ਜਰੂਰੀ ਦਵਾਈਆਂ ਦੀਆਂ ਕੀਮਤਾਂ ਵਿੱਚ ਵਾਧਾ ਮੰਦਭਾਗਾ: ਡਾ.ਅਜੇ ਬੱਗਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਮਾਜਿਕ ਜਾਗਰੂਕਤਾ ਲਈ ਕੰਮ ਕਰ ਰਹੀ ਸੰਸਥਾ “ਸਵੇਰਾ” ਨੇ 800 ਤੋਂ ਵੱਧ ਜਰੂਰੀ ਦਵਾਈਆਂ ਦੀਆਂ ਕੀਮਤਾਂ ਵਿੱਚ ਵਾਧੇ ਤੇ ਚਿੰਤਾ ਪ੍ਰਗਟ ਕਰਦਿਆਂ ਇਸ ਨੂੰ ਮੰਦਭਾਗਾ ਕਰਾਰ ਦਿੱਤਾ ਅਤੇ ਆਖਿਆ ਕਿ ਇਸ ਨਾਲ ਗਰੀਬ ਆਦਮੀ ਲਈ ਆਪਣਾ ਇਲਾਜ ਕਰਵਾਉਣਾ ਮੁਸ਼ਕਲ ਹੋ ਜਾਵੇਗਾ।

Advertisements

“ਸਵੇਰਾ” ਦੇ ਕਨਵੀਨਰ ਡਾ.ਅਜੇ ਬੱਗਾ ਨੇ ਦੱਸਿਆ ਕਿ 800 ਤੋਂ ਵੱਧ ਜਰੂਰੀ ਦਵਾਈਆਂ ਜਿਹੜੀਆਂ ਆਮ ਬਿਮਾਰੀਆਂ ਵਿੱਚ ਇਸਤੇਮਾਲ ਹੁੰਦੀਆਂ ਹਨ ਉਹਨਾਂ ਵਿੱਚ 10% ਤੋਂ ਜਿਆਦਾ ਵਾਧਾ ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਟੀ ਦੀ ਪ੍ਰਵਾਨਗੀ ਤੋਂ ਬਾਅਦ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਇਹ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਪਿਛਲੇ ਕੁੱਝ ਸਮੇਂ ਤੋਂ ਕੀਮਤਾਂ ਵਿੱਚ ਵਾਧੇ ਦੀ ਮੰਗ ਕਰ ਰਹੀਆਂ ਸਨ ਕਿਊਂਕਿ ਦਵਾਈਆਂ ਦੇ ਬਣਾਉਣ ਵਿੱਚ ਇਸਤੇਮਾਲ ਹੋਣ ਵਾਲਾ ਕੱਚਾ ਮਾਲ ਵਿਦੇਸ਼ਾਂ ਤੋਂ ਮਹਿੰਗਾ ਮਿਲ ਰਿਹਾ ਸੀ।
ਡਾ.ਬੱਗਾ ਨੇ ਆਖਿਆ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਸੀ ਕਿ ਜਰੂਰੀ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਨੂੰ ਟੈਕਸਾਂ ਆਦਿ ਵਿੱਚ ਰਿਆਇਤਾਂ ਦੇ ਦਿੰਦੀ ਤਾਂ ਕਿ ਕੱਚੇ ਮਾਲ ਦੀਆਂ ਕੀਮਤਾਂ ਵਿੱਚ ਹੋਏ ਵਾਧੇ ਕਾਰਨ ਕੰਪਨੀਆਂ ਨੂੰ ਹੋ ਰਹੇ ਆਰਥਿਕ ਨੁਕਸਾਨ ਦੀ ਭਰਪਾਈ ਹੋ ਜਾਂਦੀ। ਉਹਨਾਂ ਕਿਹਾ ਕਿ ਜਰੂਰੀ ਦਵਾਈਆਂ ਦੀਆਂ ਕੀਮਤਾਂ ਵਿੱਚ ਵਾਧਾ ਕਰਕੇ ਕੰਪਨੀਆਂ ਨੂੰ ਆਰਥਿਕ ਲਾਭ ਦੇਣਾ ਤਰਕ ਸੰਗਤ ਨਹੀਂ ਹੈ।
ਤੇਲ, ਡੀਜਲ , ਗੈਸ ਅਤੇ ਖਾਣ ਵਾਲੇ ਘਿਓ ਤੇਲ ਦੀਆਂ ਕੀਮਤਾਂ ਵਿੱਚ ਵਾਧੇ ਤੋਂ ਜਨਤਾ ਪਹਿਲਾਂ ਹੀ ਪ੍ਰੇਸ਼ਾਨ ਹੈ। ਡਾ.ਬੱਗਾ ਨੇ ਆਖਿਆ ਕਿ ਬਿਮਾਰੀ ਦੌਰਾਨ ਇਸਤੇਮਾਲ ਹੋਣ ਵਾਲੀਆਂ ਜਰੂਰੀ ਦਵਾਈਆਂ ਦੀਆਂ ਕੀਮਤਾਂ ਵਿੱਚ ਹੋਇਆ ਵਾਧਾ ਜਨਤਾ ਦੀ ਪ੍ਰੇਸ਼ਾਨੀ ਨੂੰ ਹੋਰ ਵਧਾਵੇਗਾ।

LEAVE A REPLY

Please enter your comment!
Please enter your name here