ਜਲੰਧਰ ’ਚ 11 ਆਰ.ਓਜ਼ ਅਤੇ ਪੰਜ ਪਾਣੀ ਦੇ ਏ.ਟੀ.ਐਮਜ਼ ਸਾਫ਼ ਤੇ ਸ਼ੁੱਧ ਪਾਣੀ ਨੂੰ ਯਕੀਨੀ ਬਣਾਉਣਗੇ

ਜਲੰਧਰ (ਦ ਸਟੈਲਰ ਨਿਊਜ਼)। ਧਰਤੀ ਹੇਠਲੇ ਪਾਣੀ ਵਿੱਚ ਪਾਏ ਜਾਂਦੇ ਹੈਵੀ ਮੈਟਲ ਅਤੇ ਅਸ਼ੁੱਧੀਆਂ ਨਾਲ ਨਿਪਟਣ ਲਈ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਲੋਂ ਪੀਣ ਯੋਗ ਪਾਣੀ ਨੂੰ ਯਕੀਨੀ ਬਣਾਉਣ ਲਈ 11 ਆਰ.ਓ ਸਿਸਟਮ ਅਤੇ ਪੰਜ ਪਾਣੀ ਏ.ਟੀ.ਐਮ ਲਗਾਏ ਜਾਣਗੇ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਮੁੱਖ ਇੰਜੀਨੀਅਰ ਕੇ.ਐਸ.ਸੇਣੀ ਨੇ ਕਿਹਾ ਕਿ ਇਸ ਦਾ ਮੁੱਖ ਮੰਤਵ ਜਿਥੇ ਧਰਤੀ ਹੇਠਲੇ ਪਾਣੀ ਵਿੱਚ ਭਾਰੀ ਪਦਾਰਥ (ਹੈਵੀ ਮੈਟਲ) ਪਾਏ ਗਏ ਹਨ ਉਥੋਂ ਦੇ ਲੋਕਾਂ ਨੂੰ ਸਾਫ਼ ਸੁਥਰਾ ਤੇ ਸ਼ੁੱਧ ਪੀਣ ਯੋਗ ਪਾਣੀ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸਾਰੇ ਆਰ.ਓ ਅਤੇ ਵਾਟਰ ਏ.ਟੀ.ਐਮ ਇਸ ਮਹੀਨੇ ਦੇ ਅੰਤ ਤੱਕ ਕੰਮ ਕਰਨਾ ਸ਼ੁਰੂ ਕਰ ਦੇਣਗੇ। ਮੁੱਖ ਇੰਜੀਨੀਅਰ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵਿਭਾਗ ਵਲੋਂ ਉਨਾਂ ਪਿੰਡਾਂ ਦੀ ਪਹਿਚਾਣ ਕਰ ਲਈ ਗਈ ਹੈ ਜਿਥੇ ਧਰਤੀ ਹੇਠਲੇ ਪਾਣੀ ਵਿੱਚ ਹੈਵੀ ਮੈਟਲ ਪਾਏ ਗਏ ਹਨ। ਪੀਣ ਵਾਲੇ ਪਾਣੀ ਦੀ ਸਮੱਸਿਆ ਨਾਲ ਨਿਪਟਣ ਲਈ 1.47 ਕਰੋੜ ਰੁਪਏ ਦੇ ਇਸ ਪ੍ਰੋਜੈਕਟ ਲਈ ਵਿਆਪਕ ਯੋਜਨਾ ਬਣਾਈ ਜਾ ਚੁੱਕੀ ਹੈ ਅਤੇ 16 ਪਿੰਡਾਂ ਵਿੱਚ ਆਰ.ਓ ਸਿਸਟਮ ਅਤੇ ਵਾਟਰ ਏ.ਟੀ.ਐਮਜ਼ ਲਗਾਏ ਜਾਣਗੇ। ਇਸ ਪ੍ਰੋਜੈਕਟ ਦੇ ਨੋਡਲ ਅਫ਼ਸਰ ਕਾਰਜਕਾਰੀ ਇੰਜੀਨੀਅਰ ਨਿਤਿਨ ਕਾਲੀਆ ਨੇ ਦੱਸਿਆ ਕਿ ਪਹਿਚਾਣ ਕੀਤੇ ਗਏ 16 ਪਿੰਡਾਂ ਵਿੱਚ ਦੋ ਤਰ੍ਹਾਂ ਦੇ ਆਰ.ਓ. ਸਿਸਟਮ ਲਗਾਏ ਜਾ ਰਹੇ ਹਨ ਜਿਸ ਵਿੱਚ ਆਰ.ਓ. ਸਿਸਟਮਜ਼ ਜੋ 500 ਤੋਂ 1000 ਲੀਟਰ ਪਾਣੀ ਪ੍ਰਤੀ ਘੰਟਾ ਅਤੇ ਵਾਟਰ ਏ.ਟੀ.ਐਮ. ਜੋ 250 ਲੀਟਰ ਪ੍ਰਤੀ ਘੰਟਾ ਪਾਣੀ ਸਪਲਾਈ ਕਰਨਗੇ ਸ਼ਾਮਿਲ ਹਨ।

Advertisements

ਉਨ੍ਹਾਂ ਅੱਗੇ ਦੱਸਿਆ ਕਿ ਪਿੰਡ ਡੋਲੀਕੇ, ਸੁੰਦਰਪੁਰ, ਖਾਨਕੇ ਫਤਿਹਗੜ੍ਹ, ਚੂਹੇਕੀ, ਬੱਚੋਵਾਲ, ਭੈਣੀ, ਬੁਰਜ ਪੁਖ਼ਤਾ, ਚੀਮਾ ਖੁਰਦ, ਚਾਉਲਾ ਕਲਾ, ਫਿਲੌਰ ਕਿਲਾ, ਢੇਸੀਆਂ ਵਿੱਚ 500 ਤੋਂ 1000 ਲੀਟਰ ਪ੍ਰਤੀ ਘੰਟਾ ਪਾਣੀ ਦੇਣ ਦੀ ਸਮਰੱਥਾ ਵਾਲੀ ਆਰ.ਓ.ਸਿਸਟਮਜ਼ ਜਦਕਿ ਪਿੰਡ ਚੂਹੇਕੀ, ਭਟੂਰਾ, ਬੜਾ ਪਿੰਡ, ਬਿਰਕ ਅਤ ਅਮਰਜੀਤਪੁਰ ਵਿਖੇ ਵਾਟਰ ਏ.ਟੀ.ਐਮਜ਼ ਲਗਾਏ ਜਾਣਗੇ। ਉਨ੍ਹਾਂ ਦੱਸਿਆ ਕਿ ਆਰ.ਓ ਸਿਸਟਮ ਅਤੇ ਵਾਟਰ ਏ.ਟੀ.ਐਮਜ਼ ਇਨਾਂ 16 ਪਿੰਡਾਂ ਦੀ ਕੁੱਲ 12766 ਅਬਾਦੀ ਨੂੰ ਪਾਣੀ ਮੁਹੱਈਆ ਕਰਵਾਉਣਗੇ। ਉਨ੍ਹਾਂ ਦੱਸਿਆ ਕਿ ਬਹੁਤ ਹੀ ਘੱਟ ਰੇਟ 15-20 ਪੈਸੇ ਪ੍ਰਤੀ ਲੀਟਰ ਦੇ ਹਿਸਾਬ ਨਾਲ ਆਰ.ਓ. ਪਾਣੀ ਮੁਹੱਈਆ ਕਰਵਾਇਆ ਜਾਵੇਗਾ। ਪ੍ਰੋਜੈਕਟ ਅਫ਼ਸਰ ਕਾਲੀਆ ਨੇ ਅੱਗੇ ਦੱਸਿਆ ਕਿ ਉਚਿੱਤ ਡੁੰਘਾਈ ਵਾਲੇ ਟਿਊਬਵੈਲ ਆਰ.ਓ. ਅਤੇ ਏ.ਟੀ.ਐਮਜ਼ ਸਮੇਤ ਲਗਾਏ ਜਾ ਚੁੱਕੇ ਅਤੇ ਇਸ ਨੂੰ ਚਲਾਉਣ ਵਾਲੀ ਕੰਪਨੀ ਵਲੋਂ ਪੀਣ ਯੋਗ ਪਾਣੀ ਦੀ ਘਰ-ਘਰ ਸਪਲਾਈ ਦੀ ਵੀ ਪੇਸ਼ਕਸ਼ ਕੀਤੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਇਨਾਂ 16 ਪਿੰਡਾਂ ਵਿੱਚ ਬਿਜਲੀ ਦਾ ਕੁਨੈਕਸ਼ਨ ਮਿਲਣ ਉਪਰੰਤ ਆਰ.ਓਜ਼ ਅਤੇ ਵਾਟਰ ਏ.ਟੀ.ਐਮਜ਼ ਵਲੋਂ ਤੁਰੰਤ ਕੰਮ ਕਰਨਾ ਸ਼ੁਰੂ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਆਰ.ਓ. ਸਿਸਟਮ ਵਿੱਚ ਮਲਟੀ ਗਰੇਟ ਫਿਲਟਰ, ਐਕਟੀਵੇਟਿਵ ਕਾਰਬਨ ਫਿਲਟਰ, ਪੌਲੀ ਪ੍ਰੋਪਾਈਲਿਨ ਫਿਲਟਰ ਅਤੇ ਮੈਂਮਰਨ ਯੂ.ਵੀ.ਸਿਸਟਮ ਹੈ। ਸੂਬਾ ਸਰਕਾਰ ਵਲੋਂ ਜ਼ਿਲ੍ਹਾ ਵਾਸੀਆਂ ਨੂੰ ਪੀਣ ਯੋਗ ਪਾਣੀ ਮੁਹੱਈਆ ਕਰਵਾਉਣ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਪਿੰਡ ਡਰੋਲੀਕੇ ਸੁੰਦਰਪੁਰ ਦੀ ਸਰਪੰਚ ਰਣਜੀਤ ਕੌਰ ਨੇ ਕਿਹਾ ਕਿ ਇਹ ਸਕੀਮ ਪਿੰਡਾਂ ਦੀ ਨੁਹਾਰ ਬਦਲ ਦੇਵੇਗੀ ਅਤੇ ਲੋਕ ਸਾਫ਼ ਸੁਥਰਾ ਤੇ ਸ਼ੁੱਧ ਪਾਣੀ ਪ੍ਰਾਪਤ ਕਰ ਸਕਣਗੇ। ਉਨ੍ਹਾਂ ਕਿਹਾ ਕਿ ਇਹ ਸਕੀਮ ਸਮੇਂ ਦੀ ਲੋੜ ਹੈ ਖਾਸ ਕਰਕੇ ਉਨ੍ਹਾਂ ਪਿੰਡਾਂ ਲਈ ਜਿਨਾਂ ਵਿੱਚ ਧਰਤੀ ਹੇਠਲੇ ਪਾਣੀ ਗੰਦਲਾ ਹੋ ਚੁੱਕਾ ਹੈ।

LEAVE A REPLY

Please enter your comment!
Please enter your name here