ਨਵੇਂ ਰੂਟਾਂ ਦੇ ਮੱਦੇਨਜ਼ਰ ਪੀਆਰਟੀਸੀ ਆਪਣੇ ਬੇੜੇ ‘ਚ ਸ਼ਾਮਲ ਕਰੇਗੀ ਨਵੀਆਂ 219 ਬੱਸਾਂ: ਭੁੱਲਰ

ਚੰਡੀਗੜ੍ਹ (ਦ ਸਟੈਲਰ ਨਿਊਜ਼): ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਨਵੇਂ ਬੱਸ ਰੂਟ ਪਰਮਿਟਾਂ ਦੇ ਸਨਮੁਖ ਪੀ.ਆਰ.ਟੀ.ਸੀ. ਵੱਲੋਂ ਲੋਕਾਂ ਦੀ ਸਹੂਲਤ ਲਈ ਆਪਣੇ ਬੇੜੇ ਵਿੱਚ 219 ਨਵੀਆਂ ਬੱਸਾਂ ਸ਼ਾਮਲ ਕੀਤੀਆਂ ਜਾਣਗੀਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਟਰਾਂਸਪੋਰਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਅੱਜ ਇਥੇ ਦੱਸਿਆ ਕਿ ਨਵੇਂ ਰੂਟਾਂ ਲਈ ਪੀ.ਆਰ.ਟੀ.ਸੀ. ਨੂੰ ਹੋਰ ਨਵੀਆਂ ਬੱਸਾਂ ਦੀ ਜ਼ਰੂਰਤ ਸੀ ਜਿਸ ਕਰਕੇ ਪੀ.ਆਰ.ਟੀ.ਸੀ. ਦੇ ਬੇੜੇ ਵਿੱਚ 219 ਸਧਾਰਣ ਨਵੀਆਂ ਬੱਸਾਂ ਸ਼ਾਮਲ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪ੍ਰਵਾਨਗੀ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਦੇ ਦਿੱਤੀ ਗਈ ਹੈ।

Advertisements

ਟਰਾਂਸਪੋਰਟ ਮੰਤਰੀ ਨੇ ਦੱਸਿਆ ਕਿ ਪੀ.ਆਰ.ਟੀ.ਸੀ. ਵਿੱਚ ਕਿਲੋਮੀਟਰ ਸਕੀਮ ਅਧੀਨ ਬੱਸਾਂ ਪਾਉਣ ਦੀ ਪ੍ਰਕਿਰਿਆ ਅਰੰਭ ਦਿੱਤੀ ਗਈ ਹੈ ਅਤੇ ਟੈਂਡਰ ਕੱਢਿਆ ਜਾ ਚੁੱਕਾ ਹੈ ਜਿਸ ਦੀ ਆਖ਼ਰੀ ਤਰੀਕ 2 ਅਗਸਤ ਹੈ। ਮੰਤਰੀ ਨੇ ਦੱਸਿਆ ਕਿ ਕਿਲੋਮੀਟਰ ਸਕੀਮ ਦਾ ਆਪ੍ਰੇਟਰ/ਬੱਸ ਮਾਲਕ ਪੀ.ਆਰ.ਟੀ.ਸੀ. ਨੂੰ ਮੁਕੰਮਲ ਤੌਰ ‘ਤੇ ਨਵੀਂ ਬੱਸ ਮੁਹੱਈਆ ਕਰਵਾਏਗਾ। ਬੱਸ ਦੇ ਰੱਖ-ਰਖਾਅ/ਡਰਾਈਵਰ/ਇੰਸ਼ੋਰੈਂਸ/ਲੋਨ ਦੀ ਅਦਾਇਗੀ ਆਦਿ ਦੀ ਜ਼ਿੰਮੇਵਾਰੀ ਆਪ੍ਰੇਟਰ/ਬੱਸ ਮਾਲਕ ਦੀ ਹੋਵੇਗੀ ਜਿਸ ਬਦਲੇ ਆਪ੍ਰੇਟਰ/ਬੱਸ ਮਾਲਕ ਨੂੰ ਟੈਂਡਰ ਵਿੱਚ ਆਏ ਘੱਟੋ-ਘੱਟ ਰੇਟ ਅਨੁਸਾਰ ਉਸ ਦੀ ਬੱਸ ਵੱਲੋਂ ਤੈਅ ਕੀਤੇ ਗਏ ਕਿਲੋਮੀਟਰਾਂ ਦੇ ਆਧਾਰ ‘ਤੇ ਹਰੇਕ ਮਹੀਨੇ ਅਦਾਇਗੀ ਕੀਤੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਪੀ.ਆਰ.ਟੀ.ਸੀ. ਵੱਲੋਂ ਬੱਸ ਲਈ ਸਿਰਫ਼ ਕੰਡਕਟਰ ਮੁਹੱਈਆ ਕਰਵਾਇਆ ਜਾਵੇਗਾ ਅਤੇ ਬੱਸ ਤੋਂ ਹੋਣ ਵਾਲੀ ਰੂਟ ਆਮਦਨ ਪੀ.ਆਰ.ਟੀ.ਸੀ. ਦੇ ਖਾਤੇ ਵਿੱਚ ਜਮ੍ਹਾ ਹੋਵੇਗੀ। ਇਨ੍ਹਾਂ 219 ਬੱਸਾਂ ਨਾਲ ਪੀ.ਆਰ.ਟੀ.ਸੀ. ਆਪਣੀ ਨਿਰਧਾਰਤ ਮਾਇਲੇਜ ਪੂਰੀ ਕਰਨ ਵਿੱਚ ਸਫ਼ਲ ਹੋਵੇਗੀ ਜਿਸ ਨਾਲ ਨਾ ਸਿਰਫ਼ ਲੋਕਾਂ ਨੂੰ ਬਿਹਤਰ ਸਫ਼ਰ ਸਹੂਲਤ ਮੁਹੱਈਆ ਹੋਵੇਗੀ ਅਤੇ ਪੀ.ਆਰ.ਟੀ.ਸੀ. ਦੀ ਆਮਦਨ ਵਿੱਚ ਇਜ਼ਾਫ਼ਾ ਹੋਵੇਗਾ, ਸਗੋਂ ਸੂਬੇ ਦੇ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਵੀ ਪੈਦਾ ਹੋਣਗੇ।

LEAVE A REPLY

Please enter your comment!
Please enter your name here