਮਾਨ ਕੀਤਾ। ਸ਼੍ਰੀ ਸਿੰਗਲਾ ਨੇ ਜੇਤੂਆਂ ਨੂੰ ਵਧਾਈ ਦੇਣ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਆਪਣੀਆਂ ਸੋਚੀਆਂ ਮੰਜ਼ਿਲਾਂ ਸਰ ਕਰਨ ਲਈ ਭਵਿੱਖ ’ਚ ਵੀ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ। ਜ਼ਿਕਰਯੋਗ ਹੈ ਕਿ ਵਿਸ਼ਵ ਰਿਕਾਰਡ ਸਥਾਪਤ ਕਰਨ ਵਾਲੇ ‘ਅੰਬੈਸਡਰਜ਼ ਆਫ਼ ਹੋਪ’ ਮੁਕਾਬਲੇ ’ਚ ਫਿਰੋਜ਼ਪੁਰ ਜ਼ਿਲੇ ’ਚੋਂ 1,685 ਵਿਦਿਆਰਥੀਆਂ ਨੇ ਪਸੰਦੀਦਾ ਵਿਸ਼ੇ ’ਤੇ ਵੀਡਿਓ ਬਣਾ ਕੇ ਆਪਣੀ ਦਾਅਵੇਦਾਰੀ ਪੇਸ਼ ਕੀਤੀ ਸੀ।

Advertisements

ਇਨਾਂ ’ਚੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਨਾ ਸਿੰਘ ਵਾਲਾ ’ਚ ਦਸਵੀਂ ਜਮਾਤ ’ਚ ਪੜ੍ਹਦੀ ਮਹਿਕਦੀਪ ਕੌਰ ਅਤੇ ਸੰਦੀਪ ਸਿੰਘ ਨੇ ਪਹਿਲੇ ਇਨਾਮ ਵਜੋਂ 2 ਲੈਪਟੋਪ ਜਿੱਤੇ ਜਦਕਿ ਐਸ.ਐਸ.ਐਮ. ਸੀਨੀਅਰ ਸੈਕੰਡਰੀ ਸਕੂਲ ’ਚ ਦਸਵੀਂ ਜਮਾਤ ’ਚ ਪੜ੍ਹਦੀ ਪਰਨੀਤ ਕੌਰ ਨੇ ਵੀ ਦੂਜਾ ਸਥਾਨ ਹਾਸਲ ਕਰਕੇ ਲੈਪਟੌਪ ਜਿੱਤਿਆ ਸੀ। ਇਸੇ ਤਰ੍ਹਾਂ ਡੀ.ਸੀ. ਮਾਡਲ ਸੀਨੀਅਰ ਸੈਕੰਡਰੀ ਸਕੂਲ ’ਚ ਅੱਠਵੀਂ ਜਮਾਤ ’ਚ ਪੜ੍ਹਦੀ ਇਸ਼ਮੀਤ ਕੌਰ ਨੇ ਤੀਜੇ ਇਨਾਮ ਵਜੋਂ ਐਂਡਰੌਇਡ ਟੈਬਲੇਟ ’ਤੇ ਕਬਜ਼ਾ ਕੀਤਾ ਸੀ। ਇਨਾਮ ਪ੍ਰਾਪਤ ਕਰਨ ਤੋਂ ਬਾਅਦ ਜੇਤੂਆਂ ਨੇ ਸ਼੍ਰੀ ਵਿਜੈ ਇੰਦਰ ਸਿੰਗਲਾ ਦਾ ਤਾਲਾਬੰਦੀ ਦੌਰਾਨ ਅਜਿਹਾ ਦਿਲਚਸਪ ਆਨਲਾਇਨ ਮੁਕਾਬਲਾ ਕਰਵਾਉਣ ਲਈ ਬੜੀ ਉਤਸੁਕਤਾ ਨਾਲ ਧੰਨਵਾਦ ਕੀਤਾ।

ਸਮਾਗਮ ਦੌਰਾਨ ਬੋਲਦਿਆਂ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਵਿਸ਼ਵ ਰਿਕਾਰਡ ਸਥਾਪਿਤ ਕਰਨ ਦੇ ਨਾਲ-ਨਾਲ ‘ਅੰਬੈਸਡਰਜ਼ ਆਫ਼ ਹੋਪ’ ਮੁਹਿੰਮ ਨੇ ਸਕੂਲੀ ਵਿਦਿਆਰਥੀਆਂ ਦੇ ਹੁਨਰ ਤਰਾਸ਼ਣ ਦਾ ਆਪਣਾ ਮੰਤਵ ਸਫ਼ਲਤਾਪੂਰਵਕ ਪੂਰਾ ਕੀਤਾ ਹੈ। ਉਨਾਂ ਦੱਸਿਆ ਕਿ ਸਿਰਫ਼ 8 ਦਿਨਾਂ ’ਚ ਹੀ ਇਸ ਮੁਕਾਬਲੇ ਲਈ 1,05,898 ਸਕੂਲੀ ਵਿਦਿਆਰਥੀਆਂ ਨੇ ਆਪਣੀ ਦਾਅਵੇਦਾਰੀ ਪੇਸ਼ ਕੀਤੀ ਸੀ। ਉਨਾਂ ਕਿਹਾ ਕਿ ਇੰਨੀ ਵੱਡੀ ਗਿਣਤੀ ’ਚ ਪ੍ਰਾਪਤ ਹੋਈਆਂ ਵੀਡਿਓਜ਼ ’ਚੋਂ ਜੇਤੂਆਂ ਦੀ ਚੋਣ ਕਰਨੀ ਬਹੁਤ ਮੁਸ਼ਕਿਲ ਸੀ ਪਰ ਇਹ ਕੰਮ ਬਹੁਤ ਪਾਰਦਰਸ਼ੀ ਢੰਗ ਨਾਲ ਕੀਤਾ ਗਿਆ ਹੈ। ਉਨਾਂ ਕਿਹਾ ਕਿ ਹਰ ਜ਼ਿਲੇ ’ਚ 3 ਜੇਤੂਆਂ ਨੂੰ ਆਈਪੈਡ, ਲੈਪਟੌਪ ਅਤੇ ਟੈਬਲੇਟ ਦੇਣ ਦੇ ਨਾਲ-ਨਾਲ ਸਾਰੇ 22 ਜ਼ਿਲਿਆਂ ’ਚੋਂ ਹੋਰ ਚੰਗੀਆਂ ਵੀਡਿਓਜ਼ ਭੇਜਣ ਵਾਲੇ ਲਗਭਗ 1,000 ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ ਹੈ।

LEAVE A REPLY

Please enter your comment!
Please enter your name here