1985 ਤੋਂ ਲੈ ਕੇ ਹੁਣ ਤੱਕ 5 ਹੜ੍ਹਾਂ ਦਾ ਮੁੱਖ ਕਾਰਨ ਬਣਿਆ ਗਿੱਦੜਪਿੰਡੀ ਪੁੱਲ, ਸੰਤ ਸੀਚੇਵਾਲ ਵੱਲੋਂ ਡੀ.ਸੀ ਨੂੰ ਨਾਲ ਲੈ ਕੇ ਪੁੱਲ ਦਾ ਕੀਤਾ ਦੌਰਾ

ਸੁਲਤਾਨਪੁਰ ਲੋਧੀ(ਦ ਸਟੈਲਰ ਨਿਊਜ਼) ਰਿਪੋਰਟ: ਗੌਰਵ ਮੜੀਆ। 1985 ਤੋਂ ਲੈਕੇ ਹੁਣ ਤੱਕ 5 ਹੜ੍ਹਾਂ ਦਾ ਮੁੱਖ ਕਾਰਨ ਬਣਦੇ ਆ ਰਹੇ ਗਿੱਦੜਪਿੰਡੀ ਪੁੱਲ ਦਾ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਜਲੰਧਰ ਦੇ ਡੀ.ਸੀ ਘਨਸ਼ਿਆਮ ਥੋਰੀ ਨਾਲ ਦੌਰਾ ਕੀਤਾ ਗਿਆ। ਜ਼ਿਕਰਯੋਗ ਹੈ ਕਿ ਵਾਤਾਵਰਣ ਪ੍ਰੇਮੀ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਵੱਲੋਂ ਸਾਲ 2019 ਵਿਚ ਆਏ ਹੜ੍ਹਾਂ ਦੌਰਾਨ ਉਸ ਵੇਲੇ ਦੇ ਭਿਆਨਕ ਮੰਜ਼ਰ ਨੂੰ ਦੇਖਦਿਆ ਹੜ੍ਹਾਂ ਦਾ ਮੁੱਖ ਕਾਰਨ ਲੱਭਦਿਆਂ ਗਿਦੜਪਿੰਡੀ ਦੇ ਰੇਲਵੇ ਪੁੱਲ ਹੇਠਾਂ ਪੈਂਦੇ 21 ਦਰਾਂ ਨੂੰ ਸਾਫ ਕਰਨ ਦੀ ਕਾਰਸੇਵਾ ਆਰੰਭ ਕਰ ਦਿੱਤੀ ਗਈ ਸੀ। ਜਿਸ ਦੌਰਾਨ ਉਹਨਾਂ ਵੱਲੋਂ 21 ਦਰਿਆ ਵਿੱਚੋਂ ਅੱਧੇ ਦਰੇ ਸਾਫ ਕਰ ਦਿੱਤੇ ਗਏ ਹਨ।
ਇਸ ਮੌਕੇ ਜਾਣਕਾਰੀ ਦਿੰਦਿਆਂ ਸੰਤ ਸੀਚੇਵਾਲ ਨੇ ਦੱਸਿਆ ਕਿ ਬਰਸਾਤਾਂ ਤੋਂ ਪਹਿਲਾਂ ਪੁੱਲ ਦੇ ਬਾਕੀ ਦਰਾਂ ਨੂੰ ਸਾਫ਼ ਕਰਨ ਲਈ ਡੀ.ਸੀ ਸਮੇਤ ਇਸ ਪੁੱਲ ਦਾ ਦੌਰਾ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਪੁੱਲ ਤੋਂ ਕੁਝ ਕਿ ਪਿੱਛੇ ਸਤਲੁਜ ਦਰਿਆ ਦਾ ਚੌੜਾਈ ਲਗਭਗ 2.5 ਤੋਂ 3 ਕਿਲੋਮੀਟਰ ਹੈ, ਪਰ ਪੁੱਲ ਕੋਲ ਪਹੁੰਚਦਿਆਂ ਇਹ ਸਿਰਫ 700 ਮੀਟਰ ਰਹਿ ਜਾਂਦੀ ਤੇ ਗਾਰ ਨਾਲ ਦਰੇ ਬੰਦ ਹੋਣ ਕਾਰਨ ਪਾਣੀ ਸਿਰਫ 3 ਦਰਾਂ ਚੋਂ ਲੰਘ ਰਿਹਾ ਸੀ ਜੋ ਸ਼ਾਇਦ 300 ਮੀਟਰ ਵੀ ਨਹੀ ਸੀ। ਉਹਨਾਂ ਦੱਸਿਆ ਕਿ ਸੰਗਤਾਂ ਵੱਲੋਂ ਦਿਨ ਰਾਤ ਕੀਤੀ ਗਈ ਕਾਰਸੇਵਾ ਕਾਰਨ ਪੁੱਲ ਦੇ ਲਗਭਗ 10 ਦਰੇ ਸਾਫ ਕਰ ਦਿੱਤੇ ਗਏ ਹਨ। ਉਹਨਾਂ ਦੱਸਿਆ ਕਿ ਹੜਾਂ ਦੌਰਾਨ ਇਸ ਇਲਾਕੇ ਦਾ ਭਾਰੀ ਨੁਕਸਾਨ ਹੁੰਦਾ ਹੈ ਜੋ ਦੇਖਣ ਯੋਗ ਵੀ ਨਹੀ ਹੁੰਦਾ ਲੋਕਾਂ ਦਾ ਢਿੱਡ ਭਰਨ ਵਾਲਾ ਅੰਨਦਾਤਾ ਉਸ ਵੇਲੇ ਖੁਦ ਅੰਨ ਲਈ ਤਰਸ ਰਿਹਾ ਹੁੰਦਾ ਹੈ। ਉਹਨਾਂ ਕਿਹਾ ਕਿ ਮਗਰੋਂ ਪ੍ਰਸ਼ਾਦਾ ਜਾਂ ਮੁਆਵਜ਼ਾਂ ਦੇਣ ਨਾਲੋਂ ਪਹਿਲਾਂ ਹੀ ਸਮੱਸਿਆ ਦਾ ਹੱਲ ਕਰਨਾ ਚਾਹੀਦਾ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਰੇਲਵੇ ਪੁਲ ਦਾ ਦੌਰਾ ਕਰਦਿਆਂ ਪਿਛਲੇ ਸਮੇਂ ਦੌਰਾਨ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਪੁਲ ਹੇਠੋਂ ਮਿੱਟੀ ਦੇ ਢੇਰਾਂ ਦੀ ਸਫਾਈ ਕਰਵਾਉਣ ਦੇ ਕੰਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੁਲ ਹੇਠੋਂ ਮਿੱਟੀ ਕੱਢਣ ਨਾਲ ਇਸ ਖੇਤਰ ਵਿੱਚ ਹੜ੍ਹਾਂ ਦੇ ਖਤਰੇ ਨੂੰ ਰੋਕਣ ਵਿੱਚ ਬਹੁਤ ਵੱਡੀ ਮਦਦ ਮਿਲੀ ਹੈ। ਉਨ੍ਹਾਂ ਭਵਿੱਖ ਵਿੱਚ ਵੀ ਇਸ ਕੰਮ ਵਿੱਚ ਪ੍ਰਸ਼ਾਸਨ ਵੱਲੋਂ ਸੰਤ ਸੀਚੇਵਾਲ ਨੂੰ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿਵਾਇਆ ਤਾਂ ਜੋ ਪੁਲ ਹੇਠੋਂ ਪਾਣੀ ਬਿਨਾਂ ਕਿਸੇ ਰੁਕਾਵਟ ਦੇ ਲੰਘ ਸਕੇ ਅਤੇ ਹੜ੍ਹਾਂ ਵਰਗੀ ਸਥਿਤੀ ਤੋਂ ਬਚਿਆ ਜਾ ਸਕੇ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਮਸਲੇ ਨੂੰ ਉਹ ਸਰਕਾਰ ਦੇ ਧਿਆਨ ਵਿਚ ਵੀ ਲਿਅਉਣਗੇ ਤਾਂ ਜੋ ਰਹਿੰਦੇ ਦਰਾਂ ਨੂੰ ਸਾਫ ਕਰਨ ਕੰਮ ਜਲਦੀ ਨੇਪਰੇ ਚਾੜਿਆ ਜਾ ਸਕੇ। ਇਸ ਮੌਕੇ ਉਹਨਾਂ ਵੱਲੋਂ ਸਫਾਈ ਦੇ ਕੰਮ ਵਿੱਚ ਯੋਗਦਾਨ ਵਜੋਂ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਇਕ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਾ ਚੈਕ ਸੌਂਪਿਆ ਗਿਆ। ਇਸ ਮਗਰੋਂ ਉਹਨਾਂ ਵੱਲੋਂ ਸੁਲਤਾਨਪੁਰ ਲੋਧੀ ਵਿਖੇ ਗੁਰਦੁਆਰਾ ਬੇਰ ਸਾਹਿਬ ਦੇ ਦਰਸ਼ਨ ਕਰਨ ਮਗਰੋਂ ਬੋਟ ਰਾਹੀਂ ਪਵਿੱਤਰ ਕਾਲੀ ਵੇਈਂ ਦੇ ਦਰਸ਼ਨ ਕੀਤੇ। ਇਸ ਮੌਕੇ ਐਸ.ਡੀ.ਐਮ. ਸ਼ਾਹਕੋਟ ਲਾਲ ਵਿਸ਼ਵਾਸ ਬੈਂਸ, ਡੀ.ਐਸ.ਪੀ. ਜਸਵਿੰਦਰ ਸਿੰਘ, ਐਕਸੀਅਨ ਹਰਜੋਤ ਸਿੰਘ ਵਾਲੀਆ, ਐਸ.ਡੀ.ਓ. ਸੁਖਪਾਲ ਸਿੰਘ, ਸੁਰਜੀਤ ਸਿੰਘ ਸ਼ੰਟੀ, ਦਇਆ ਸਿੰਘ, ਸਰਪੰਚ ਜੋਗਾ ਸਿੰਘ, ਇਲਾਕਾ ਨਿਵਾਸੀ ਅਤੇ ਹੋਰ ਅਧਿਕਾਰੀ ਮੌਜੂਦ ਸਨ।

Advertisements

LEAVE A REPLY

Please enter your comment!
Please enter your name here