ਸੜਕ ਹਾਦਸੇ ਦੋਰਾਨ ਜ਼ਖ਼ਮੀਆਂ ਦੀ ਸਹਾਇਤਾ ਲਈ ਦਿੱਲੀ ਦੀ ਤਰਜ ਤੇ ਸ਼ੁਰੂ ਕੀਤੀ ਜਾਵੇ ‘ਫ਼ਰਿਸ਼ਤੇ ਪੰਜਾਬ ਦੇ’ ਸਕੀਮ : ਪ੍ਰੋ.ਸੁਨੇਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸੜਕੀ ਦੁਰਘਟਨਾਵਾਂ ਦੋਰਾਨ ਜ਼ਖ਼ਮੀ ਹੋਏ ਵਿਅਕਤੀਆਂ ਨੂੰ ਮੋਕੇ ਤੇ ਸਹਾਇਤਾ ਨਾ ਮਿਲਣ ਕਾਰਨ ਹਰ ਸਾਲ ਦੇਸ਼ ਭਰ ਵਿੱਚ ਹਜ਼ਾਰਾਂ ਵਿਅਕਤੀਆਂ ਦੀਆਂ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਹਨ। ਕਈ ਪਰਿਵਾਰ ਬਰਬਾਦ ਹੋ ਜਾਂਦੇ ਹਨ। ਇਹੋ ਜਿਹੀਆਂ ਦੁਰਘਟਨਾਵਾਂ ਦੋਰਾਨ ਜ਼ਖ਼ਮੀ ਹੋਏ ਵਿਅਕਤੀਆਂ ਨੂੰ ਬਚਾਉਣ ਵਾਲੇਆਂ ਲਈ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਦਿੱਲੀ ਦੀ ਸਰਕਾਰ ਵੱਲੋਂ ‘ਫ਼ਰਿਸ਼ਤੇ ਦਿੱਲੀ ਦੇ’ ਸਕੀਮ ਅਧੀਨ ਕੀਤਾ ਜਾ ਰਿਹਾ ਹੈ। ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਵੱਲੋਂ 2018 ਵਿੱਚ ਸ਼ੁਰੂ ਕੀਤੀ ਗਈ ਇਹ ਸਕੀਮ ਹਜ਼ਾਰਾਂ ਹੀ ਕੀਮਤੀ ਜਾਨਾਂ ਬਚਾਉਣ ਲਈ ਵਰਦਾਨ ਸਾਬਿਤ ਹੋ ਰਹੀ ਹੈ। ਪੰਜਾਬ ਦੀਆਂ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਵਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇੱਕ ਪੱਤਰ ਲਿਖ ਕੇ ਮੰਗ ਕੀਤੀ ਗਈ ਹੈ ਕੇ ਇਹ ਸਕੀਮ ਪੰਜਾਬ ਸਰਕਾਰ ਵੱਲੋਂ ‘ਫ਼ਰਿਸ਼ਤੇ ਪੰਜਾਬ ਦੇ’ ਦੇ ਨਾਮ ਹੇਠ ਸ਼ੁਰੂ ਕੀਤੀ ਜਾਵੇ ਤਾਂ ਜੋ ਸੜਕ ਦੁਰਘਟਨਾਵਾਂ ਦੋਰਾਨ ਜ਼ਖ਼ਮੀ ਹੋਏ ਵਿਅਕਤੀਆਂ ਨੂੰ ਬਚਾਉਣ ਲਈ ਵੱਧ ਤੋਂ ਵੱਧ ਉਪਰਾਲੇ ਕਰਕੇ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ। ਉਘੇ ਸਮਾਜ ਸੇਵੀ ਅਤੇ ਸਟੇਟ ਐਵਾਰਡੀ ਪ੍ਰੋਫੈਸਰ ਬਹਾਦਰ ਸਿੰਘ ਸੁਨੇਤ ਪ੍ਰਧਾਨ ਭਾਈ ਘਨੱਈਆ ਜੀ ਮਿਸ਼ਨ ਹੁਸ਼ਿਆਰਪੁਰ, ਜੋ ਕਿ ਭਾਈ ਘਨੱਈਆ ਜੀ ਚੈਰਿਟੀ ਅਤੇ ਪੀਸ ਇੰਟਰਨੈਸ਼ਨਲ ਫਾਉਂਡੇਸ਼ਨ ਦੇ ਕੋਆਰਡੀਨੇਟਰ ਵੀ ਹਨ, ਨੇ ਕਿਹਾ ਕਿ ਪੰਜਾਬ ਦੇ ਨਵੇਂ ਚੁਣੇ ਗਏ ਵਿਧਾਇਕਾਂ ਨੇ ਪੰਜਾਬ ਵਿੱਚ ਸਿਹਤ ਸੇਵਾਵਾਂ ਵਧਾਉਣ, ਸਿਖਿਆ ਸਹੂਲਤਾਂ ਵਧਾਉਣ, ਵਾਤਾਵਰਨ ਬਚਾਉਣ ਅਤੇ ਬੇਰੁਜ਼ਗਾਰੀ ਖ਼ਤਮ ਕਰਨ ਅਤੇ ਨਸ਼ਿਆਂ ਨੂੰ ਖਤਮ ਕਰਨ ਲਈ ਵਿਸ਼ੇਸ਼ ਉਪਰਾਲੇ ਕਰਨ ਲਈ ਜੋ ਵਾਅਦੇ ਕੀਤੇ ਹਨ ਉਹ ਬਹੁਤ ਹੀ ਸ਼ਲਾਘਾਯੋਗ ਹਨ। ਉਨ੍ਹਾਂ ਕਿਹਾ ਕੇ ਸਰਬਸਾਂਝੀਵਾਲਤਾ ਅਤੇ ਮਾਨਵਤਾ ਦੀ ਸੇਵਾ ਦੇ ਪ੍ਰਤੀਕ ਭਾਈ ਘਨੱਈਆ ਜੀ ਜਿਨ੍ਹਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਅਸ਼ੀਰਵਾਦ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਮੈਦਾਨੇ ਜੰਗ ਵਿੱਚ ਬਿਨਾਂ ਕਿਸੇ ਭੇਦ-ਭਾਵ ਤੋਂ ਉੱਪਰ ਉੱਠ ਕੇ ਦੋਸਤ ਅਤੇ ਦੁਸ਼ਮਣ ਦਾ ਫਰਕ ਨਾਂ ਕਰਦਿਆਂ ਹੋਇਆਂ ਜ਼ਖ਼ਮੀ ਹੋਏ ਯੋਧਿਆਂ ਪਾਣੀ ਪਿਲਾਇਆ ਅਤੇ ਉਨ੍ਹਾਂ ਦੇ ਜ਼ਖ਼ਮਾਂ ਤੇ ਮਲ੍ਹਮ ਪੱਟੀ ਕਰਕੇ ਇਕ ਨਵਾਂ ਜੀਵਨ ਪ੍ਰਦਾਨ ਕੀਤਾ ਅਤੇ ਦੁਨੀਆਂ ਵਿੱਚ ਵਿਤਕਰਾ ਰਹਿਤ ਸੇਵਾ ਦੇ ਮਾਰਗ ਨੂੰ ਸਥਾਪਿਤ ਕੀਤਾ ਅਤੇ ਭਾਈ ਘਨੱਈਆ ਜੀ ਦੀਆਂ ਸੇਵਾਵਾਂ ਦੇ ਸਤਿਕਾਰ ਵਜੋਂ ਭਾਰਤੀ ਰੈਡ ਕਰਾਸ ਸੁਸਾਇਟੀ ਅਤੇ ਅੰਤਰਰਾਸ਼ਟਰੀ ਰੈਡ ਕਰਾਸ ਸੁਸਾਇਟੀ ਵੱਲੋਂ ਭਾਈ ਘਨੱਈਆ ਜੀ ਦੀਆਂ ਸੇਵਾਵਾਂ ਨੂੰ ਆਪਣੇ ਪ੍ਰਮਾਣਿਤ ਵੈੱਬਸਾਈਟ ਤੇ ਪਾ ਦਿੱਤਾ ਹੈ ਤਾਂ ਕਿ ਵਿਸ਼ਵ ਭਰ ਦੇ ਲੋਕ ਭਾਈ ਘਨੱਈਆ ਜੀ ਦੀਆਂ ਮਾਨਵਤਾ ਪ੍ਰਤੀ ਜਾਗਰੂਕ ਹੋ ਸਕਣ। ਪੰਜਾਬ ਸਰਕਾਰ ਵੱਲੋਂ ਵੀ ਹਰ ਸਾਲ 20 ਸਤੰਬਰ ਨੂੰ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਰਾਜ ਪੱਧਰੀ ਭਾਈ ਘਨੱਈਆ ਜੀ ਮਾਨਵ ਸੇਵਾ ਦਿਵਸ ਮਨਾਇਆ ਜਾਂਦਾ ਹੈ।
ਉਨ੍ਹਾਂ ਮੁੱਖ ਮੰਤਰੀ ਪੰਜਾਬ ਨੂੰ ਬੇਨਤੀ ਕੀਤੀ ਕਿ ਇਸ ਸਾਲ 20 ਸਤੰਬਰ ਨੂੰ ਭਾਈ ਘਨੱਈਆ ਜੀ ਮਾਨਵ ਸੇਵਾ ਦਿਵਸ ਮੌਕੇ ਤੇ ਦਿੱਲੀ ਸਰਕਾਰ ਦੀ ਤਰਜ ਤੇ ” ਫ਼ਰਿਸ਼ਤੇ ਪੰਜਾਬ ਦੇ ” ਸਕੀਮ ਪੰਜਾਬ ਵਿੱਚ ਸ਼ੁਰੂ ਕੀਤੀ ਜਾਵੇ। ਇਸ ਮਹਾਨ ਸੇਵਾ ਕਾਰਜ ਨਾਲ ਜਿੱਥੇ ਅਸੀਂ ਉਸ ਮਹਾਨ ਸ਼ਖ਼ਸੀਅਤ ਨੂੰ ਸ਼ਰਧਾਂਜਲੀ ਭੇਟ ਕਰ ਸਕਾਂਗੇ ਪੰਜਾਬ ਸਰਕਾਰ ਵੱਲੋਂ ਮਨੁੱਖਤਾ ਦੀ ਸੇਵਾ ਲਈ ਇਕ ਮਹਾਨ ਕਾਰਜ ਸ਼ੁਰੂ ਹੋ ਸਕੇਗਾ।

Advertisements

ਨੇਤਰਦਾਨ ਸੰਸਥਾ ਹੁਸ਼ਿਆਰਪੁਰ ਦੇ ਪ੍ਰਧਾਨ ਮਨਮੋਹਨ ਸਿੰਘ, ਬਲਜੀਤ ਸਿੰਘ ਪਨੇਸਰ, ਸੰਤੋਸ਼ ਸੈਣੀ, ਜਸਬੀਰ ਸਿੰਘ, ਸੁਰੇਸ਼ ਕਪਾਟੀਆ , ਗੁਰਪ੍ਰੀਤ ਸਿੰਘ, ਪ੍ਰੇਮ ਸੈਣੀ ਅਤੇ ਪ੍ਰੋਫੈਸਰ ਬਹਾਦਰ ਸਿੰਘ ਸੁਨੇਤ ਵੱਲੋਂ ਹੁਸ਼ਿਆਰਪੁਰ ਵਿਖੇ ਬ੍ਰਹਮ ਸ਼ੰਕਰ ਜਿੰਪਾ ਕੈਬਨਿਟ ਮੰਤਰੀ ਪੰਜਾਬ ਸਰਕਾਰ ਨੂੰ ਵੀ ‘ਫ਼ਰਿਸ਼ਤੇ ਪੰਜਾਬ ਦੇ’ ਸਕੀਮ ਪੰਜਾਬ ਵਿੱਚ ਲਾਗੂ ਕਰਨ ਸਬੰਧੀ ਇਕ ਮੰਗ ਪੱਤਰ ਸੌਂਪਿਆ ਗਿਆ। ਸ਼੍ਰੀ ਜਿੰਪਾ ਨੇ ਕਿਹਾ ਕਿ ਦਿੱਲੀ ਸਰਕਾਰ ਦੇ ਮਹਾਨ ਸੇਵਾ ਕਾਰਜ ਦੀ ਬਹੁਤ ਸ਼ਲਾਘਾ ਹੋ ਰਹੀ ਹੈ ਅਤੇ ਲੋਕਾਂ ਦੀ ਭਲਾਈ ਲਈ ਇਸ ਸਕੀਮ ਨੂੰ ਪੰਜਾਬ ਵਿੱਚ ਸ਼ੁਰੂ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ। ਇਸੇ ਦੌਰਾਨ ਪੰਜਾਬ ਭਰ ਦੀਆਂ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਫਰੀਦਕੋਟ ਤੋਂ ਗੁਰਪ੍ਰੀਤ ਸਿੰਘ ਚਾਂਦਬਾਜਾ ਅਤੇ ਸ਼ਿਵਜੀਤ ਸਿੰਘ, ਲੁਧਿਆਣਾ ਤੋਂ ਰਜਿੰਦਰ ਸਿੰਘ ਵਿਰਕ ਅਤੇ ਤਰਨਜੀਤ ਸਿੰਘ ਨਿਮਾਣਾ, ਬਠਿੰਡਾ ਤੋਂ ਵਿਜੈ ਭੱਟ, ਜਲੰਧਰ ਤੋਂ ਸਤਪਾਲ ਸਿੰਘ ਸਿਦਕੀ ਅਤੇ ਐਸ ਐਮ ਸਿੰਘ , ਮੋਹਾਲੀ ਤੋਂ ਅਜੈਬ ਸਿੰਘ ਅਤੇ ਕੇ ਕੇ ਸੈਣੀ , ਅੰਮ੍ਰਿਤਸਰ ਤੋਂ ਬਲਜਿੰਦਰ ਸਿੰਘ ਅਤੇ ਜਸਬੀਰ ਸਿੰਘ ਨੇ ਵੀ ਪੰਜਾਬ ਸਮੂਹ ਵਿਧਾਇਕਾਂ ਅਤੇ ਮੰਤਰੀ ਸਾਹਿਬਾਨ ਤੋਂ ਇਹ ਸਕੀਮ ਜਲਦ ਤੋ ਜਲਦ ਲਾਗੂ ਕਰਨ ਦੀ ਮੰਗ ਕੀਤੀ।

LEAVE A REPLY

Please enter your comment!
Please enter your name here