ਜਲੰਧਰ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਵਲੋਂ ਮਾਲ ਮਹਿਕਮੇ ਨਾਲ ਸਬੰਧਿਤ ਕੰਮਾਂ ਨੂੰ ਹੋਰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਸੂਬੇ ਵਿੱਚ ਕੀਤੀ ਗਈ ਪਟਵਾਰੀਆਂ ਦੀ ਭਰਤੀ ਰਾਹੀਂ ਜ਼ਿਲ੍ਹਾ ਜਲੰਧਰ ਵਿੱਚ 105 ਮਾਲ ਪਟਵਾਰੀਆਂ ਦੀਆਂ ਨਿਯੁਕਤੀਆਂ ਹੋਈਆਂ ਹਨ ਜਿਨ੍ਹਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਅੱਜ ਵਿਧਾਇਕਾਂ ਦੀ ਮੌਜੂਦਗੀ ਵਿੱਚ ਨਿਯੁਕਤੀ ਪੱਤਰ ਸੌਂਪੇ ਗਏ| ਇਨ੍ਹਾਂ ਨਵ ਨਿਯੁਕਤ ਪਟਵਾਰੀਆਂ ਵਿੱਚ 30 ਲੜਕੀਆਂ ਅਤੇ 75 ਲੜਕੇ ਸ਼ਾਮਿਲ ਹਨ | ਨਕੋਦਰ ਤੋਂ ਵਿਧਾਇਕ ਇੰਦਰਜੀਤ ਕੌਰ ਮਾਨ, ਕਰਤਾਰਪੁਰ ਤੋਂ ਵਿਧਾਇਕ ਬਲਕਾਰ ਸਿੰਘ ਅਤੇ ਜਲੰਧਰ ਕੇਂਦਰੀ ਤੋਂ ਵਿਧਾਇਕ ਰਮਨ ਅਰੋੜਾ ਅਤੇ ਜਲੰਧਰ ਪੱਛਮੀ ਤੋਂ ਵਿਧਾਇਕ ਸ਼ੀਤਲ ਅੰਗੂਰਾਲ ਦੀ ਮੌਜੂਦਗੀ ਵਿੱਚ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਨਵ-ਨਿਯੁਕਤ ਪਟਵਾਰੀਆਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ | ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੁੱਲ 105 ਪਟਵਾਰੀਆਂ ਵਿਚੋਂ 91 ਨੇ ਅੱਜ ਆਪਣੇ ਪੱਤਰ ਪ੍ਰਾਪਤ ਕਰ ਲਏ ਹਨ ਅਤੇ ਬਾਕੀ ਰਹਿੰਦੇ ਵੀ ਇਕ-ਦੋ ਦਿਨਾਂ ਵਿੱਚ ਹਾਸਿਲ ਕਰ ਲੈਣਗੇ | ਉਨ੍ਹਾਂ ਕਿਹਾ ਕਿ ਇਨ੍ਹਾਂ ਪਟਵਾਰੀਆਂ ਦੇ ਆਉਣ ਨਾਲ ਆਉਂਦੇ ਕੁਝ ਮਹੀਨਿਆਂ ਉਪਰੰਤ ਮਾਲ ਵਿਭਾਗ ਦੇ ਰੋਜ਼ਾਨਾਂ ਦੇ ਕੰਮਾਂ ਵਿੱਚ ਵੱਡੇ ਪੱਧਰ ‘ਤੇ ਤੇਜ਼ੀ ਆਵੇਗੀ ਜਿਸ ਨਾਲ ਲੋਕਾਂ ਨੂੰ ਤਹਿਸੀਲਾਂ ਅਤੇ ਸਬ-ਤਹਿਸੀਲਾਂ ਵਿੱਚ ਵੱਡੀ ਰਾਹਤ ਮਿਲੇਗੀ |
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਪਟਵਾਰੀਆਂ ਨੂੰ ਸਟੇਟ ਪਟਵਾਰ ਸਕੂਲ ਵਿਖੇ ਟਰੇਨਿੰਗ ਦੇਣ ਉਪਰੰਤ ਕੁਝ ਸਮਾਂ ਫੀਲਡ ਟਰੇਨਿੰਗ ਦੇਣ ਤੋਂ ਬਾਅਦ ਵੱਖ-ਵੱਖ ਥਾਵਾਂ ‘ਤੇ ਤਾਇਨਾਤ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪਹਿਲਾਂ ਹੀ ਲੋਕਾਂ ਨੂੰ ਮਾਲ ਵਿਭਾਗ ਨਾਲ ਸਬੰਧਿਤ ਸਹੂਲਤਾਂ ਦੇਣ ਲਈ ਜੰਗੀ ਪੱਧਰ ‘ਤੇ ਉਪਰਾਲੇ ਕੀਤਾ ਜਾ ਰਹੇ ਹਨ ਜਿਨ੍ਹਾਂ ਵਿੱਚ ਪਿਛਲੇ ਦਿਨੀ ਇੰਤਕਾਲ ਦੇ ਬਕਾਇਆ ਕੇਸਾਂ ਨੂੰ ਤਰਜੀਹ ਦੇ ਅਧਾਰ ‘ਤੇ ਨਿਪਟਾਉਣ ਲਈ ਵਿਸ਼ੇਸ਼ ਕੈਂਪਾਂ ਦੌਰਾਨ 1298 ਇੰਤਕਾਲ ਕੀਤੇ ਗਏ |
ਵਿਧਾਇਕਾਂ ਬਲਕਾਰ ਸਿੰਘ, ਇੰਦਰਜੀਤ ਕੌਰ ਮਾਨ, ਰਮਨ ਅਰੋੜਾ ਅਤੇ ਸ਼ੀਤਲ ਅੰਗੂਰਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਦੂਰ ਅੰਦੇਸ਼ੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਲੋਕਾਂ ਦੀ ਸਹੂਲਤ ਦੇ ਮੱਦੇਨਜ਼ਰ ਮਾਲ ਵਿਭਾਗ ਨਾਲ ਸਬੰਧਿਤ ਕੰਮਾਂ ਨੂੰ ਸੁਚੱਜੇ ਢੰਗ ਨਾਲ ਨਿਪਟਾਉਣ ਲਈ ਸਲਾਹੁਤਾਯੋਗ ਫ਼ੈਸਲੇ ਲਏ ਗਏ ਹਨ | ਉਨ੍ਹਾਂ ਕਿਹਾ ਕਿ ਇਨ੍ਹਾਂ ਪਟਵਾਰੀਆਂ ਦੇ ਆਉਣ ਨਾਲ ਲੋਕਾਂ ਦੇ ਰੋਜ਼ਾਨਾ ਦੇ ਕੰਮ ਅਸਾਨੀ ਨਾਲ ਤੁਰੰਤ ਅਤੇ ਘੱਟ ਸਮੇਂ ਵਿੱਚ ਹੋ ਜਾਇਆ ਕਰਨਗੇ ਜਿਨ੍ਹਾਂ ਲਈ ਉਨ੍ਹਾਂ ਨੂੰ ਪਿਛਲੇ ਸਮੇਂ ਦੌਰਾਨ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ | ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਵਰਿੰਦਰਪਾਲ ਸਿੰਘ ਬਾਜਵਾ, ਐਸ.ਡੀ.ਐਮ. ਡਾ.ਜੈ ਇੰਦਰ ਸਿੰਘ, ਐਸ.ਡੀ.ਐਮ. ਬਲਬੀਰ ਰਾਜ ਸਿੰਘ, ਐਸ.ਡੀ.ਐਮ. ਲਾਲ ਵਿਸਵਾਸ਼, ਐਸ.ਡੀ. ਐਮ. ਰਣਦੀਪ ਸਿੰਘ ਹੀਰ, ਆਮ ਆਦਮੀ ਪਾਰਟੀ ਦੇ ਆਗੂ ਪ੍ਰੇਮ ਕੁਮਾਰ, ਜੀਤ ਲਾਲ ਭੱਟੀ, ਦਿਨੇਸ਼ ਢੱਲ, ਰਾਜਵਿੰਦਰ ਕੌਰ, ਮੰਗਲ ਸਿੰਘ ਆਦਿ ਮੌਜੂਦ ਸਨ |