ਸਵੈ ਸਹਾਇਤਾ ਸਮੂਹਾਂ ਦੀਆਂ ਮੈਂਬਰ ਔਰਤਾਂ ਹੋਰਨਾਂ ਔਰਤਾਂ ਲਈ ਰੋਲ ਮਾਡਲ: ਸਾਕਸ਼ੀ ਸਾਹਨੀ

ਪਟਿਆਲਾ, (ਦ ਸਟੈਲਰ ਨਿਊਜ਼)। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੀ ਪ੍ਰਧਾਨਗੀ ਹੇਠ ਵਧੀਕ ਡਿਪਟੀ ਕਮਿਸ਼ਨਰ ਦਿਹਾਤੀ ਵਿਕਾਸ ਈਸ਼ਾ ਸਿੰਘਲ ਵੱਲੋਂ ਅੱਜ ਸਵੈ ਸਹਾਇਤਾ ਸਮੂਹਾਂ ਲਈ ਇੱਕ ਲੋਨ ਮੇਲਾ ਅਤੇ ਯਕ-ਮੁਸ਼ਤ ਸਮਝੌਤਾ ਮੇਲਾ ਇੱਥੇ ਬਹਾਵਲਪੁਰ ਪੈਲੇਸ ਵਿਖੇ ਕਰਵਾਇਆ ਗਿਆ। ਇਸ ਮੌਕੇ 106 ਸਵੈ ਸਹਾਇਤਾ ਸਮੂਹਾਂ ਨੂੰ 1.75 ਕਰੋੜ ਰੁਪਏ ਦੇ ਕਰਜ਼ੇ ਵੰਡੇ ਗਏ ਜਦਕਿ 45 ਮਾਮਲਿਆਂ ‘ਚ 1 ਕਰੋੜ ਰੁਪਏ ਦੀ ਬਕਾਇਆ ਰਾਸ਼ੀ ਦੇ ਯਕ-ਮੁਸ਼ਤ ਸਮਝੌਤੇ ਕਰਵਾਏ ਗਏ।

Advertisements

ਇਸ ਮੌਕੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਵੈ ਸਹਾਇਤਾ ਸਮੂਹਾਂ ਨਾਲ ਜੁੜੀਆਂ ਔਰਤਾਂ ਹੋਰਨਾਂ ਮਹਿਲਾਵਾਂ ਲਈ ਵੀ ਰੋਲ ਮਾਡਲ ਤੇ ਪ੍ਰੇਰਣਾ ਸ੍ਰੋਤ ਬਣਕੇ ਸਾਹਮਣੇ ਆਈਆਂ ਹਨ। ਇਹ ਮਹਿਲਾਵਾਂ ਆਪਣੇ ਪਰਿਵਾਰਾਂ ਦੀ ਆਮਦਨ ‘ਚ ਵਾਧਾ ਕਰਕੇ ਜਿੱਥੇ ਆਪਣਾ ਜੀਵਨ ਪੱਧਰ ਉਚਾ ਚੁੱਕ ਰਹੀਆਂ ਹਨ ਉਥੇ ਹੀ ਸਮਾਜ ‘ਚ ਵੀ ਸਨਮਾਨਯੋਗ ਥਾਂ ਹਾਸਲ ਕਰ ਰਹੀਆਂ ਹਨ। ਸਾਕਸ਼ੀ ਸਾਹਨੀ ਨੇ ਸਵੈ ਸਹਾਇਤਾ ਸਮੂਹਾਂ ਦੀਆਂ ਮੈਂਬਰ ਮਹਿਲਾਵਾਂ ਨੂੰ ਆਧੁਨਿਕ ਤਕਨੀਕਾਂ, ਮੋਬਾਇਲ ਆਦਿ ਦੀ ਵਰਤੋਂ ਕਰਕੇ ਆਪਣੀਆਂ ਵਸਤਾਂ ਕੌਮਾਂਤਰੀ ਮੰਡੀ ‘ਚ ਲਿਜਾਣ ਲਈ ਪ੍ਰੇਰਤ ਕਰਦਿਆਂ ਕਿਹਾ ਕਿ ਮੌਜੂਦਾ ਸਮੇਂ ਦੀ ਮੰਗ ਅਨੁਸਾਰ ਖਾਣ-ਪੀਣ ਦੇ ਸਾਮਾਨ ਸਮੇਤ ਪਹਿਰਾਵੇ ਦਾ ਸਜਾਵਟੀ ਸਮਾਨ ਤਿਆਰ ਕਰਨ ਨੂੰ ਤਰਜੀਹ ਦਿੱਤੀ ਜਾਵੇ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਇਨ੍ਹਾਂ ਸਮੂਹਾਂ ਵੱਲੋਂ ਬਣਾਏ ਸਾਜੋ ਸਾਮਾਨ ਦੀ ਵਿਕਰੀ ਲਈ ਪਟਿਆਲਾ ਸ਼ਹਿਰ ‘ਚ ਵੀ ਇੱਕ ਵਿਸ਼ੇਸ਼ ਮੰਚ ਪ੍ਰਦਾਨ ਕਰੇਗਾ। ਇਸ ਤੋਂ ਇਲਾਵਾ ਅਕਤੂਬਰ ਜਾਂ ਨਵੰਬਰ ‘ਚ ਇੱਕ ਵਿਸ਼ੇਸ਼ ਮੇਲਾ ਕਰਵਾਉਣ ਸਮੇਤ ਹਰ ਮਹੀਨੇ ਅਜਿਹੇ ਮੇਲੇ ਲਗਾਉਣ ਲਈ ਵੀ ਪ੍ਰਬੰਧ ਕੀਤੇ ਜਾਣਗੇ। ਵਧੀਕ ਡਿਪਟੀ ਕਮਿਸ਼ਨਰ (ਦਿਹਾਤੀ ਵਿਕਾਸ) ਈਸ਼ਾ ਸਿੰਘਲ ਨੇ ਡਿਪਟੀ ਕਮਿਸ਼ਨਰ ਦਾ ਸਵਾਗਤ ਕਰਦਿਆਂ ਦੱਸਿਆ ਕਿ ਜ਼ਿਲ੍ਹੇ ਦੇ 4080 ਸਮੂਹ ਬੈਂਕਾਂ ਨਾਲ ਜੁੜੇ ਹੋਏ ਹਨ ਅਤੇ ਅੱਜ ਦਾ ਇਹ ਲੋਨ ਤੇ ਯਕ-ਮੁਸ਼ਤ ਸਮਝੌਤਾ ਮੇਲਾ ਵੀ ਪੰਜਾਬ ਸਰਕਾਰ ਵੱਲੋਂ ਮਹਿਲਾਵਾਂ ਨੂੰ ਆਤਮ ਨਿਰਭਰ ਬਣਾਉਣ ਵੱਲ ਇੱਕ ਕਦਮ ਹੈ। ਈਸ਼ਾ ਸਿੰਘਲ ਨੇ ਦੱਸਿਆ ਕਿ ਇਹ ਕਰਜ਼ੇ ਬਹੁਤ ਹੀ ਘੱਟ ਵਿਆਜ਼ ਦਰ ‘ਤੇ ਦਿੱਤੇ ਜਾਂਦੇ ਹਨ ਅਤੇ ਸਹੀ ਸਮੇਂ ‘ਤੇ ਕਿਸ਼ਤਾਂ ਜਮ੍ਹਾਂ ਕਰਵਾਉਣ ਵਾਲੇ ਸਮੂਹਾਂ ਦੀ ਵਿਆਜ਼ ਦਰ ਕੇਵਲ 4 ਫੀਸਦੀ ਹੀ ਰਹਿ ਜਾਂਦੀ ਹੈ।

ਇਸ ਮੌਕੇ ਗੁਰੂ ਤੇਗ ਬਹਾਦਰ ਨਾਰੀ ਸ਼ਕਤੀ ਸਵੈ ਸਹਾਇਤਾ ਸਮੂਹ ਦੀ ਮੈਂਬਰ ਉਰਮਿਲ ਕੌਰ ਲਲੀਨਾ ਨੇ ਆਪਣੀ ਸਫ਼ਲਤਾ ਦੀ ਕਹਾਣੀ ਸਾਂਝੀ ਕਰਦਿਆਂ ਕਿਹਾ ਕਿ ਅਜੀਵਿਕਾ ਮਿਸ਼ਨ ਮਹਿਲਾਵਾਂ ਲਈ ਇੱਕ ਵੱਡਾ ਮੰਚ ਹੈ, ਜਿਸ ਤਹਿਤ ਉਸਨੇ 1 ਲੱਖ ਰੁਪਏ ਦਾ ਲੋਨ ਲੈਕੇ ਸਬਜੀਆਂ ਪੈਦਾ ਕਰਕੇ ਪਹਿਲੇ ਸਾਲ ਹੀ 7 ਲੱਖ ਰੁਪਏ ਦੀ ਆਮਦਨ ਕਮਾਈ। ਜਦੋਂਕਿ ਬੈਂਕ ਸਖੀ ਕਰਮਜੀਤ ਕੌਰ ਨਲਾਸ ਖੁਰਦ ਨੇ ਕਿਹਾ ਕਿ ਸਵੈ ਸਹਾਇਤਾ ਸਮੂਹ ਨਾਲ ਜੁੜਕੇ ਉਸਦੀ ਜਿੰਦਗੀ ਹੀ ਬਦਲ ਗਈ ਹੈ।

ਲੋਨ ਮੇਲੇ ਦੌਰਾਨ ਵੱਖ-ਵੱਖ ਵਿਭਾਗਾਂ ਸਮੇਤ ਸਵੈ ਸਹਾਇਤਾ ਸਮੂਹਾਂ ਵੱਲੋਂ ਲਗਾਈਆਂ ਸਟਾਲਾਂ ਦਾ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ ਨੇ ਹੌਂਸਲਾ ਅਫ਼ਜਾਈ ਕੀਤੀ। ਇਸ ਮੌਕੇ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸਿੰਪੀ ਸਿੰਗਲਾ, ਜ਼ਿਲ੍ਹਾ ਲੀਡ ਬੈਂਕ ਮੈਨੇਜਰ ਦਵਿੰਦਰ ਕੁਮਾਰ, ਏ.ਪੀ.ਓ. ਵਿਜੇ ਧੀਰ, ਸਵੈ ਸਹਾਇਤਾ ਸਮੂਹ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਰੀਨਾ ਰਾਣੀ, ਜ਼ਿਲ੍ਹਾ ਫੰਕਸ਼ਨ ਮੈਨੇਜਰ ਰਨਦੀਪ ਕੌਰ, ਹਰਜਿੰਦਰ ਸਿੰਘ ਸਮੇਤ ਵੱਖ-ਵੱਖ ਵਿਭਾਗਾਂ ਅਤੇ ਬੈਂਕਾਂ ਦੇ ਨੁਮਾਇੰਦਿਆਂ ਸਮੇਤ ਵੱਡੀ ਗਿਣਤੀ ਸਵੈ ਸਹਾਇਤਾ ਸਮੂਹਾਂ ਦੀਆਂ ਮੈਂਬਰ ਮਹਿਲਾਵਾਂ ਮੌਜੂਦ ਸਨ।

LEAVE A REPLY

Please enter your comment!
Please enter your name here