ਪਰਾਲੀ ਦੀ ਸੁਚੱਜੀ ਸੰਭਾਲ ਕਰਨ ਵਾਲੀਆਂ ਜ਼ਿਲ੍ਹੇ ਦੀਆਂ 11 ਪੰਚਾਇਤਾਂ ਦਾ ਇਨਾਮਾਂ ਨਾਲ ਕੀਤਾ ਜਾਵੇਗਾ ਸਨਮਾਨ : ਡਾ. ਜਸਵੰਤ ਰਾਏ

ਜਲੰਧਰ  (ਦ ਸਟੈਲਰ ਨਿਊਜ਼)। ਝੋਨੇ ਦੀ ਪਰਾਲੀ ਦੀ ਸੁਚੱਜੀ ਸੰਭਾਲ ਕਰਨ ਵਾਲੇ ਕਿਸਾਨਾਂ, ਖੇਤੀ ਮਸ਼ੀਨਰੀ ਸੇਵਾ ਕੇਂਦਰਾਂ, ਪੰਚਾਇਤਾਂ ਨੂੰ ਨਕਦ ਇਨਾਮਾਂ ਨਾਲ ਸਨਮਾਨਿਤ ਕੀਤਾ ਜਾਵੇਗਾ, ਜਿਸ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਵੱਲੋਂ ਲਗਾਤਾਰ ਕਿਸਾਨਾਂ ਨੂੰ ਜਾਗੂਰਕ ਕੀਤਾ ਜਾ ਰਿਹਾ ਹੈ। ਇਸ ਸਬੰਧੀ ਮੁੱਖ ਖੇਤੀਬਾੜੀ ਅਫ਼ਸਰ ਜਲੰਧਰ ਡਾ. ਜਸਵੰਤ ਰਾਏ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਝੋਨੇ ਦੀ ਪਰਾਲੀ ਨੂੰ ਨਾ ਸਾੜਨ ਸਬੰਧੀ ਉਚੇਚੇ ਯਤਨ ਕਰਨ ਵਾਲੀਆਂ ਜ਼ਿਲ੍ਹੇ ਦੀਆਂ 11 ਪੰਚਾਇਤਾਂ ਨੂੰ ਪ੍ਰਤੀ ਪੰਚਾਇਤ 50,000 ਰੁਪਏ ਇਨਾਮ ਸਰਕਾਰ ਦੀ ਸੀ ਆਰ ਐਮ ਸਕੀਮ ਅਧੀਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਜਿਹੀਆਂ ਪੰਚਾਇਤਾਂ ਦੀ ਚੋਣ ਕਰਨ ਲਈ ਪੰਜਾਬ ਰਿਮੋਟ ਸੈਂਸਿੰਗ ਸੈਟੇਲਾਈਟ ਵੱਲੋਂ ਭੇਜੇ ਡੇਟੇ ਨੂੰ ਆਧਾਰ ਮੰਨ ਕੇ ਜ਼ੀਰੋ ਬਰਨਿੰਗ ਵਾਲੀ ਪੰਚਾਇਤ ਦੀ ਚੋਣ ਕੀਤੀ ਜਾਵੇਗੀ।ਡਾ. ਰਾਏ ਨੇ ਕਿਹਾ ਕਿ ਅਜਿਹੇ ਪਿੰਡ, ਜਿਨ੍ਹਾਂ ਵਿੱਚ 60 ਫੀਸਦੀ ਰਕਬਾ ਝੋਨੇ ਦੀ ਫ਼ਸਲ ਹੇਠ ਹੈ, ਇਸ ਇਨਾਮ ਲਈ ਵਿਚਾਰਣਯੋਗ ਹੋਣਗੇ। ਡਾ. ਰਾਏ ਨੇ ਜ਼ਿਲ੍ਹੇ ਦੀਆਂ ਅਜਿਹੀਆਂ ਪੰਚਾਇਤਾਂ, ਜਿਨ੍ਹਾਂ ਵੱਲੋਂ ਪਿੰਡ ਵਿੱਚ ਝੋਨੇ ਦੀ ਪਰਾਲੀ ਦੀ ਸੰਭਾਲ ਲਈ ਉਚੇਚੇ ਯਤਨ ਕੀਤੇ ਗਏ ਹਨ, ਨੂੰ ਆਪਣਾ ਨਾਮ ਸਬੰਧਤ ਬਲਾਕ ਖੇਤੀਬਾੜੀ ਅਧਿਕਾਰੀ ਰਾਹੀਂ ਜ਼ਿਲ੍ਹੇ ਦੇ ਮੁੱਖ ਦਫ਼ਤਰ ਨੂੰ ਭੇਜਣ ਲਈ ਕਿਹਾ।ਉਨ੍ਹਾਂ ਕਿਹਾ ਕਿ ਕਰਾਪ ਰੈਜ਼ੀਡਿਊ ਮੈਨੇਜਮੈਂਟ ਸਕੀਮ ਅਧੀਨ ਵਿਭਾਗ ਵੱਲੋਂ ਕਿਸਾਨਾਂ ਵਿੱਚ ਪਰਾਲੀ ਦੀ ਸੰਭਾਲ ਸਬੰਧੀ ਉਤਸ਼ਾਹ ਪੈਦਾ ਕਰਨ ਲਈ ਵੱਖ-ਵੱਖ ਕਿਸਾਨ ਜਾਗਰੂਕਤਾ ਕੈਂਪਾਂ ਆਦਿ ਰਾਹੀਂ ਲਗਾਤਾਰ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ।

Advertisements

ਮੁੱਖ ਖੇਤੀਬਾੜੀ ਅਫ਼ਸਰ ਨੇ ਅੱਗੇ ਕਿਹਾ ਕਿ ਇਸੇ ਤਰ੍ਹਾਂ ਜ਼ਿਲ੍ਹੇ ਦੇ 11 ਖੇਤੀ ਮਸ਼ੀਨਰੀ ਸੇਵਾ ਸੈਂਟਰਾਂ ਅਤੇ 11 ਵਿਅਕਤੀਗਤ ਕਿਸਾਨਾਂ ਨੂੰ ਵੀ ਇਨਾਮ ਵੱਜੋਂ ਕ੍ਰਮਵਾਰ 20000 ਰੁਪਏ ਅਤੇ 11000 ਰੁਪਏ ਦਿੱਤੇ ਜਾਣਗੇ।ਖੇਤੀ ਮਸ਼ੀਨਰੀ ਸੇਵਾ ਸੈਟਰਾਂ ਦੀ ਚੋਣ ਆਈ-ਖੇਤ ਮਸ਼ੀਨ ਐਪ ਦੀ ਵਰਤੋਂ ਕਰਦੇ ਹੋਏ ਦੂਜੇ ਕਿਸਾਨਾਂ ਲਈ ਖੇਤੀ ਮਸ਼ੀਨਰੀ ਕਿਰਾਏ ‘ਤੇ ਉੱਪਲਭਧ ਕਰਵਾਉਣ ਵਾਲੇ ਖੇਤੀ ਮਸ਼ੀਨਰੀ ਸੇਵਾ ਸੈਂਟਰਾਂ ਲਈ ਕੀਤੀ ਜਾਵੇਗੀ ਜਦਕਿ ਵਿਅਕਤੀਗਤ ਕਿਸਾਨਾਂ ਦੀ ਚੋਣ ਸਬੰਧਤ ਬਲਾਕ ਖੇਤੀਬਾੜੀ ਅਧਿਕਾਰੀ ਵੱਲੋਂ ਪੰਜਾਬ ਰਿਮੋਟ ਸੈਂਸਿੰਗ ਸੈਟੇਲਾਈਟ ਅਤੇ ਆਈ-ਖੇਤ ਮਸ਼ੀਨ ਐਪ ਦੇ ਆਧਾਰ ‘ਤੇ ਕੀਤੀ ਜਾਵੇਗੀ। ਉਨ੍ਹਾਂ ਜਾਣਕਾਰੀ ਦਿੱਤੀ ਕਿ ਸਰਕਾਰ ਵੱਲੋਂ ਜਾਰੀ ਨਿਰਦੇਸ਼ਾਂ ਅਨੁਸਾਰ ਇਨਾਮਾਂ ਲਈ ਪੰਚਾਇਤਾਂ, ਖੇਤੀ ਮਸ਼ੀਨਰੀ ਸੇਵਾ ਸੈਂਟਰਾਂ ਅਤੇ ਵਿਅਕਤੀਗਤ ਕਿਸਾਨਾਂ ਦੀ ਚੋਣ ਦਾ ਸਮੁੱਚਾ ਕੰਮ 31 ਦਸੰਬਰ 2021 ਤੱਕ ਮੁਕੰਮਲ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਡਾ. ਜਸਵੰਤ ਰਾਏ ਨੇ ਜ਼ਿਲ੍ਹੇ ਦੇ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਦੀ ਸੁੱਚਜੀ ਸੰਭਾਲ ਕਰਦੇ ਹੋਏ ਅਤੇ ਆਪਣਾ ਇਨਾਮ ਹਾਸਲ ਕਰਨ ਲਈ ਦਾਅਵਾ ਆਪਣੇ ਬਲਾਕ ਦੇ ਬਲਾਕ ਖੇਤੀਬਾੜੀ ਅਧਿਕਾਰੀ ਰਾਹੀਂ ਦਰਜ ਕਰਵਾਉਣ ।

LEAVE A REPLY

Please enter your comment!
Please enter your name here