ਮਿਆਣੀ ਭੱਗੂਪੁਰੀਆ ਦੀ ਅਧਿਆਪਕਾ ਨੇ ਕੀਤੀ ਖੁਦਕੁਸ਼ੀ, 2 ਟੀਚਰਾਂ ਦੇ ਖਿਲਾਫ ਪਰਚਾ ਦਰਜ

ਕਪੂਰਥਲਾ (ਦ ਸਟੈਲਰ ਨਿਊਜ਼) ਰਿਪੋਰਟ: ਗੌਰਵ ਮੜੀਆ: ਥਾਣਾ ਬੇਗੋਵਾਲ ਅਧੀਨ ਪਿੰਡ ਮਿਆਣੀ ਭੱਗੂਪੁਰੀਆ ਵਾਸੀ ਨਮਰਤਾ ਸ਼ਰਮਾ, ਜੋ ਸਰਕਾਰੀ ਹਾਈ ਸਕੂਲ ਭਦਾਸ ਵਿੱਚ ਟੀਚਰ ਸੀ, ਨੇ ਘਰ ਆ ਕੇ ਖੁਦਖੁਸ਼ੀ ਕਰ ਲਈ। ਮਿ੍ਰਤਕ ਟੀਚਰ ਨਮਰਤਾ ਸ਼ਰਮਾ ਦੇ ਪਤੀ ਨੇ ਸਕੂਲ ਦੀਆਂ ਹੀ 2 ਅਧਿਆਪਕਾਂ ਤੇ ਉਸਦੀ ਪਤਨੀ ਨੂੰ ਪ੍ਰਤਾੜਿਤ ਕਰਨ ਦਾ ਦੋਸ਼ ਲਗਾਇਆ ਹੈ। ਇਸ ਸੰਬੰਧੀ ਬੇਗੋਵਾਲ ਪੁਲਿਸ ਵੱਲੋਂ ਮਿਲੇ ਸਬੂਤਾਂ ਦੇ ਆਧਾਰ ਤੇ ਦੋਵਾਂ ਟੀਚਰਾਂ ਰਵਨੀਤ ਕੌਰ ਤੇ ਮਨਪ੍ਰੀਤ ਕੌਰ ਵਾਸੀ ਬੇਗੋਵਾਲ ਦੇ ਖਿਲਾਫ ਪਰਚਾ ਦਰਜ ਕਰ ਲਿਆ ਹੈ।

Advertisements

ਮ੍ਰਿਤਕ ਅਧਿਆਪਕਾ ਦੇ ਪਤੀ ਵਿਸ਼ਾਲ ਬਜਾਜ ਪੁੱਤਰ ਅਸ਼ੋਕ ਬਜਾਜ ਵਾਸੀ ਪਿੰਡ ਮਿਆਣੀ ਭੱਗੂਪੁਰੀਆ ਨੇ ਪੁਲਿਸ ਨੂੰ ਦਿੱਤੇ ਬਿਆਨਾਂ ‘ਚ ਦੱਸਿਆ ਕਿ ਉਹ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਮੰਡ ਕੁੱਲਾ ਵਿਖੇ ਈਟੀਟੀ ਟੀਚਰ ਹੈ। 2 ਮਈ ਨੂੰ ਮੇਰੀ ਪਤਨੀ ਨਮਰਤਾ ਸ਼ਰਮਾ (ਉਮਰ 40 ਸਾਲ) ਸਵੇਰੇ ਕਰੀਬ 9:30 ਵਜੇ ਆਪਣੀ ਡਿਊਟੀ ਤੇ ਸਰਕਾਰੀ ਪ੍ਰਾਇਮਰੀ ਸਕੂਲ ਭਦਾਸ ਗਈ ਸੀ ਅਤੇ ਕਰੀਬ ਦੁਪਹਿਰ 12:15 ਵਜੇ ਉਹ ਸਕੂਲ ਤੋਂ ਘਰ ਵਾਪਸ ਆ ਗਈ ਸੀ। ਸ਼ਿਕਾਇਤਕਰਤਾ ਵਿਸ਼ਾਲ ਬਜਾਜ ਨੇ ਦੱਸਿਆ ਕਿ ਉਸਦੀ ਪਤਨੀ ਨੇ ਸਕੂਲ ਵਾਪਸ ਘਰ ਆ ਕੇ ਉਸ ਨੂੰ ਦੱਸਿਆ ਕਿ ਉਸਦੀ ਰਵਨੀਤ ਕੌਰ ਅਤੇ ਮਨਦੀਪ ਕੌਰ ਨਾਲ ਸਕੂਲ ਲੇਟ ਜਾਣ ਕਾਰਣ ਬਹਿਸ ਹੋਈ ਹੈ ਤੇ ਰਵਨੀਤ ਕੌਰ ਤੇ ਮਨਦੀਪ ਕੌਰ ਨੇ ਉਸ ਨੂੰ ਜਲੀਲ ਕੀਤਾ ਤੇ ਮਾੜਾ-ਚੰਗਾ ਬੋਲਿਆ ਹੈ। ਵਿਸ਼ਾਲ ਨੇ ਦੱਸਿਆ ਕਿ ਮੈਂ ਆਪਣੀ ਪਤਨੀ ਨੂੰ ਕਿਹਾ ਕਿ ਮੈਂ ਪਰਸੋਂ ਆਪ ਤੇਰੇ ਨਾਲ ਜਾ ਕੇ ਸਕੂਲ ਦੀਆਂ ਮੈਡਮਾਂ ਨਾਲ ਗੱਲ ਕਰਕੇ ਆਵਾਂਗਾ। ਵਿਸ਼ਾਲ ਨੇ ਦੱਸਿਆ ਕਿ ਉਸ ਤੋਂ ਬਾਅਦ ਉਹ, ਉਸਦੀ ਪਤਨੀ ਅਤੇ ਲੜਕਾ ਸਮੀਰ ਬਜਾਜ ਖਾਣਾ ਖਾ ਕੇ ਆਪਣੇ ਘਰ ਰਾਤ ਨੂੰ ਬੈਠੇ ਸੀ ਤਾਂ ਵਕਤ ਕਰੀਬ 10 ਵਜੇ ਰਾਤ ਨੂੰ ਉਸ ਦੀ ਪਤਨੀ ਨਮਰਤਾ ਸ਼ਰਮਾ ਕਮਰੇ ਵਿੱਚ ਉੱਠ ਕੇ ਦੂਸਰੇ ਕਮਰੇ ਵਿੱਚ ਚਲੀ ਗਈ, ਜਿਸ ਤੋ ਬਾਅਦ ਉਸਦਾ ਬੇਟਾ ਉਸਦੀ ਪਤਨੀ ਨੂੰ ਬੁਲਾਉਣ ਗਿਆ ਪਰ ਉਹ ਨਹੀਂ ਆਈ। ਫਿਰ ਅਚਾਨਕ 15 ਮਿੰਟ ਬਾਅਦ ਉਸਦੀ ਪਤਨੀ ਨਮਰਤਾ ਸ਼ਰਮਾ ਆਪਣੇ ਕਮਰੇ ਵਿੱਚੋਂ ਬਾਹਰ ਆਈ ਉਸਨੇ ਉਸਦੇ ਕਮਰੇ ਵਾਲੇ ਦਰਵਾਜੇ ਦਾ ਬਾਹਰੋਂ ਕੁੰਡਾ ਲਾ ਦਿੱਤਾ। ਵਿਸ਼ਾਲ ਨੇ ਦੱਸਿਆ ਕਿ ਇਸ ਤੋ ਬਾਅਦ ਉਸਨੇ ਅਤੇ ਉਸਦੇ ਬੇਟੇ ਨੇ ਅਵਾਜ਼ਾਂ ਮਾਰੀਆ ਪਰ ਉਸ ਨੇ ਕੁੰਡਾ ਨਹੀਂ ਖੋਲਿਆ। ਇਸ ਤੋਂ ਬਾਅਦ ਉਸਦੀ ਮਾਤਾ ਜਸਵੰਤ ਰਾਣੀ ਦੇ ਫੋਨ ਤੇ ਫੋਨ ਕੀਤਾ। ਇਸ ਤੋ ਬਾਅਦ ਉਸਦੇ ਭਰਾ ਦੀਪਕ ਬਜਾਜ ਨੇ ਕਮਰੇ ਦਾ ਕੁੰਡਾ ਖੋਲਿਆ ਅਤੇ ਅਸੀਂ ਦੂਸਰੇ ਕਮਰੇ ਵਿੱਚ ਦੇਖਿਆ ਕਿ ਉਸਦੀ ਪਤਨੀ ਨਮਰਤਾ ਸ਼ਰਮਾ ਨੇ ਖੁਦਕੁਸ਼ੀ ਕਰਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੀ। ਵਿਸ਼ਾਲ ਬਜਾਜ ਨੇ ਦੱਸਿਆ ਕਿ ਉਸਦੀ ਪਤਨੀ ਨੇ ਖੁਦਕੁਸ਼ੀ ਕਰਨ ਤੋਂ ਪਹਿਲਾ ਉਸ ਕਮਰੇ ਵਿੱਚ ਲਿਪਸਟਿਕ ਨਾਲ ਕਮਰੇ ਦੀ ਕੰਧ ਤੇ ਅਤੇ ਅਲਮਾਰੀ ਦੇ ਦਰਵਾਜੇ ਲਿਖ ਗਈ ਹੈ ਕਿ ਉਸ ਨੂੰ ਰਵਨੀਤ ਕੌਰ ਤੇ ਮਨਦੀਪ ਕੌਰ ਨੇ ਜਲੀਲ ਕੀਤਾ ਹੈ ਅਤੇ ਮੈਂਟਲੀ ਟਾਰਚਰ ਕਰਦੀਆਂ ਹਨ। ਉਹਨਾਂ ਨੂੰ ਬਿਲਕੁਲ ਵੀ ਨਾ ਬਖਸਿਆ ਜਾਵੇ। ਮੇਰੀ ਮੌਤ ਦੀਆਂ ਜਿੰਮੇਵਾਰ ਰਵਨੀਤ ਕੌਰ ਤੇ ਮਨਦੀਪ ਕੌਰ ਹਨ। ਇਸ ਸੰਬੰਧੀ ਬੇਗੋਵਾਲ ਪੁਲਿਸ ਨੇ ਦੋਵਾਂ ਦੋਸ਼ੀ ਅਧਿਆਪਕਾਂਵਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਜਾਂਚ ਆਰੰਭ ਕਰ ਦਿੱਤੀ ਹੈ। ਇਸ ਸੰਬੰਧੀ ਥਾਣਾ ਮੁਖੀ ਬੇਗੋਵਾਲ ਹਰਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤਾ ਹੈ ਅਤੇ ਦੋਸ਼ੀ ਅਧਿਆਪਕਾਂਵਾਂ ਨੂੰ ਫੜਨ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here