ਬਾਇਓ ਮੈਡੀਕਲ ਵੇਸਟ ਦਾ ਸੁਚਾਰੂ ਢੰਗ ਨਾਲ ਪ੍ਰਬੰਧਨ ਬਣਾਇਆ ਜਾਵੇਗਾ ਯਕੀਨੀ: ਡਿਪਟੀ ਕਮਿਸ਼ਨਰ

ਹੁਸ਼ਿਆਰਪੁਰ, (ਦ ਸਟੈਲਰ ਨਿਊਜ਼), ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਕਿਹਾ ਕਿ ਜਿਲ੍ਹੇ ਵਿਚ ਬਾਇਓ ਮੈਡੀਕਲ ਵੇਸਟ ਦਾ ਸੁਚਾਰੂ ਢੰਗ ਨਾਲ ਪ੍ਰਬੰਧਨ ਯਕੀਨੀ ਬਣਾਇਆ ਜਾਵੇਗਾ, ਇਸ ਲਈ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀ ਇਕ ਮੁਹਿੰਮ ਦੇ ਤੌਰ ’ਤੇ ਗਤੀਵਿਧੀਆਂ ਯਕੀਨੀ ਬਣਾਉਣ। ਉਹ ਅੱਜ ਬੀ.ਆਰ.ਜੀ.ਐਫ. ਮੀਟਿੰਗ ਹਾਲ ਵਿਖੇ ਬਾਇਓ ਮੈਡੀਕਲ ਵੇਸਟ ਸਬੰਧੀ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦੇ ਰਹੇ ਹਨ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਸੰਦੀਪ ਕੁਮਾਰ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਸਨ।

Advertisements

ਡਿਪਟੀ ਕਮਿਸ਼ਨਰ ਨੇ ਨਗਰ ਨਿਗਮ ਨੂੰ ਹਦਾਇਤ ਕਰਦਿਆਂ ਕਿਹਾ ਕਿ ਕੂੜਾ ਇਕੱਠਾ ਕਰਨ ਦੌਰਾਨ ਘਰਾਂ ਦਾ ਬਾਇਓ ਮੈਡੀਕਲ ਵੇਸਟ ਵੱਖਰੇ ਤੌਰ ’ਤੇ ਇਕੱਠਾ ਕਰਨਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਘਰਾਂ ਦਾ ਬਾਇਓ ਮੈਡੀਕਲ ਵੇਸਟ ਵੱਖਰੇ ਤੌਰ ’ਤੇ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਇਕੱਠਾ ਕੀਤਾ ਗਿਆ ਇਹ ਬਾਇਓ ਮੈਡੀਕਲ ਵੇਸਟ ਨੇੜਲੇ ਹਸਪਤਾਲ ਤੋਂ ਸਬੰਧਤ ਕੰਪਨੀ (ਬਾਇਓ ਮੈਡੀਕਲ ਵੇਸਟ ਟਰੀਟਮੈਂਟ ਪਲਾਂਟ ਪੰਗੋਲੀ) ਵਲੋਂ ਚੁੱਕਿਆ ਜਾਵੇਗਾ।

ਸੰਦੀਪ ਹੰਸ ਨੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਕੋਲੋਂ ਈ.ਟੀ.ਪੀ. (ਇਫਲੂਐਂਟ ਟਰੀਟਮੈਂਟ ਪਲਾਂਟ) ਦਾ ਜਾਇਜ਼ਾ ਲੈਂਦਿਆਂ ਕਿਹਾ ਕਿ 50 ਬੈਡ ਤੋਂ ਜ਼ਿਆਦਾ ਵਾਲੇ ਹਸਪਤਾਲਾਂ ਲਈ ਈ.ਟੀ.ਪੀ. ਸਥਾਪਿਤ ਕਰਨਾ ਬਹੁਤ ਜ਼ਰੂਰੀ ਹੈ, ਤਾਂ ਜੋ ਲਿਕੁਐਡ ਵੇਸਟ ਨੂੰ ਟਰੀਟ ਕੀਤਾ ਜਾ ਸਕੇ। ਉਨ੍ਹਾਂ ਜਿਥੇ ਸਿਵਲ ਸਰਜਨ ਨੂੰ ਸਰਕਾਰੀ ਹਸਪਤਾਲਾਂ ਵਿਚ ਈ.ਟੀ.ਪੀ. ਸਥਾਪਤ ਕਰਨ ਦੇ ਨਿਰਦੇਸ਼ ਦਿੱਤੇ, ਉਥੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੂੰ ਪ੍ਰਾਈਵੇਟ ਹਸਪਤਾਲਾਂ ਵਿਚ ਲੋੜ ਮੁਤਾਬਕ ਈ.ਟੀ.ਪੀ. ਯਕੀਨੀ ਬਣਾਉਣ ਲਈ ਵੀ ਕਿਹਾ। ਉਨ੍ਹਾਂ ਇਹ ਵੀ ਹਦਾਇਤ ਕੀਤੀ ਕਿ ਹਸਪਤਾਲ ਆਪਣਾ ਬਾਇਓ ਮੈਡੀਕਲ ਵੇਸਟ  ਚੁਕਵਾਉਣ ਲਈ ‘ਬਾਇਓ ਮੈਡੀਕਲ ਵੇਸਟ ਟਰੀਟਮੈਂਟ ਪਲਾਂਟ ਪੰਗੋਲੀ’ ਕੰਪਨੀ ਨਾਲ ਰਾਬਤਾ ਕਾਇਮ ਕਰਨ, ਤਾਂ ਜੋ ਇਸ ਦਾ ਸਹੀ ਤਰੀਕੇ ਨਾਲ ਪ੍ਰਬੰਧਨ ਹੋ ਸਕੇ।

ਉਨ੍ਹਾਂ ਕਿਹਾ ਕਿ ਕੋਈ ਵੀ ਹਸਪਤਾਲ ਆਪਣੇ ਪੱਧਰ ’ਤੇ ਬਾਇਓ ਮੈਡੀਕਲ ਵੇਸਟ ਬਾਹਰ ਨਾ ਸੁੱਟੇ, ਕਿਉਂਕਿ ਇਸ ਨਾਲ ਹੋਰ ਬੀਮਾਰੀਆਂ ਫੈਲਣ ਦਾ ਖਦਸ਼ਾ ਬਣਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਬਾਇਓ ਮੈਡੀਕਲ ਵੇਸਟ ਚੁੱਕਣ ਸਬੰਧੀ ‘ਬਾਇਓ ਮੈਡੀਕਲ ਵੇਸਟ ਟਰੀਟਮੈਂਟ ਪਲਾਂਟ ਪੰਗੋਲੀ’ ਕੰਪਨੀ ਕੋਲੋਂ ਸਮੇਂ-ਸਮੇਂ ’ਤੇ ਜਾਇਜ਼ਾ ਵੀ ਲਿਆ ਜਾਵੇਗਾ। ਇਸ ਮੌਕੇ ਕਾਰਜਕਾਰੀ ਸਿਵਲ ਸਰਜਨ ਡਾ. ਪਵਨ ਕੁਮਾਰ, ਅਜੇ ਕੁਮਾਰ ਵਾਧੂ ਚਾਰਜ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਸੀਮਾ ਗਰਗ ਅਤੇ ਐਸ.ਡੀ.ਓ. ਪ੍ਰਦੂਸ਼ਣ ਕੰਟਰੋਲ ਬੋਰਡ ਦੀਪਕ ਚੱਢਾ ਹਾਜ਼ਰ ਸਨ।

LEAVE A REPLY

Please enter your comment!
Please enter your name here