ਲੋਕ ਸ਼ਿਕਾਇਤਾਂ ਦੇ ਨਬੇੜੇ ਲਈ ਮੀਲ ਪੱਥਰ ਸਾਬਤ ਹੋਵੇਗਾ 1100 ਨੰਬਰ ਹੈਲਪਲਾਈਨ: ਸੁੰਦਰ ਸ਼ਾਮ ਅਰੋੜਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਪੰਜਾਬ ਦੇ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸ਼ੁਰੂ ਕੀਤੀ ਗਈ 1100 ਹੈਲਪਲਾਈਨ ਲੋਕ ਸ਼ਿਕਾਇਤਾਂ ਦੇ ਨਿਪਟਾਰੇ ਵਿਚ ਅਹਿਮ ਰੋਲ ਅਦਾ ਕਰੇਗੀ ਅਤੇ ਆਨਲਾਈਨ ਦਾਖਲਾ ਪੋਰਟਲ ਵਿਦਿਆਰਥੀਆਂ ਨੂੰ ਉਚੇਰੀਆਂ ਕਲਾਸਾਂ ਵਿਚ ਦਾਖਲਿਆਂ ਦੇ ਨਾਲ-ਨਾਲ ਹਰ ਲੋੜੀਂਦੀ ਜਾਣਕਾਰੀ ਯਕੀਨੀ ਬਣਾਏਗਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਆਨਲਾਈਨ ਢੰਗ ਨਾਲ ਚੰਡੀਗੜ੍ਹ ਤੋਂ 1100 ਹੈਲਪਲਾਈਨ ਅਤੇ ਆਨਲਾਈਨ ਦਾਖਲਾ ਪੋਰਟਲ ਲਾਂਚ ਕਰਨ ਮੌਕੇ ਸਥਾਨਕ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਤੋਂ ਪ੍ਰੋਗਰਾਮ ’ਚ ਸ਼ੁਮਾਰ ਹੁੰਦਿਆਂ ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਦੱਸਿਆ ਕਿ 1100 ਹੈਲਪਲਾਈਨ ਨੰਬਰ ਅਸਰਦਾਰ ਢੰਗ ਨਾਲ ਉਚ ਅਧਿਕਾਰੀਆਂ ਦੀ ਨਿਗਰਾਨੀ ਹੇਠ ਹਰ ਤਰ੍ਹਾਂ ਦੀ ਸ਼ਿਕਾਇਤ ਦਾ ਘੱਟੋ-ਘੱਟ ਸਮੇਂ ’ਚ ਨਿਪਟਾਰਾ ਕਰੇਗਾ। ਉਨ੍ਹਾਂ ਦੱਸਿਆ ਕਿ ਸੂਬੇ ਭਰ ਵਿਚੋਂ ਕਿਸੇ ਵੀ ਤਰ੍ਹਾਂ ਦੀ ਗੈਰ-ਐਮਰਜੈਂਸੀ ਸ਼ਿਕਾਇਤ ਚਾਹੇ ਉਹ ਕਿਸੇ ਵੀ ਵਿਭਾਗ ਨਾਲ ਸਬੰਧਤ ਹੋਵੇ 1100 ਹੈਲਪਲਾਈਨ ’ਤੇ ਦਰਜ ਕਰਵਾਈ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇਸ ਹੈਲਪਲਾਈਨ ’ਤੇ ਕਿਸੇ ਵੀ ਸਮੇਂ ਸ਼ਿਕਾਇਤ ਕੀਤੀ ਜਾ ਸਕਦੀ ਹੈ ਕਿਉਂਕਿ ਹੈਲਪਲਾਈਨ ਡੈਸਕ 24X7 ਉਪਲਬੱਧ ਰਹੇਗਾ ਜਿਥੋਂ ਸ਼ਿਕਾਇਤਕਰਤਾ ਨੂੰ ਉਸ ਦੀ ਸ਼ਿਕਾਇਤ ਸਬੰਧੀ ਸਾਰੀ ਜਾਣਕਾਰੀ ਉਸ ਦੇ ਮੋਬਾਇਲ ’ਤੇ ਸਮੇਂ-ਸਮੇਂ ਸਿਰ ਮਿਲਦੀ ਰਹੇਗੀ।

Advertisements

ਆਨਲਾਈਨ ਦਾਖਲਾ ਪੋਰਟਲ ਦੀ ਸ਼ੁਰੂਆਤ ਮੌਕੇ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਮੌਜੂਦਾ ਸਮੇਂ ਇਹ ਸਹੂਲਤ ਵਿਦਿਆਰਥੀਆਂ ਲਈ ਵਰਦਾਨ ਸਾਬਤ ਹੋਵੇਗੀ ਕਿਉਂਕਿ ਇਸ ਪੋਰਟਲ ਰਾਹੀਂ ਕੋਈ ਵੀ ਵਿਦਿਆਰਥੀ ਬਿਨ੍ਹਾਂ ਕਿਸੇ ਔਕੜ ਅੰਡਰ ਗਰੈਜੂਏਟ ਅਤੇ ਪੋਸਟ ਗਰੈਜੂਏਟ ਕਲਾਸਾਂ ਵਿਚ ਘਰ ਬੈਠੇ ਹੀ ਦਾਖਲਾ ਲਿਆ ਜਾ ਸਕੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ https://admission.punjab.gov.in ਪੋਰਟਲ ਸ਼ੁਰੂ ਕਰ ਦਿੱਤਾ ਗਿਆ ਹੈ ਜਿਸ ਵਿਚ ਕੋਈ ਵਿਦਿਆਰਥੀ ਜਾਂ ਉਨ੍ਹਾਂ ਦੇ ਮਾਪੇ ਘਰ ਬੈਠੇ ਹੀ 59 ਕਾਲਜਾਂ ਵਿਚ ਦਾਖਲਾ ਲੈਣ ਅਤੇ ਹੋਰ ਲੋੜੀਂਦੀ ਜਾਣਕਾਰੀ ਹਾਸਲ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਵਿਦਿਆਰਥੀ ਸਫਾਂ ਵਿਚ ਪੂਰੀ ਸ਼ਲਾਘਾ ਹੋ ਰਹੀ ਹੈ ਅਤੇ ਬਹੁਤ ਘੱਟ ਸਮੇਂ ਵਿਚ 37878 ਵਿਦਿਆਰਥੀਆਂ ਨੇ ਪੋਰਟਲ ’ਤੇ ਦਾਖਲਿਆਂ ਲਈ ਰਜਿਸਟਰੇਸ਼ਨ ਕਰਵਾ ਲਈ ਹੈ। ਸਮਾਗਮ ਦੌਰਾਨ ਮੇਅਰ ਸੁਰਿੰਦਰ ਕੁਮਾਰ, ਡਿਪਟੀ ਕਮਿਸ਼ਨਰ ਅਪਨੀਤ ਰਿਆਤ, ਸਰਕਾਰੀ ਕਾਲਜ ਹੁਸ਼ਿਆਰਪੁਰ ਦੇ ਪਿ੍ਰੰਸੀਪਲ ਡਾ. ਜਸਵਿੰਦਰ ਸਿੰਘ, ਵਾਈਸ ਪ੍ਰਿੰਸੀਪਲ ਯੋਗੇਸ਼, ਸਰਕਾਰੀ ਕਾਲਜ ਟਾਂਡਾ ਦੇ ਪ੍ਰਿੰਸੀਪਲ ਵਿਕਰਮਜੀਤ ਸਿੰਘ, ਸਰਕਾਰੀ ਕਾਲਜ ਤਲਵਾੜਾ ਦੇ ਪ੍ਰਿੰਸੀਪਲ ਬੂਟਾ ਰਾਮ, ਜ਼ਿਲ੍ਹਾ ਈ-ਗਵਰਨੈਂਸ ਕੋਆਰਡੀਨੇਟਰ ਰਣਜੀਤ ਸਿੰਘ ਆਦਿ ਮੌਜੂਦ ਸਨ।

ਹੁਸ਼ਿਆਰਪੁਰ ’ਚ 2536 ਵਿਦਿਆਰਥੀਆਂ ’ਚੋਂ 2344 ਦੇ ਦਸਤਾਵੇਜ਼ਾਂ ਦੀ ਪੜਤਾਲ ਮੁਕੰਮਲ :-ਸੁੰਦਰ ਸ਼ਾਮ ਅਰੋੜਾ ਨੇ ਹੁਸ਼ਿਆਰਪੁਰ ਵਿਚ ਆਨਲਾਈਨ ਪੋਰਟਲ ਰਾਹੀਂ ਹੁਣ ਤੱਕ 2536 ਵਿਦਿਆਰਥੀਆਂ ਨੇ ਅੰਡਰ ਗਰੈਜੂਏਟ ਅਤੇ ਪੋਸਟ ਗਰੈਜੂਏਟ ਕੋਰਸਾਂ ਲਈ ਅਪਲਾਈ ਕੀਤਾ ਹੈ ਜਿਨ੍ਹਾਂ ’ਚੋਂ 2344 ਵਿਦਿਆਰਥੀ ਤਸਦੀਕ ਕੀਤੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਸਰਕਾਰੀ ਕਾਲਜ ਹੁਸ਼ਿਆਰਪੁਰ ਵਿਚ ਅੰਡਰ ਗਰੈਜੂਏਟ ਕੋਰਸਾਂ ਲਈ 1321 ਅਤੇ ਪੋਸਟ ਗਰੈਜੂਏਟ ਕੋਰਸਾਂ ਲਈ 78 ਵਿਦਿਆਰਥੀਆਂ ਨੇ ਆਨਲਾਈਨ ਅਪਲਾਈ ਕੀਤਾ ਹੈ। ਇਸੇ ਤਰ੍ਹਾਂ ਸਰਕਾਰੀ ਕਾਲਜ ਟਾਂਡਾ ’ਚ 221 ਵਿਦਿਆਰਥੀਆਂ ਅਤੇ ਸਰਕਾਰੀ ਕਾਲਜ ਤਲਵਾੜਾ ’ਚ 916 ਵਿਦਿਆਰਥੀਆਂ ਨੇ ਅਪਲਾਈ ਕੀਤਾ ਹੈ ਅਤੇ ਇਨ੍ਹਾਂ ਸਾਰੇ ਵਿਦਿਆਰਥੀਆਂ ’ਚੋਂ 2344 ਦੇ ਦਸਤਾਵੇਜ਼ਾਂ ਦੀ ਪੜਤਾਲ ਹੋ ਚੁੱਕੀ ਹੈ। ਵਿਦਿਆਰਥਣ ਮਨਮੀਤ ਕੌਰ ਦੇ ਪਿਤਾ ਚਰਨਜੀਤ ਸਿੰਘ ਨੇ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਦਾ ਕੀਤਾ ਧੰਨਵਾਦ : ਆਨਲਾਈਨ ਦਾਖਲਾ ਪੋਰਟਲ ਰਾਹੀਂ ਆਪਣੀ ਬੇਟੀ ਮਨਮੀਤ ਕੌਰ ਨੂੰ ਸਰਕਾਰੀ ਕਾਲਜ ਹੁਸ਼ਿਆਰਪੁਰ ਵਿਚ ਬੀ.ਕਾਮ ਪਹਿਲਾ ਸਾਲ ਵਿਚ ਦਾਖਲ ਕਰਵਾਉਣ ਲਈ ਆਨਲਾਈਨ ਅਪਲਾਈ ਕਰਵਾਉਣ ਵਾਲੇ ਸਥਾਨਕ ਗੁਰੂ ਗੋਬਿੰਦ ਸਿੰਘ ਨਗਰ ਵਾਸੀ ਚਰਨਜੀਤ ਸਿੰਘ ਨੇ ਆਨਲਾਈਨ ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਹੋਰਨਾਂ ਸ਼ਖਸੀਅਤਾਂ ਨੂੰ ਸੰਬੋਧਤ ਹੁੰਦਿਆਂ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ।

ਉਨ੍ਹਾਂ ਨੇ ਆਨਲਾਈਨ ਅਪਲਾਈ ਕਰਨ ਸਬੰਧੀ ਆਪਣਾ ਤਜ਼ਰਬਾ ਸਾਂਝਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਘਰ ਬੈਠੇ ਹੀ ਕਾਲਜਾਂ, ਵੱਖ-ਵੱਖ ਵਿਸ਼ਿਆਂ ਅਤੇ ਦਾਖਲਿਆਂ ਦੇ ਨਾਲ-ਨਾਲ ਹਰ ਲੋੜੀਂਦੀ ਜਾਣਕਾਰੀ ਮਿਲੀ ਹੈ ਜਿਸ ਨਾਲ ਉਨ੍ਹਾਂ ਦਾ ਸਮਾਂ ਅਤੇ ਖਰਚ ਦੋਵੇਂ ਬਚੇ ਹਨ। ਉਨ੍ਹਾਂ ਦੱਸਿਆ ਕਿ ਇਹ ਬਹੁਤ ਹੀ ਮਹੱਤਵਪੂਰਨ ਅਤੇ ਲਾਹੇਵੰਦ ਸਹੂਲਤ ਹੈ ਜੋ ਕਿ ਪੰਜਾਬ ਦੇ ਵਿਦਿਆਰਥੀਆਂ ਲਈ ਵਰਦਾਨ ਸਾਬਤ ਹੋਵੇਗੀ। ਸੁੰਦਰ ਸ਼ਾਮ ਅਰੋੜਾ ਵਲੋਂ 3 ਅਹਿਮ ਸੇਵਾਵਾਂ ਦੀ ਸ਼ੁਰੂਆਤ, ਦਸਤਾਵੇਜ਼ਾਂ ’ਤੇ ਕਾਊਂਟਰ ਸਾਈਨ ਲਈ ਨਹੀਂ ਜਾਣਾ ਪਵੇਗਾ ਚੰਡੀਗੜ੍ਹ: ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਅੱਜ ਇਥੇ 3 ਅਹਿਮ ਨਾਗਰਿਕ ਸੇਵਾਵਾਂ ਦੀ ਸ਼ੁਰੂਆਤ ਕਰਵਾਉਂਦਿਆਂ ਲੋਕਾਂ ਦੀ ਸਹੂਲਤ ਲਈ https://connect.punjab.gov.in ਸ਼ੁਰੂ ਕਰਵਾਇਆ ਜਿਸ ਰਾਹੀਂ ਲੋਕ ਸੂਚਨਾ ਦੇ ਅਧਿਕਾਰ ਤਹਿਤ ਕਿਸੇ ਵੀ ਵਿਭਾਗ ਤੋਂ ਜਾਣਕਾਰੀ ਲੈਣ ਲਈ ਅਪਲਾਈ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਅਪਲਾਈ ਕਰਨ ਉਪਰੰਤ ਬਿਨੈਕਾਰ ਦੀ ਅਰਜ਼ੀ ਸਬੰਧਤ ਲੋਕ ਸੂਚਨਾ ਅਫ਼ਸਰ ਕੋਲ ਪਹੁੰਚ ਜਾਵੇਗੀ ਅਤੇ ਇਸ ਸਬੰਧੀ ਲੜੀਂਦੀ ਸੂਚਨਾ ਜਾਂ ਜਾਣਕਾਰੀ ਆਨਲਾਈਨ ਪੋਰਟਲ ਰਾਹੀਂ ਪ੍ਰਾਪਤ ਹੋ ਸਕੇਗੀ। ਉਨ੍ਹਾਂ ਦੱਸਿਆ ਕਿ ਸ਼ੁਰੂਆਤੀ ਪੜਾਅ ਵਿਚ ਪ੍ਰਸ਼ਾਸਨਿਕ ਸੁਧਾਰ ਵਿਭਾਗ ਅਤੇ ਪੰਜਾਬ ਦੇ ਸਾਰੇ ਡੀ.ਸੀ. ਦਫ਼ਤਰ ਇਸ ਪੋਰਟਲ ਦੇ ਘੇਰੇ ਵਿਚ ਲਿਆਂਦੇ ਗਏ ਹਨ ਅਤੇ ਦੂਜੇ ਪੜਾਅ ਵਿਚ ਬਾਕੀ ਵਿਭਾਗਾਂ ਲਈ ਵੀ ਇਹ ਪੋਰਟਲ ਸ਼ੁਰੂ ਹੋ ਜਾਵੇਗਾ।

ਲੋਕਾਂ ਲਈ ਵੱਡੀ ਰਾਹਤ ਯਕੀਨੀ ਬਣਾਉਂਦਿਆਂ ਪੰਜਾਬ ਸਰਕਾਰ ਵਲੋਂ ਪ੍ਰਵਾਸੀ ਭਾਰਤੀਆਂ ਅਤੇ ਵਿਦੇਸ਼ ਜਾਣ ਵਾਲਿਆਂ ਨੂੰ ਲੋੜੀਂਦੇ ਦਸਤਾਵੇਜ਼ ਕਾਊਂਟਰ ਸਾਈਨ ਕਰਵਾਉਣ ਨੂੰ ਬਹੁਤ ਹੀ ਸੌਖਾ ਕਰਦਿਆਂ ਇਹ ਸਹੂਲਤ ਸੇਵਾ ਕੇਂਦਰਾਂ ਰਾਹੀਂ ਦਿੱਤੀ ਜਾਵੇਗੀ ਅਤੇ ਬਿਨੈਕਾਰਾਂ ਨੂੰ ਕਾਊਂਟਰ ਸਾਈਨ ਲਈ ਚੰਡੀਗੜ੍ਹ ਨਹੀਂ ਜਾਣਾ ਪਵੇਗਾ। ਇਸ ਸਬੰਧੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਬਿਨੈਕਾਰਾਂ ਵਲੋਂ ਸਿਰਫ ਲਾਗਲੇ ਸੇਵਾ ਕੇਂਦਰਾਂ ਵਿਚ ਆਪਣੇ ਦਸਤਾਵੇਜ਼ ਜਮ੍ਹਾਂ ਕਰਵਾਉਣੇ ਹੋਣਗੇ ਅਤੇ 500 ਰੁਪਏ ਪ੍ਰਤੀ ਦਸਤਾਵੇਜ਼ ਫੀਸ ਨਾਲ ਉਨ੍ਹਾਂ ਨੂੰ ਆਪਣੇ ਸੇਵਾ ਕੇਂਦਰ ਤੋਂ ਹੀ ਇਹ ਦਸਤਾਵੇਜ਼ ਮਿਲ ਜਾਇਆ ਕਰਨਗੇ। ਹੁਸ਼ਿਆਰਪੁਰ ਦੇ ਪ੍ਰਾਈਵੇਟ ਹਸਪਤਾਲਾਂ ’ਚ ਜਨਮ ਅਤੇ ਮੌਤ ਦੇ ਸਰਟੀਫਿਕੇਟ ਮੁਹੱਈਆ ਕਰਵਾਉਣ ਦੀ ਸ਼ੁਰੂਆਤ ਕਰਵਾਦਿਆਂ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਹੁਣ ਇਨ੍ਹਾਂ ਹਸਪਤਾਲਾਂ ਵਿਚ ਵੀ ਜਨਮ/ਮੌਤ ਦੇ ਸਰਟੀਫਿਕੇਟ ਮਿਲਿਆ ਕਰਨਗੇ। ਇਸ ਸੇਵਾ ਦੀ ਸ਼ੁਰੂਆਤ ਉਦਯੋਗ ਮੰਤਰੀ ਨੇ ਲਲਿਤ ਕੁਮਾਰ, ਪ੍ਰਵੀਨ ਸਹਿਗਲ ਅਤੇ ਰਛਪਾਲ ਸਿੰਘ ਨੂੰ ਉਨ੍ਹਾਂ ਦੇ ਬੱਚਿਆਂ ਦੇ ਜਨਮ ਸਰਟੀਫਿਕੇਟ ਸੌਂਪ ਕੇ ਕਰਵਾਈ।

LEAVE A REPLY

Please enter your comment!
Please enter your name here