ਭੂਮੀ ਅਤੇ ਜਲ ਸੰਭਾਲ ਮੰਤਰੀ ਨੇ 41 ਸਰਵੇਅਰਾਂ ਨੂੰ ਸੌਂਪੇ ਨਿਯੁਕਤੀ-ਪੱਤਰ

ਚੰਡੀਗੜ, (ਦ ਸਟੈਲਰ ਨਿਊਜ਼)। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਵਾਸੀਆਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਦੀ ਮੁਹਿੰਮ ਨੂੰ ਅੱਗੇ ਲਿਜਾਂਦਿਆਂ ਭੂਮੀ ਅਤੇ ਜਲ ਸੰਭਾਲ ਅਤੇ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਡਾ. ਇੰਦਰਬੀਰ ਸਿੰਘ ਨਿੱਝਰ ਨੇ ਅੱਜ ਭੂਮੀ ਅਤੇ ਜਲ ਸੰਭਾਲ ਵਿਭਾਗ ਅਧੀਨ 41 ਸਰਵੇਅਰਾਂ ਨੂੰ ਨਿਯੁਕਤੀ-ਪੱਤਰ ਸੌਂਪੇ। 

Advertisements

ਸਥਾਨਕ ਮਿਊਂਸੀਪਲ ਭਵਨ ਵਿਖੇ ਇਕ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਨਵਨਿਯੁਕਤ ਉਮੀਦਵਾਰਾਂ ਨੂੰ ਸੰਬੋਧਨ ਹੁੰਦਿਆਂ ਡਾ. ਨਿੱਝਰ ਨੇ ਕਿਹਾ ਕਿ ਪੰਜਾਬ ਵਿਚ ਸੱਤਾ ਸੰਭਾਲਦਿਆਂ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਸੀ ਕਿ ਪੰਜਾਬ ਦੀ ਨੌਜਵਾਨੀ ਨੂੰ ਵਿਦੇਸ਼ਾਂ ਵਿਚ ਜਾਣ ਤੋਂ ਰੋਕਣ ਲਈ ਪੰਜਾਬ ਵਿਚ ਹੀ ਰੋਜ਼ਗਾਰ ਦੇ ਵਸੀਲੇ ਪੈਦਾ ਕੀਤੇ ਜਾਣਗੇ। ਇਸੇ ਵਾਅਦੇ ਨੂੰ ਪੂਰਾ ਕਰਦਿਆਂ ਵੱਖ-ਵੱਖ ਵਿਭਾਗਾਂ ਵਿਚ ਵੱਡੇ ਪੱਧਰ ‘ਤੇ ਭਰਤੀ ਕੀਤੀ ਜਾ ਰਹੀ ਹੈ। 

ਉਨਾਂ ਨਵੇਂ ਨਿਯੁਕਤ ਹੋਏ ਉਮੀਦਵਾਰਾਂ ਨੂੰ ਵਧਾਈ ਦਿੰਦੇ ਹੋਏ ਸਭਨਾਂ ਨੂੰ ਪੂਰੀ ਨਿਸ਼ਠਾ, ਇਮਾਨਦਾਰੀ ਅਤੇ ਆਪਣੇ ਕੰਮ ਪ੍ਰਤੀ ਸਮਰਪਿਤ ਹੋ ਕੇ ਡਿਊਟੀ ਨਿਭਾਉਣ ਲਈ ਪ੍ਰੇਰਿਤ ਕੀਤਾ। ਡਾ. ਨਿੱਝਰ ਨੇ ਕਿਹਾ ਕਿ ਜਿਸ ਅਹੁਦੇ ‘ਤੇ ਉਹ ਨਿਯੁਕਤ ਹੋਏ ਹਨ ਉਹ ਸਿੱਧੇ ਤੌਰ ‘ਤੇ ਭੂਮੀ ਅਤੇ ਜਲ ਸੰਭਾਲ ਵਿਭਾਗ ਦੀ ਯੋਜਨਾ ਅਤੇ ਕੰਮਾਂ ਨੂੰ ਲਾਗੂ ਕਰਨ ਨਾਲ ਸਬੰਧਤ ਹੈ, ਜੋ ਕਿ ਮੌਜੂਦਾ ਸਮੇਂ ਬਹੁਤ ਅਹਿਮ ਹੈ। ਉਨਾਂ ਪੰਜਾਬ ਵਿਚ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਦੇਖਦੇ ਹੋਏ ਨਵੇਂ ਉਪਰਾਲੇ ਅਤੇ ਹੋਰ ਨਵੇਂ ਪ੍ਰੋਗਰਾਮ ਉਲੀਕਣ ਅਤੇ ਚੱਲ ਰਹੇ ਭੂਮੀ ਅਤੇ ਜਲ ਸੰਭਾਲ ਦੇ ਕੰਮਾਂ ਨੂੰ ਹੋਰ ਪ੍ਰਭਾਵਸ਼ਾਲੀ ਕਰਨ ਦਾ ਸੰਦੇਸ਼ ਦਿੱਤਾ। ਉਨਾਂ ਖੇਤੀਬਾੜੀ ਖੇਤਰ ਵਿਚ ਵੱਡੇ ਪੱਧਰ ‘ਤੇ ਪਾਣੀ ਸੰਭਾਲ ਦੀ ਮੁਹਿੰਮ ਸ਼ੁਰੂ ਕਰਨ ਲਈ ਵੀ ਕਿਹਾ ਕਿਉਂਕਿ ਇਸ ਖੇਤਰ ਵਿਚ ਰਾਜ ਦੇ ਜਲ ਸਰੋਤ ਦਾ 90 ਫੀਸਦੀ ਤੋਂ ਵੱਧ ਹਿੱਸਾ ਵਰਤੋਂ ਵਿਚ ਆਉਂਦਾ ਹੈ। 

ਡਾ. ਨਿੱਝਰ ਨੇ ਵਿਭਾਗ ਵਿਚ ਹੋਰ ਸ਼੍ਰੇਣੀ ਦੇ ਮੁਲਾਜ਼ਮਾਂ ਦੀ ਘਾਟ ਦੇ ਮਸਲੇ ਨੂੰ ਦੇਖਦੇ ਹੋਏ ਯਕੀਨ ਦਿੱਤਾ ਕਿ ਸੂਬਾ ਸਰਕਾਰ ਇਨਾਂ ਮੁਲਾਜ਼ਮਾਂ ਦੀ ਭਰਤੀ ਲਈ ਯੋਗ ਉਪਰਾਲੇ ਕਰ ਰਹੀ ਹੈ ਅਤੇ ਖਾਲੀ ਪਈਆਂ ਅਸਾਮੀਆਂ ਨੂੰ ਸਹੀ ਅਤੇ ਪਾਰਦਰਸ਼ੀ ਢੰਗ ਨਾਲ ਬਹੁਤ ਜਲਦ ਭਰਿਆ ਜਾਵੇਗਾ। ਇਸ ਮੌਕੇ ਵਧੀਕ ਮੁੱਖ ਸਕੱਤਰ (ਭੂਮੀ ਅਤੇ ਜਲ ਸੰਭਾਲ) ਸਰਵਜੀਤ ਸਿੰਘ ਅਤੇ ਮੁੱਖ ਭੂਮੀ ਪਾਲ ਮਹਿੰਦਰ ਸਿੰਘ ਸੈਣੀ ਸਮੇਤ ਵਿਭਾਗ ਦੇ ਹੋਰ ਅਧਿਕਾਰੀ ਹਾਜ਼ਰ ਸਨ।

LEAVE A REPLY

Please enter your comment!
Please enter your name here