ਬਜਟ ਪੰਜਾਬ ਦੇ ਲੋਕਾਂ ਵੱਲੋਂ ਦਿੱਤੇ ਸੁਝਾਵਾਂ ਤੇ ਕੇਂਦਰਿਤ ਹੈ: ਗੁਰਪਾਲ ਸਿੰਘ ਇੰਡੀਅਨ 

ਕਪੂਰਥਲਾ ( ਦ ਸਟੈਲਰ ਨਿਊਜ਼ ), ਰਿਪੋਰਟ: ਗੌਰਵ ਮੜੀਆ । ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਪਾਲ ਸਿੰਘ ਇੰਡੀਅਨ ਨੇ ਕਿਹਾ ਕਿ ਸੋਮਵਾਰ ਨੂੰ ਸੂਬਾ ਸਰਕਾਰ ਵੱਲੋਂ ਪੇਸ਼ ਕੀਤਾ ਗਿਆ ਬਜਟ ਸ਼ਲਾਘਾਯੋਗ ਹੈ ਤੇ ਸਰਕਾਰ ਵੱਲੋਂ ਸਾਰੇ ਵਰਗਾਂ ਦਾ ਧਿਆਨ ਰੱਖਿਆ ਗਿਆ ਹੈ।ਬਜਟ ਬਾਰੇ ਇੰਡੀਅਨ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਲੋਕ ਹਿਤੈਸ਼ੀ ਬਜਟ ਪੇਸ਼ ਕੀਤਾ ਗਿਆ ਹੈ।ਬਜਟ ਵਿੱਚ ਸਰਕਾਰ ਨੇ 1 ਜੁਲਾਈ ਤੋਂ ਹਰ ਪਰਿਵਾਰ ਨੂੰ 300 ਯੂਨਿਟ ਪ੍ਰਤੀ ਮਹੀਨਾ ਮੁਫ਼ਤ ਬਿਜਲੀ ਦੇਣ ਦਾ ਵਾਅਦਾ ਵੀ ਪੂਰਾ ਕਰ ਦਿੱਤਾ ਹੈ।ਚੰਗੀਆਂ ਸਿਹਤ ਸਹੂਲਤਾਂ ਦੇਣ ਲਈ ਪੰਜਾਬ ਵਿੱਚ 15 ਅਗਸਤ ਤੋਂ 75 ਮੁਹੱਲਾ ਕਲੀਨਿਕ ਵੀ ਸ਼ੁਰੂ ਕੀਤੇ ਜਾਣਗੇ।ਸਿੱਖਿਆ ਖੇਤਰ ਵਿੱਚ ਸੁਧਾਰ ਲਈ ਸਿੱਖਿਆ ਬਜਟ ਵਿੱਚ 16 ਫੀਸਦੀ ਵਾਧਾ ਕਰਨਾ ਵੀ ਲੋਕ ਹਿੱਤ ਵਿੱਚ ਲਿਆ ਗਿਆ ਫੈਸਲਾ ਹੈ।

Advertisements

ਸਿਹਤ ਦੇ ਬਜਟ ਵਿੱਚ 24 ਫੀਸਦੀ ਦਾ ਵਾਧਾ ਕੀਤਾ ਗਿਆ ਹੈ।ਇਸ ਦੇ ਨਾਲ ਹੀ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਵੀ ਵਿਵਸਥਾ ਕੀਤੀ ਗਈ ਹੈ।ਉੱਥੇ ਹੀ ਉਨ੍ਹਾਂ ਕਿਹਾ ਕਿ ਬਜਟ ‘ਚ ਜਨਤਾ ਤੇ ਕੋਈ ਟੈਕਸ ਨਹੀਂ ਲਗਾਇਆ ਗਿਆ ਹੈ।ਇੰਡੀਅਨ ਨੇ ਕਿਹਾ ਕਿ ਆਪ ਸਰਕਾਰ ਦੇ ਵਿੱਤ ਮੰਤਰੀ ਹਰਪਾਲ ਚੀਮਾ ਵਲੋਂ ਆਪ ਸਰਕਾਰ ਦੇ 9 ਮਹੀਨਿਆਂ ਦੇ ਪਹਿਲੇ ਬਜਟ ਚ ਉਦਯੋਗ ਜਗਤ ਦੇ ਵਿਕਾਸ ਲਈ ਨਵੀਂ ਨੀਤੀ ਲਿਆਉਣ ਅਤੇ ਉਦਯੋਗਾਂ ਨੂੰ 2503 ਕਰੋੜ ਰੁਪਏ ਦੀ ਲਾਗਤ ਨਾਲ ਉਦਯੋਗ ਬਿਜਲੀ ਸਬਸਿਡੀ ਜਾਰੀ ਰੱਖਣ ਦੇ ਐਲਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਉਦਯੋਗਾਂ ਨੂੰ ਬਿਜਲੀ ਸਬਸਿਡੀ ਜਾਰੀ ਰੱਖਣ ਦੇ ਐਲਾਨ ਨਾਲ ਉਦਯੋਗ ਜਗਤ ਨੂੰ ਵੱਡੀ ਰਾਹਤ ਮਿਲੇਗੀ।

ਉਦਯੋਗ ਜਗਤ ਨਾਲ ਜੁੜੇ ਹਰ ਇਕ ਕਰਮੀ ਨੂੰ ਲਾਭ ਮਿਲੇਗਾ,ਜਿਸ ਨਾਲ ਦੇਸ਼ ਦੇ ਵਿਕਾਸ ਵਿੱਚ ਮਦਦ ਮਿਲੇਗੀ।ਉਨ੍ਹਾਂ ਕਿਹਾ ਕਿ ਆਪ ਸਰਕਾਰ ਵੱਲੋਂ ਉਦਯੋਗਾਂ ਦੇ ਵਿਕਾਸ ਲਈ ਨਵੀਂ ਨੀਤੀ ਲਿਆਉਣ ਨਾਲ ਆਕਸੀਜਨ ਮਿਲੇਗੀ।ਇੰਡੀਅਨ ਨੇ ਕਿਹਾ ਕਿ ‘ਆਪ’ ਸਰਕਾਰ ਵੱਲੋਂ ਪੇਸ਼ ਕੀਤਾ ਗਿਆ ਬਜਟ ਸਿਰਫ ਪੰਜਾਬ ਦੇ ਲੋਕਾਂ ਵੱਲੋਂ ਦਿੱਤੇ ਸੁਝਾਵਾਂ ‘ਤੇ ਕੇਂਦਰਿਤ ਹੈ।ਪਿਛਲੇ 75 ਸਾਲਾਂ ਦੌਰਾਨ ਸਾਰੀਆਂ ਸਰਕਾਰਾਂ ਨੇ ਆਮ ਆਦਮੀ ਲਈ ਕੋਈ ਵੀ ਕਲਿਆਣਕਾਰੀ ਬਜਟ ਪੇਸ਼ ਨਹੀਂ ਕੀਤਾ।ਪਰ ਹੁਣ ਆਮ ਆਦਮੀ ਦੀ ਸਹਿਮਤੀ ਦੇ ਨਾਲ ਹੀ ਬਜਟ ਨੂੰ ਬਣਾਇਆ ਗਿਆ ਹੈ ਤੇ ਇਸ ਤੇ ਅਮਲ ਵੀ ਕੀਤਾ ਜਾਵੇਗਾ।

LEAVE A REPLY

Please enter your comment!
Please enter your name here