ਪੈਨਸ਼ਨ ਰਕਮ ਹੋਈ ਦੁਗਣੀ, ਜ਼ਿਲ੍ਹੇ ’ਚ 148305 ਲਾਭਪਾਤਰੀਆਂ ਨੂੰ ਪ੍ਰਤੀ ਮਹੀਨਾ ਮਿਲੇਗਾ 1500 ਰੁਪਏ: ਸੁੰਦਰ ਸ਼ਾਮ ਅਰੋੜਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਵਲੋਂ ਸਮਾਜਿਕ ਸੁਰੱਖਿਆ ਪੈਨਸ਼ਨਾਂ ਨੂੰ ਦੋਗੁਣਾ ਕਰਕੇ 1500 ਰੁਪਏ ਪ੍ਰਤੀ ਮਹੀਨਾ ਕਰਨ ਨਾਲ ਜ਼ਿਲ੍ਹੇ ਦੇ 148305 ਲਾਭਪਾਤਰੀਆਂ ਨੂੰ ਵਧੀ ਹੋਈ ਪੈਨਸ਼ਨ ਮਿਲੇਗੀ ਜਿਸ ਨਾਲ ਰਾਜ ਸਰਕਾਰ ਵਲੋਂ ਲੋਕਾਂ ਨਾਲ ਕੀਤਾ ਇਕ ਹੋਰ ਅਹਿਮ ਵਾਅਦਾ ਪੂਰਾ ਕੀਤਾ ਗਿਆ ਹੈ।ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਸਥਾਨਕ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਆਨਲਾਈਨ ਪੈਨਸ਼ਨ ’ਚ ਵਾਧੇ ਸਬੰਧੀ ਪ੍ਰੋਗਰਾਮ ਵਿਚ ਹਿੱਸਾ ਲੈਣ ਉਪਰੰਤ 10 ਲਾਭਪਾਤਰੀਆਂ ਨੂੰ ਨਿੱਜੀ ਤੌਰ ’ਤੇ ਵਧੀ ਪੈਨਸ਼ਨ ਦੇ ਚੈਕ ਸੌਂਪਦਿਆਂ ਕਿਹਾ ਕਿ ਪੈਨਸ਼ਨਾਂ ਵਿਚ ਵਾਧੇ ਨਾਲ ਸੂਬੇ ਦੇ 27 ਲੱਖ ਲਾਭਪਾਤਰੀਆਂ ਨੂੰ ਵੱਡਾ ਫਾਇਦਾ ਹੋਵੇਗਾ। ਉਨ੍ਹਾਂ ਕਿਹਾ ਕਿ 2017 ਵਿਚ ਕੀਤਾ ਵਾਅਦਾ ਪੂਰਾ ਹੋਣ ਨਾਲ ਮੌਜੂਦਾ ਸਮੇਂ ਦਿੱਤੀ ਜਾ ਰਹੀ ਪੈਨਸ਼ਨ ਦੋਗੁਣੀ ਹੋ ਕੇ 750 ਰੁਪਏ ਪ੍ਰਤੀ ਮਹੀਨਾ ਤੋਂ 1500 ਰੁਪਏ ਹੋ ਗਈ ਜਿਸ ਨਾਲ ਲੋੜਵੰਦ ਪਰਿਵਾਰਾਂ ਦਾ ਮਾਣ-ਸਨਮਾਨ ਵਧਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ 1 ਲੱਖ 48 ਹਜ਼ਾਰ ਤੋਂ ਵੱਧ ਲਾਭਪਾਤਰੀਆਂ ਦੇ ਖਾਤੇ ਵਿਚ ਹਰ ਮਹੀਨੇ ਵਧੀ ਹੋਈ ਪੈਨਸ਼ਨ ਦੀ ਰਕਮ ਪੰਜਾਬ ਸਰਕਾਰ ਵਲੋਂ ਪਾਈ ਜਾਵੇਗੀ ਜੋ ਕਿ ਕੁੱਲ 22,24,57,500 ਰੁਪਏ ਹੋਵੇਗੀ।

Advertisements

ਸੁੰਦਰ ਸ਼ਾਮ ਅਰੋੜਾ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ 2019-20 ਵਿਚ 2089 ਕਰੋੜ ਰੁਪਏ ਅਤੇ 2020-21 ਦੌਰਾਨ 2277 ਕਰੋੜ ਰੁਪਏ ਦੀ ਸਮਾਜਿਕ ਸੁਰੱਖਿਆ ਪੈਨਸ਼ਨ ਪ੍ਰਦਾਨ ਕੀਤੀ ਹੈ ਜੋ ਕਿ ਲੋਕ ਪੱਖ ਵਿਚ ਇਕ ਵੱਡਾ ਉਪਰਾਲਾ ਸੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ’ਚ ਸੂਬਾ ਸਰਕਾਰ ਵਲੋ ਹੁਣ ਗਰੀਬਾਂ ਅਤੇ ਲੋੜਵੰਦ ਲਈ ਸਮਾਜਿਕ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਤਹਿਤ ਮੌਜੂਦਾ ਪੈਨਸ਼ਨ ਨੂੰ ਦੋਗੁਣਾ ਕਰਨ ਨਾਲ ਸਰਕਾਰੀ ਖ਼ਜਾਨੇ ’ਚੋਂ ਸਲਾਨਾ 4800 ਕਰੋੜ ਰੁਪਏ ਸਮਾਜਿਕ ਸੁਰੱਖਿਆ ਪੈਨਸ਼ਨਾਂ ਵਜੋਂ ਦਿੱਤੇ ਜਾਣਗੇ। ਜ਼ਿਲ੍ਹਾ ਹੁਸ਼ਿਆਰਪੁਰ ਵਿਚ ਬੁਢਾਪਾ ਪੈਨਸ਼ਨਾਂ ਦੇ 87978 ਲਾਭਪਾਤਰੀ ਹਨ ਜਦਕਿ 33454 ਵਿਧਵਾਵਾਂ ਨੂੰ ਪੈਨਸ਼ਨ ਦਿੱਤੀ ਜਾ ਰਹੀ ਹੈ। ਇਸੇ ਤਰ੍ਹਾਂ 12405 ਆਸ਼ਰਿਤ ਬੱਚੇ ਅਤੇ 14468 ਦਿਵਆਂਗ ਲਾਭਪਾਤਰੀਆਂ ਨੂੰ ਪੈਨਸ਼ਨ ਦਿੱਤੀ ਜਾ ਰਹੀ ਹੈ। ਉਦਯੋਗ ਤੇ ਵਣਜ ਮੰਤਰੀ ਨੇ ਸਮਾਗਮ ਉਪਰੰਤ ਬੁਢਾਪਾ ਪੈਨਸ਼ਨਾਂ ਦੇ ਲਾਭਪਾਤਰੀਆਂ ਸੋਹਨ ਲਾਲ, ਦੇਵ ਕੌਰ, ਰਾਣੀ ਅਤੇ ਬੁੱਧ ਰਾਮ ਨੂੰ ਚੈਕ ਸੌਂਪੇ। ਇਸੇ ਤਰ੍ਹਾਂ ਵਿਧਵਾ ਲਾਭਪਾਤਰੀਆਂ ਵਿਚ ਨੀਲਮ, ਸੋਮਾ, ਮਨਜੀਤ ਅਤੇ ਰਜਨੀ ਬਾਲਾ ਨੂੰ ਵਧੀ ਹੋਈ ਪੈਨਸ਼ਨ ਦੇ ਚੈਕ ਦਿੱਤੇ ਗਏ ਅਤੇ ਮਿਸ਼ਨ ਕੁਮਾਰ ਨੂੰ ਆਸ਼ਰਿਤ ਪੈਨਸ਼ਨ ਤੇ ਬਲਵਿੰਦਰ ਕੌਰ ਨੂੰ ਦਿਵਆਂਗ ਲਾਭਪਾਤਰੀ ਵਜੋਂ ਪੈਨਸ਼ਨ ਦਾ ਚੈਕ ਦਿੱਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਅਪਨੀਤ ਰਿਆਤ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਅਮਰਜੀਤ ਸਿੰਘ ਭੁੱਲਰ ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here