ਸਮਾਰਟ ਸਿਟੀ ਪ੍ਰੋਜੈਕਟ: ਅਧਿਕਾਰੀਆਂ ਦੀ ਢਿੱਲੀ ਕਾਰਗੁਜਾਰੀ ਨਾਲ ਬੀਮਾਰ ਹੋ ਰਹੇ ਜਲੰਧਰ ਦੇ ਲੋਕ

ਜਲੰਧਰ (ਦ ਸਟੈਲਰ ਨਿਊਜ਼) ਰਿਪੋਰਟ: ਅਭਿਸ਼ੇਕ ਕੁਮਾਰ। ਅੱਜ ਤੋਂ ਲਗਭਗ 5 ਸਾਲ ਪਹਿਲਾਂ ਜਦੋਂ ਜਲੰਧਰ ਨੂੰ ਸਮਾਰਟ ਸਿਟੀ ਬਣਨ ਜਾ ਰਹੇ ਸ਼ਹਿਰਾਂ ਦੀ ਸੂਚੀ ’ਚ ਸ਼ਾਮਲ ਕੀਤਾ ਗਿਆ ਸੀ ਉਦੋਂ ਤੋਂ ਹੀ ਸ਼ਹਿਰ ਵਾਸੀਆਂ ’ਚ ਆਸ ਜਾਗੀ ਸੀ ਕਿ ਹੁਣ ਉਨ੍ਹਾਂ ਨੂੰ ਨਵੇਂ-ਨਵੇਂ ਪ੍ਰਾਜੈਕਟ ਮਿਲਣਗੇ ਅਤੇ ਉਨ੍ਹਾਂ ਦੇ ਜੀਵਨ ਪੱਧਰ ’ਚ ਸੁਧਾਰ ਆਵੇਗਾ। ਇਨ੍ਹਾਂ 5 ਸਾਲਾਂ ਦੌਰਾਨ ਸਮਾਰਟ ਸਿਟੀ ਜਲੰਧਰ ਕੰਪਨੀ ਦੀ ਕਾਰਗੁਜਾਰੀ ਲੋਕਾਂ ਦੀ ਆਸ ਦੇ ਬਿਲਕੁਲ ਉਲਟ ਰਹੀ। ਹੁਣ ਤੱਕ ਸਮਾਰਟ ਸਿਟੀ ਦੇ ਜਿਹੜੇ ਵੀ ਪ੍ਰਾਜੈਕਟ ਸਿਰੇ ਚੜ੍ਹੇ ਹਨ, ਆਮ ਲੋਕਾਂ ਨੂੰ ਉਨ੍ਹਾਂ ਦਾ ਕੋਈ ਲਾਭ ਨਹੀਂ ਮਿਲਿਆ, ਸਗੋਂ ਜਿਹੜੇ ਪ੍ਰਾਜੈਕਟ ਚੱਲ ਵੀ ਰਹੇ ਹਨ, ਉਨ੍ਹਾਂ ਨੂੰ ਵੀ ਲੈ ਕੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਝੱਲਣੀਆਂ ਪੈ ਰਹੀਆਂ ਹਨ। ਹਾਲਾਤ ਇਹ ਹਨ ਕਿ ਜਿਹੜਾ ਜਲੰਧਰ ਸ਼ਹਿਰ ਇਨ੍ਹਾਂ 5 ਸਾਲਾਂ ਵਿਚ ਸਮਾਰਟ ਬਣ ਜਾਣਾ ਚਾਹੀਦਾ ਸੀ, ਉਹ ਅੱਜ ਪੰਜਾਬ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਬਣ ਕੇ ਰਹਿ ਗਿਆ ਹੈ।

Advertisements

ਜ਼ਿਕਰਯੋਗ ਹੈ ਕਿ ਸਮਾਰਟ ਸਿਟੀ ਨੇ ਪਿਛਲੇ ਕੁਝ ਸਾਲਾਂ ਤੋਂ ਸਟਾਰਮ ਵਾਟਰ ਸੀਵਰ, ਸਰਫੇਸ ਵਾਟਰ ਪ੍ਰਾਜੈਕਟ ਅਤੇ ਸਮਾਰਟ ਰੋਡ ਪ੍ਰਾਜੈਕਟ ਦੇ ਨਾਂ ’ਤੇ ਸ਼ਹਿਰ ਦੀਆਂ ਸਾਰੀਆਂ ਸੜਕਾਂ ਨੂੰ ਪੁੱਟਿਆ ਹੋਇਆ ਹੈ। ਵਧੇਰੇ ਸੜਕਾਂ ਨੂੰ ਦੁਬਾਰਾ ਬਣਾਇਆ ਨਹੀਂ ਗਿਆ ਅਤੇ ਜਿਥੇ ਲੁੱਕ-ਬੱਜਰੀ ਪਾਈ ਵੀ ਗਈ ਹੈ, ਉਥੇ ਵੀ ਬਹੁਤ ਘਟੀਆ ਪੱਧਰ ਦਾ ਕੰਮ ਕੀਤਾ ਗਿਆ ਹੈ। ਅੱਜ ਮਕਸੂਦਾਂ ਤੋਂ ਲੈ ਕੇ ਪੁਰਾਣੀ ਸਬਜੀ ਮੰਡੀ ਚੌਕ ਤੱਕ ਦਾ ਕਈ ਕਿਲੋਮੀਟਰ ਦਾ ਇਲਾਕਾ ਲੋਕਾਂ ਦੀ ਪ੍ਰੇਸ਼ਾਨੀ ਦਾ ਕਾਰਨ ਬਣਿਆ ਹੋਇਆ ਹੈ। ਵਰਕਸ਼ਾਪ ਚੌਕ ਤੋਂ ਕਪੂਰਥਲਾ ਚੌਕ ਅਤੇ ਕਪੂਰਥਲਾ ਚੌਕ ਤੋਂ ਬਸਤੀ ਬਾਵਾ ਖੇਲ ਦੇ ਨਾਲ-ਨਾਲ 120 ਫੁੱਟੀ ਰੋਡ ਦਾ ਵੀ ਬੁਰਾ ਹਾਲ ਹੈ। ਇਨ੍ਹਾਂ ਸੜਕਾਂ ਤੋਂ ਉੱਡਦੀ ਧੂੜ-ਮਿੱਟੀ ਨੇ ਅੱਧੇ ਸ਼ਹਿਰ ਨੂੰ ਆਪਣੀ ਲਪੇਟ ਵਿਚ ਲਿਆ ਹੋਇਆ ਹੈ। ਠੇਕੇਦਾਰਾਂ ਨਾਲ ਸੈਟਿੰਗ ਕਰੀ ਬੈਠੇ ਸਮਾਰਟ ਸਿਟੀ ਦੇ ਅਧਿਕਾਰੀਆਂ ਨੂੰ ਲੋਕਾਂ ਦੀ ਕੋਈ ਪ੍ਰਵਾਹ ਨਹੀਂ ਹੈ, ਜਿਹੜੇ ਇਨ੍ਹਾਂ ਸੜਕਾਂ ਤੋਂ ਉੱਡਦੀ ਧੂੜ-ਮਿੱਟੀ ਕਾਰਨ ਬੀਮਾਰ ਹੋ ਰਹੇ ਹਨ।

LEAVE A REPLY

Please enter your comment!
Please enter your name here