ਪੋਸ਼ਣ ਪੰਦਰਵਾੜਾ 16 ਮਾਰਚ ਤੋਂ, ਕੁਪੋਸ਼ਣ ਦੇ ਖਾਤਮੇ ਲਈ ਹੋਣਗੀਆਂ ਵੱਖ-ਵੱਖ ਸਰਗਰਮੀਆਂ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਇਸਤਰੀ ਅਤੇ ਬਾਲ ਵਿਕਾਸ ਮੰਤਰਾਲੇ ਵਲੋਂ ਪੋਸ਼ਣ ਪੰਦਰਵਾੜਾ 16 ਮਾਰਚ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਦੌਰਾਨ ਜ਼ਿਲ੍ਹੇ ਵਿੱਚ ਕੁਪੋਸ਼ਣ ਅਤੇ ਜੱਚਾ-ਬੱਚਾ ਦੀ ਸੁਚੱਜੀ ਸਾਂਭ-ਸੰਭਾਲ ’ਤੇ ਕੇਂਦਰਿਤ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਵਧੀਕ ਡਿਪਟੀ ਕਮਿਸ਼ਨਰ (ਜ) ਅਮਿਤ ਕੁਮਾਰ ਪੰਚਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਦਰਵਾੜੇ ਦੌਰਾਨ ਜ਼ਿਲ੍ਹੇ ਦੇ ਹਰ ਆਂਗਣਵਾੜੀ ਕੇਂਦਰ ਅਤੇ ਪਿੰਡਾਂ ਵਿੱਚ ਕੁਪੋਸ਼ਣ ਦੇ ਖਾਤਮੇ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ 16 ਅਤੇ 17 ਮਾਰਚ ਨੂੰ ਆਂਗਣਵਾੜੀ ਸੈਂਟਰਾਂ ਵਿੱਚ ਮੈਡੀਸਨਲ ਬੂਟੇ ਲਗਾਏ ਜਾਣ ਦੇ ਨਾਲ-ਨਾਲ ਰਾਸ਼ਟਰੀ ਮੈਡੀਸਨਲ ਪਲਾਂਟ ਬੋਰਡ ਵਲੋਂ ਕੁਪੋਸ਼ਣ ਤੋਂ ਬਚਾਅ ਲਈ ਜਾਣਕਾਰੀ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ 18 ਅਤੇ 19 ਮਾਰਚ ਨੂੰ ਪੰਚਾਇਤਾਂ ਨਾਲ ਮੀਟਿੰਗਾਂ ਹੋਣਗੀਆਂ ਅਤੇ ਬੱਚਿਆਂ ਦਾ ਭਾਰ ਅਤੇ ਲੰਬਾਈ ਨਾਪੀ ਜਾਵੇਗੀ। ਇਸੇ ਦਿਨ ਬੱਚਿਆਂ ਵਿੱਚ ਕੁਪੋਸ਼ਣ ਦੀ ਜਾਂਚ ਕੀਤੀ ਜਾਵੇਗੀ ਤਾਂ ਜੋ ਕੁਪੋਸ਼ਿਤ ਬੱਚਿਆਂ ਦੀ ਸਿਹਤ ਸੰਭਾਲ ਲਈ ਲੋੜੀਂਦੀ ਕਾਰਵਾਈ ਸਮੇਂ ਸਿਰ ਕੀਤੀ ਜਾ ਸਕੇ।

Advertisements

ਅਮਿਤ ਕੁਮਾਰ ਪੰਚਾਲ ਨੇ ਦੱਸਿਆ ਕਿ 20 ਅਤੇ 21 ਮਾਰਚ ਨੂੰ ਟੀਮਾਂ ਵਲੋਂ ਲੋਕਾਂ ਦੇ ਘਰਾਂ ਵਿੱਚ ਪਹੁੰਚ ਕਰਕੇ ਯੋਗ ਅਤੇ ਆਯੁਰਵੈਦ ਸਬੰਧੀ ਜਾਗਰੂਕਤਾ ਫੈਲਾਈ ਜਾਵੇਗੀ। ਉਨ੍ਹਾਂ ਦੱਸਿਆ ਕਿ 22 ਮਾਰਚ ਨੂੰ ਪ੍ਰਧਾਨ ਮੰਤਰੀ ਵਲੋਂ ਪੋਸ਼ਣ ਐਟਲਸ, ਪੋਸ਼ਣ ਟਰੈਕਰ ਅਤੇ ਮਿਸ਼ਨ ਕਲਪਤਾਰੂ ਲਾਂਚ ਕੀਤਾ ਜਾਵੇਗਾ। ਇਸੇ ਤਰ੍ਹਾਂ 23 ਅਤੇ 24 ਮਾਰਚ ਨੂੰ ਸਾਰੇ ਪਿੰਡਾਂ ਵਿੱਚ ਯੋਗ ਸਬੰਧੀ ਜਾਗਰੂਕਤਾ ਮੁਹਿੰਮ ਚਲਾਈ ਜਾਵੇਗੀ ਅਤੇ 25 ਤੇ 26 ਮਾਰਚ ਨੂੰ ਪੋਸ਼ਣ ਵਾਟਿਕਾ ਬਨਾਉਣ ਲਈ ਵੱਖ-ਵੱਖ ਤਰ੍ਹਾਂ ਦੇ ਬੀਜ ਆਂਗਣਵਾੜੀ ਕੇਂਦਰਾਂ ਅਤੇ ਲੋਕਾਂ ਨੂੰ ਮੁਹੱਈਆ ਕਰਵਾਏ ਜਾਣਗੇ ਤਾਂ ਜੋ ਵੱਧ ਤੋਂ ਵੱਧ ਪੋਸ਼ਣ ਵਾਟਿਕਾ ਬਣਾਈ ਜਾ ਸਕੇ। 27 ਅਤੇ 28 ਮਾਰਚ ਨੂੰ ਵੱਖ-ਵੱਖ ਖੇਤਰਾਂ ਵਿੱਚ ਪ੍ਰੋਗਰਾਮਾਂ ਰਾਹੀਂ ਪੋਸ਼ਣ ਦੇ 5 ਸੂਰਤਾਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਜਿਨ੍ਹਾਂ ਵਿੱਚ ਗਰਭਕਾਲ ਦੇ ਪਹਿਲੇ ਇਕ ਹਜ਼ਾਰ ਦਿਨ ਦੀ ਮਹੱਤਤਾ, ਅਨੀਮੀਆ, ਡਾਇਰਿਆ, ਹੱਥਾਂ ਅਤੇ ਆਲੇ-ਦੁਆਲੇ ਦੀ ਸਫ਼ਾਈ, ਪੌਸ਼ਟਿਕ ਖੁਰਾਕ ਅਤੇ ਪੀਣ ਵਾਲੇ ਸਾਫ ਪਾਣੀ ਦੀ ਵਰਤੋਂ ਬਾਰੇ ਦੱਸਿਆ ਜਾਵੇਗਾ। ਇਸੇ ਤਰ੍ਹਾਂ 29 ਅਤੇ 30 ਮਾਰਚ ਨੂੰ ਘੱਟ ਲਾਗਤ ਨਾਲ ਤਿਆਰ ਹੋਣ ਵਾਲੇ ਪੌਸ਼ਟਿਕ ਭੋਜਨ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਪੌਸ਼ਟਿਕ ਭੋਜਨ ਬਨਾਉਣ ਦੇ ਤਰੀਕਿਆਂ ’ਤੇ ਅਧਾਰਤ ਮੁਕਾਬਲੇ ਕਰਵਾਏ ਜਾਣਗੇ। ਇਸ ਮੌਕੇ ਸਕੂਲੀ ਬੱਚਿਆਂ ਦੇ ਪੌਸ਼ਣ ਨਾਲ ਸਬੰਧਤ ਡਰਾਇੰਗ ਮੁਕਾਬਲੇ ਵੀ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਪੰਦਰਵਾੜੇ ਦੌਰਾਨ ਆਂਗਣਵਾੜੀ ਵਰਕਰਾਂ ਵਲੋਂ ਘਰਾਂ ਦੇ ਦੌਰੇ, ਪ੍ਰਭਾਤ ਫੇਰੀ, ਸਾਈਕਲ ਰੈਲੀ, ਪੋਸ਼ਣ ਵਾਕ, ਹੱਟ ਬਾਜਾਰ, ਉਘੀਆਂ ਸ਼ਖਸੀਅਤਾਂ, ਯੂਥ ਗਰੁੱਪਾਂ ਅਤੇ ਸੈਲਫ ਹੈਲਪ ਗਰੁੱਪਾਂ ਨਾਲ ਮੀਟਿੰਗਾਂ ਕਰਕੇ ਪੌਸ਼ਟਿਕ ਭੋਜਨ ਦੀ ਮਹੱਤਤਾ ਤੋਂ ਜਾਣੂ ਕਰਵਾਇਆ ਜਾਵੇਗਾ। 31 ਮਾਰਚ ਨੂੰ ਸਥਾਨਕ ਨੁਮਾਇੰਦਿਆਂ ਅਤੇ ਯੂਥ ਗਰੁੱਪਾਂ ਦੇ ਸੁਝਾਅ ਲੈਂਦਿਆਂ ਪੋਸ਼ਣ ਅਭਿਆਨ ਅਧੀਨ ਆਉਂਦੇ ਟੀਚਿਆਂ ਨੂੰ ਸਰ ਕਰਨ ਅਤੇ ਪ੍ਰਾਪਤੀਆਂ ਸਬੰਧੀ ਚਰਚਾ ਕੀਤੀ ਜਾਵੇਗੀ।

LEAVE A REPLY

Please enter your comment!
Please enter your name here