106 ਸਾਲਾ ਅਤੇ 102 ਸਾਲਾ ਬਜ਼ੁਰਗ ਔਰਤਾਂ ਵਲੋਂ ਮਤਦਾਨ, 3 ਵਜੇ ਤੱਕ ਹੋਈ 45 ਫੀਸਦੀ ਪੋਲਿੰਗ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਪੰਜਾਬ ਵਿਧਾਨ ਸਭਾ ਚੋਣਾਂ-2022 ਸਬੰਧੀ ਹੁਸ਼ਿਆਰਪੁਰ ਜ਼ਿਲ੍ਹੇ ਦੇ 7 ਵਿਧਾਨ ਸਭਾ ਹਲਕਿਆਂ ਵਿਚ ਹਰ ਉਮਰ ਵਰਗ ਦੇ ਵੋਟਰਾਂ ਵਲੋਂ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦੌਰਾਨ ਕਾਫ਼ੀ ਉਤਸ਼ਾਹ ਦਿਖਾਈ ਦਿੱਤਾ। ਜਿਥੇ ਨੌਜਵਾਨ, ਦਿਵਆਂਗਜਨ, ਮਹਿਲਾ ਵੋਟਰ ਮਤਦਾਨ ਕਰਨ ਲਈ ਅੱਗੇ ਆਏ, ਉਥੇ ਸੀਨੀਅਰ ਸਿਟੀਜਨ ਵੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਮੋਹਰਲੀ ਕਤਾਰ ਵਿਚ ਨਜ਼ਰ ਆਏ। ਪਿੰਡ ਨੰਦਨ ਦੀ 106 ਸਾਲਾ ਬਜ਼ੁਰਗ ਮਹਿਲਾ ਜੀਓ ਨੇ ਬੂਥ ਨੰਬਰ 28 ’ਤੇ ਪਹੁੰਚ ਕੇ ਆਪਣੀ ਵੋਟ ਪੋਲ ਕੀਤੀ। ਇਨ੍ਹਾਂ ਤੋਂ ਇਲਾਵਾ 102 ਸਾਲਾ ਸ਼ੰਕੁਤਲਾ ਦੇਵੀ ਨੇ ਬੂਥ ਨੰਬਰ 187, ਬੈਂਕ ਕਲੋਨੀ ਹੁਸ਼ਿਆਰਪੁਰ ਵਿਖੇ ਆਪਣਾ ਮਤਦਾਨ ਕੀਤਾ। ਭਾਰਤ ਚੋਣ ਕਮਿਸ਼ਨ ਵਲੋਂ ਭਾਵੇਂ 80 ਸਾਲ ਤੋਂ ਵੱਧ ਉਮਰ ਦੇ ਵੋਟਰਾਂ ਨੂੰ ਘਰਾਂ ਵਿਚ ਹੀ ਵੋਟ ਪਾਉਣ ਲਈ ਪੋਸਟਲ ਬੈਲਟ ਦੀ ਸਹੂਲਤ ਦਿੱਤੀ ਗਈ ਸੀ, ਪਰ ਇਨ੍ਹਾਂ ਬਜ਼ੁਰਗ ਮਹਿਲਾਵਾਂ ਨੇ ਖੁਦ ਬੂਥਾਂ ’ਤੇ ਜਾ ਕੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ।
ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਬਜ਼ੁਰਗ ਮਹਿਲਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹਰੇਕ ਵੋਟਰ ਨੂੰ ਆਪਣਾ ਮਤਦਾਨ ਕਰਕੇ ਮਜ਼ਬੂਤ ਲੋਕਤੰਤਰ ਵਿਚ ਹਿੱਸਾ ਪਾਉਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਸ਼ਾਂਤੀਪੂਰਨ ਢੰਗ ਨਾਲ 3 ਵਜੇ ਤੱਕ ਕਰੀਬ 45 ਫੀਸਦੀ ਪੋਲਿੰਗ ਹੋਈ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ ਚੱਬੇਵਾਲ ਵਿਖੇ 46.8 ਫੀਸਦੀ, ਦਸੂਹਾ 44.2, ਗੜ੍ਹਸ਼ੰਕਰ 49.1, ਹੁਸ਼ਿਆਰਪੁਰ 36.7, ਮੁਕੇਰੀਆਂ 50.4, ਸ਼ਾਮਚੁਰਾਸੀ 41.3 ਅਤੇ ਉੜਮੁੜ ਵਿਧਾਨ ਸਭਾ ਹਲਕਾ ਵਿਖੇ 46.8 ਫੀਸਦੀ ਪੋਲਿੰਗ ਹੋਈ।

Advertisements

LEAVE A REPLY

Please enter your comment!
Please enter your name here