ਇਕ ਸਾਲ ’ਚ 262781 ਵਿਅਕਤੀਆਂ ਨੇ ਸੇਵਾ ਕੇਂਦਰਾਂ ’ਚ ਲਈਆਂ ਨਾਗਰਿਕ ਸੇਵਾਵਾਂ: ਅਪਨੀਤ ਰਿਆਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਪੰਜਾਬ ਸਰਕਾਰ ਵਲੋਂ ਇਕੋ ਛੱਤ ਹੇਠ ਬਿਨ੍ਹਾਂ ਕਿਸੇ ਮੁਸ਼ਕਲ ਤੋਂ ਲੋੜੀਂਦੀਆਂ ਨਾਗਰਿਕ ਸੇਵਾਵਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਸ਼ੁਰੂ ਕੀਤੇ ਗਏ ਸੇਵਾ ਕੇਂਦਰਾਂ ਰਾਹੀਂ ਜ਼ਿਲ੍ਹੇ ਵਿਚ ਇਕ ਸਾਲ ਦੌਰਾਨ 2 ਲੱਖ 62 ਹਜ਼ਾਰ 781 ਵਿਅਕਤੀਆਂ ਨੇ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਸੇਵਾਵਾਂ ਬਹੁਤ ਹੀ ਸੁਚੱਜੇ ਢੰਗ ਨਾਲ ਪ੍ਰਾਪਤ ਕੀਤੀਆਂ ਹਨ। ਜ਼ਿਲ੍ਹਾ ਹੁਸ਼ਿਆਰਪੁਰ ਦੇ ਸੇਵਾ ਕੇਂਦਰਾਂ ਦੀ ਕਾਰਗੁਜਾਰੀ ਦਿਨੋਂ ਦਿਨ ਹੋਰ ਬੇਹਤਰੀਨ ਹੁੰਦੀ ਜਾ ਰਹੀ ਹੈ ਜਿਸ ਦਾ ਪ੍ਰਤੱਖ ਜ਼ਿਲ੍ਹੇ ਵਿੱਚ ਨਾਗਰਿਕਾਂ ਦੇ ਬਿਨੈਪੱਤਰਾਂ ਦੀ ਬਕਾਇਆ ਦਰ ਸਿਰਫ 0.06 ਫੀਸਦੀ ਤੋਂ ਲੱਗਦਾ ਹੈ। ਜ਼ਿਲ੍ਹੇ ਦੇ 25 ਸੇਵਾ ਕੇਂਦਰਾਂ ਵਿਚ ਦਿੱਤੀਆਂ ਜਾ ਰਹੀਆਂ ਨਾਗਰਿਕ ਸੇਵਾਵਾਂ ਬਾਰੇ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਮੌਜੂਦਾ ਸਮੇਂ ਵੱਖ-ਵੱਖ ਵਿਭਾਗਾਂ ਨਾਲ ਸਬੰਧਤ 332 ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਜਿਨ੍ਹਾਂ ਵਿਚ ਜਲਦ ਹੀ 192 ਹੋਰ ਸੇਵਾਵਾਂ ਦਾ ਵਾਧਾ ਹੋਣ ਜਾ ਰਿਹਾ ਹੈ ਜਿਹੜੀਆਂ ਕਿ ਸਿਹਤ ਤੇ ਪਰਿਵਾਰ ਭਲਾਈ, ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ, ਸਥਾਨਕ ਸਰਕਾਰਾਂ, ਮੈਡੀਕਲ ਸਿੱਖਿਆ, ਪਾਵਰਕਾਮ, ਸਕੂਲ ਸਿੱਖਿਆ, ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗਾਂ ਨਾਲ ਜੁੜੀਆਂ ਹਨ।

Advertisements

ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਇਕ ਸਾਲ ਦੌਰਾਨ 275818 ਵਿਅਕਤੀਆਂ ਨੇ ਵੱਖ-ਵੱਖ ਨਾਗਰਿਕ ਸੇਵਾਵਾਂ ਲਈ ਅਰਜੀਆਂ ਦਿੱਤੀਆਂ ਸਨ ਜਿਨ੍ਹਾਂ ਵਿਚੋਂ 262781 ਸੇਵਾਵਾਂ ਦਿੱਤੀਆਂ ਜਾ ਚੁੱਕੀਆਂ ਹਨ ਅਤੇ 5555 ਅਰਜੀਆਂ ਵਿਚਾਰ ਅਧੀਨ ਹਨ ਜਦਕਿ 6431 ਰੱਦ ਹੋ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ 884 ਅਰਜੀਆਂ ਦਸਤਾਵੇਜ਼ਾਂ ਦੀ ਘਾਟ ਕਾਰਨ ਕਾਰਵਾਈ ਅਧੀਨ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸੇਵਾ ਕੇਂਦਰਾਂ ਵਿਚ ਨਾਗਰਿਕ ਸੇਵਾਵਾਂ ਦੀ ਪ੍ਰਾਪਤੀ ਸਬੰਧੀ ਜੇਕਰ ਕਿਸੇ ਨੂੰ ਕੋਈ ਸ਼ਿਕਾਇਤ ਹੋਵੇ ਤਾਂ ਉਹ ਟੋਲ ਫਰੀ ਨੰਬਰ 1100 ’ਤੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਦੇ ਸੇਵਾ ਕੇਂਦਰਾਂ ਨਾਲ ਸਬੰਧਤ 125 ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ ਜਿਨ੍ਹਾਂ ’ਚੋਂ 113 ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ ਜਦਕਿ ਬਾਕੀਆਂ ’ਤੇ ਕਾਰਵਾਈ ਜਾਰੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਦੇ ਸੇਵਾ ਕੇਂਦਰਾਂ ਵਿਚ ਨਾਗਰਿਕ ਸੇਵਾਵਾਂ ਤੈਅ ਸਮੇਂ ਤੋਂ ਵੀ ਘੱਟ ਸਮੇਂ ਵਿਚ ਬਿਨੈਕਾਰਾਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਜਿਨ੍ਹਾਂ ਵਿਚ ਵੱਖ-ਵੱਖ ਤਰ੍ਹਾਂ ਦੇ ਸਰਟੀਫਿਕੇਟ, ਦਸਤਾਵੇਜਾਂ ਵਿਚ ਸੋਧ ਆਦਿ ਮੁੱਖ ਤੌਰ ’ਤੇ ਸ਼ਾਮਲ ਹਨ।

ਬਿਨੈਕਾਰਾਂ ਨੇ ਸੇਵਾ ਕੇਂਦਰ ਦੀ ਕਾਰਗੁਜਾਰੀ ਨੂੰ ਸਲਾਹਿਆ: ਸਥਾਨਕ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਦੇ ਸੇਵਾ ਕੇਂਦਰ ਵਿਚ ਆਪਣੇ ਬੱਚੇ ਦੇ ਜਨਮ ਸਰਟੀਫਿਕੇਟ ’ਤੇ ਸੋਧ ਕਰਵਾਉਣ ਪਹੁੰਚੀ ਬਿਨੈਕਾਰ ਪ੍ਰਿਆ ਗੋਇਲ ਨੇ ਦੱਸਿਆ ਕਿ ਉਸ ਦੇ ਦਸਤਾਵੇਜ ਵਿਚ ਸੇਵਾ ਕੇਂਦਰ ਦੇ ਸਟਾਫ਼ ਨੇ ਬਹੁਤ ਹੀ ਘੱਟ ਸਮੇਂ ਵਿਚ ਬਿਨ੍ਹਾਂ ਕਿਸੇ ਅੜਚਨ ਤੋਂ ਸੋਧ ਕਰਕੇ ਉਸ ਨੂੰ ਸੌਂਪਿਆ। ਇਸੇ ਤਰ੍ਹਾਂ ਇਕ ਹੋਰ ਬਿਨੈਕਾਰ ਜੋ ਕਿ ਆਪਣਾ ਲੇਬਰ ਕਾਰਡ ਬਨਵਾਉਣ ਸਬੰਧੀ ਆਇਆ ਸੀ ਨੇ ਵੀ ਸੇਵਾ ਕੇਂਦਰ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਸ ਵਲੋਂ ਲੋੜੀਂਦੀ ਸੇਵਾ ਬਹੁਤ ਹੀ ਸੁਚੱਜੇ ਢੰਗ ਨਾਲ ਮੁਹੱਈਆ ਕਰਵਾਈ ਗਈ।

LEAVE A REPLY

Please enter your comment!
Please enter your name here