ਬੈਂਕਾਂ ਨਾਲ ਕਰੋੜਾ ਦਾ ਲੈਣ-ਦੇਣ ਰੁਕਣ ਨਾਲ ਵਪਾਰ ਦਾ ਸੰਤੁਲਨ ਵਿਗੜਿਆ

ਜਲੰਧਰ (ਦ ਸਟੈਲਰ ਨਿਊਜ਼), ਰਿਪੋਰਟ- ਅਭਿਸ਼ੇਕ ਕੁਮਾਰ। ਜਨਤਕ ਖੇਤਰ ਦੇ banks PSB ਦੀ 2 ਰੋਜ਼ਾ ਹੜਤਾਲ ਨਾਲ ਜਲੰਧਰ ਜ਼ਿਲ੍ਹੇ ਦੀਆਂ 720 ਬ੍ਰਾਂਚਾਂ ਨਾਲ 1500 ਕਰੋੜ ਦਾ ਲੈਣ-ਦੇਣ ਰੁਕਣ ਨਾਲ ਵਪਾਰ ਦਾ ਸੰਤੁਲਨ ਵਿਗੜ ਗਿਆ ਹੈ, ਜਿਸ ਨੂੰ ਪਟੜੀ ’ਤੇ ਆਉਣ ਵਿਚ ਅਜੇ ਕੁਝ ਸਮਾਂ ਲੱਗੇਗਾ ਅਤੇ ਵਪਾਰੀਆਂ ਨੂੰ ਅਜੇ ਕੁਝ ਦਿਨ ਪਰੇਸ਼ਾਨੀ ਉਠਾਉਣੀ ਪਵੇਗੀ ਕਿਉਂਕਿ 60 ਹਜ਼ਾਰ ਤੋਂ ਵੱਧ ਚੈੱਕਾਂ ਦੀ ਕਲੀਅਰਿੰਗ ਪੈਂਡਿੰਗ ਪਈ ਹੈ। ਬੈਂਕਾਂ ਦੀ ਹੜਤਾਲ ਨਾਲ ਉਦਯੋਗਾਂ ਨੂੰ ਕੱਚਾ ਮਾਲ ਮਿਲਣ ਵਿਚ ਬਹੁਤ ਪਰੇਸ਼ਾਨੀ ਹੋਈ ਕਿਉਂਕਿ ਮਾਰਕੀਟ ਵਿਚ ਮੰਦੇ ਦੇ ਦੌਰ ਕਾਰਨ ਪੈਸਿਆਂ ਦੇ ਬਿਨਾਂ ਵਪਾਰ ਕਰਨਾ ਅੱਜ ਦੇ ਸਮੇਂ ਵਿਚ ਬਹੁਤ ਮੁਸ਼ਕਿਲ ਹੋ ਚੁੱਕਾ ਹੈ। ਮੰਡੀ ਗੋਬਿੰਦਗੜ੍ਹ ਸਮੇਤ ਦੂਜੇ ਸ਼ਹਿਰਾਂ ਅਤੇ ਸੂਬਿਆਂ ਤੋਂ ਆਰਡਰ ਮੰਗਵਾਉਣ ਲਈ ਪਾਰਟੀ ਦੇ ਖਾਤੇ ਵਿਚ ਆਰ. ਟੀ. ਜੀ. ਐੱਸ. ਜਾਂ ਹੋਰ ਢੰਗਾਂ ਜ਼ਰੀਏ ਰਾਸ਼ੀ ਜਾਣ ਤੋਂ ਬਾਅਦ ਹੀ ਮਾਲ ਗੋਦਾਮ ਵਿਚੋਂ ਨਿਕਲਦਾ ਹੈ। ਬੈਂਕਾਂ ਦੀ ਹੜਤਾਲ ਕਾਰਨ ਕਈ ਵਪਾਰੀ ਲੈਣ-ਦੇਣ ਨਹੀਂ ਕਰ ਸਕੇ, ਜਿਸ ਕਾਰਨ ਹਰ ਫੀਲਡ ਦੇ ਵਪਾਰੀਆਂ ਨੂੰ ਪਰੇਸ਼ਾਨੀ ਝੱਲਣੀ ਪਈ ਹੈ।

Advertisements

ਉਥੇ ਹੀ, ਹੜਤਾਲ ਕਾਰਨ ਜਨਤਾ ਵਿਚ ਹਾਹਾਕਾਰ ਮਚੀ ਵੇਖੀ ਗਈ।ਕੇਂਦਰ ਸਰਕਾਰ ਵੱਲੋਂ ਸੰਸਦ ਵਿਚ ਬੈਂਕਾਂ ਦੇ ਨਿੱਜੀਕਰਨ ਬਾਰੇ ਬਿੱਲ ਪੇਸ਼ ਕਰਨ ਦਾ ਵਿਰੋਧ ਕਰ ਰਹੀ ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨਜ਼ (ਯੂ. ਐੱਫ. ਬੀ. ਯੂ.) ਦੀ ਅਗਵਾਈ ਵਿਚ ਜਲੰਧਰ ਜ਼ਿਲ੍ਹੇ ਦੀਆਂ 720 ਬ੍ਰਾਂਚਾਂ ਦੇ ਹਜ਼ਾਰਾਂ ਬੈਂਕ ਕਰਮਚਾਰੀਆਂ ਵੱਲੋਂ ਥਾਂ-ਥਾਂ ਰੋਸ ਪ੍ਰਦਰਸ਼ਨ ਕਰਦੇ ਹੋਏ ਕੇਂਦਰ ਸਰਕਾਰ ਦੀ ਆਲੋਚਨਾ ਕੀਤੀ ਗਈ। ਬੈਂਕ ਕਰਮਚਾਰੀਆਂ ਵੱਲੋਂ ਹੜਤਾਲ ਵਿਚ ‘ਬੈਂਕ ਬਚਾਓ, ਦੇਸ਼ ਬਚਾਓ’ ਦਾ ਨਾਅਰਾ ਦਿੱਤਾ ਗਿਆ। ਇਸ ਲੜੀ ਵਿਚ ਸਵੇਰੇ ਪੀ. ਐੱਨ. ਬੀ. ਦੇ ਬਾਹਰ ਰੋਸ ਪ੍ਰਦਰਸ਼ਨ ਕਰਦੇ ਹੋਏ ਸਾਰੇ ਬੈਂਕ ਕਰਮਚਾਰੀਆਂ ਨੂੰ ਇਕਜੁੱਟ ਹੋਣ ਦੀ ਅਪੀਲ ਕੀਤੀ ਗਈ। ਉਪਰੰਤ ਵੱਖ-ਵੱਖ ਬੈਂਕਾਂ ਦੇ ਕਰਮਚਾਰੀਆਂ ਵੱਲੋਂ ਰੋਸ ਰੈਲੀ ਕੱਢੀ ਗਈ ਅਤੇ ਕਈ ਯੂਨੀਅਨਾਂ ਦੇ ਸੈਂਕੜੇ ਮੈਂਬਰ ਐੱਸ. ਬੀ. ਆਈ. ਦੇ ਬਾਹਰ ਇਕੱਠੇ ਹੋਏ ਅਤੇ ਆਉਣ ਵਾਲੇ ਦਿਨਾਂ ਵਿਚ ਦੋਬਾਰਾ ਹੜਤਾਲ ’ਤੇ ਜਾਣ ਦੀ ਚਿਤਾਵਨੀ ਦਿੱਤੀ।

ਐੱਸ. ਬੀ. ਆਈ. ਦੀ ਮੇਨ ਬ੍ਰਾਂਚ ਦੇ ਬਾਹਰ ਰੋਸ ਪ੍ਰਦਰਸ਼ਨ ਕਰ ਰਹੇ ਕਾਮਰੇਡ ਪਵਨ ਬੱਸੀ, ਰਾਜ ਕੁਮਾਰ ਭਗਤ, ਦਿਨੇਸ਼ ਡੋਗਰਾ, ਸੰਜੀਵ ਭੱਲਾ, ਬਲਜੀਤ ਕੌਰ, ਆਰ. ਕੇ. ਠਾਕੁਰ ਅਤੇ ਜਸਵਿੰਦਰ ਸਿੰਘ ਨੇ ਕਿਹਾ ਕਿ ਕੇਂਦਰ ਵੱਲੋਂ ਸਰਕਾਰੀ ਵਿਭਾਗਾਂ ਨੂੰ ਪ੍ਰਾਈਵੇਟ ਹੱਥਾਂ ਵਿਚ ਸੌਂਪ ਕੇ ਦੇਸ਼ ਦਾ ਵੱਡਾ ਨੁਕਸਾਨ ਕੀਤਾ ਜਾ ਰਿਹਾ ਹੈ, ਜਿਸ ਦੀ ਭਰਪਾਈ ਹੋਣੀ ਸੰਭਵ ਨਹੀਂ। ਉਨ੍ਹਾਂ ਕਿਹਾ ਕਿ ਬੈਂਕ ਅੱਜ ਦੇ ਸਮੇਂ ਵਿਚ ਸਾਰਿਆਂ ਦੀ ਲੋੜ ਹੈ। 5 ਹਜ਼ਾਰ ਰੁਪਏ ਕਮਾਉਣ ਵਾਲਾ ਵੀ ਬੈਂਕ ਖਾਤੇ ਦੀ ਵਰਤੋਂ ਕਰਦਾ ਹੈ। ਕੇਂਦਰ ਸਰਕਾਰ ਦੀਆਂ ਨੀਤੀਆਂ ਨਾਲ ਲੋਕਾਂ ਲਈ ਬੈਂਕਿੰਗ ਸੇਵਾਵਾਂ ਮਹਿੰਗੀਆਂ ਹੋ ਜਾਣਗੀਆਂ ਅਤੇ ਉਨ੍ਹਾਂ ਲਈ ਲੋਨ ਲੈਣਾ ਮੁਸ਼ਕਿਲ ਹੋਵੇਗਾ। ਜਿਹੜੇ ਲੋਕਾਂ ਨੂੰ ਲੋਨ ਦਿੱਤੇ ਜਾਣਗੇ, ਉਨ੍ਹਾਂ ’ਤੇ ਵਾਧੂ ਖਰਚੇ ਪਾਏ ਜਾਣਗੇ ਅਤੇ ਦੇਸ਼ ਦੀ ਜਨਤਾ ਨੂੰ ਲੁੱਟਣ ਦੀਆਂ ਨੀਤੀਆਂ ਬਣਾਈਆਂ ਜਾਣਗੀਆਂ। ਯੂਨੀਅਨ ਬੈਂਕ ਆਫਿਸਰਜ਼ ਐਸੋਸੀਏਸ਼ਨ (ਪੰਜਾਬ ਐਂਡ ਜੇ. ਕੇ.) ਵੱਲੋਂ ਸ਼ਾਸਤਰੀ ਮਾਰਕੀਟ ਨੇੜੇ ਬੈਂਕ ਕੰਪਲੈਕਸ ਵਿਚ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਐਸੋਸੀਏਸ਼ਨ ਦੇ ਜਨਰਲ ਸਕੱਤਰ ਸਵਰਨ ਦਾਸ, ਆਰ. ਕੇ. ਜੌਲੀ, ਅਜੇ ਕੁਮਾਰ, ਰੁਪਿੰਦਰ ਸਿੰਘ ਵਿਰਦੀ, ਹਿਮਾਂਸ਼ੂ ਠਾਕੁਰ ਅਤੇ ਨੀਰਜ ਠਾਕੁਰ ਨੇ ਕਿਹਾ ਕਿ ਸਰਕਾਰ ਨੂੰ ਚੁੱਕਿਆ ਆਪਣਾ ਇਹ ਕਦਮ ਵਾਪਸ ਲੈਣਾ ਚਾਹੀਦਾ ਹੈ। 

LEAVE A REPLY

Please enter your comment!
Please enter your name here