ਵਸੀਕਾ ਨਵੀਸਾਂ ਦੇ ਬੂਥਾਂ ਦੇ ਬਾਹਰ ਨਿਰਧਾਰਿਤ ਫੀਸਾਂ ਦੇ ਬੋਰਡ ਲਾਏ ਜਾਣ

ਜਲੰਧਰ(ਦ ਸਟੈਲਰ ਨਿਊਜ਼)। ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਅੱਜ ਜ਼ਿਲ੍ਹੇ ਅੰਦਰ ਸਮੂਹ ਵਸੀਕਾ ਨਵੀਸਾਂ ਦੇ ਬੂਥਾਂ ਦੇ ਬਾਹਰ ਵੱਖ-ਵੱਖ ਦਸਤਾਵੇਜਾਂ ਨੂੰ ਲਿਖਣ ਲਈ ਨਿਰਧਾਰਿਤ ਫੀਸਾਂ ਦੇ ਵੇਰਵੇ ਦਰਸਾਉਂਦੇ ਬੋਰਡ ਲਗਾਉਣ ਦੇ ਹੁਕਮ ਜਾਰੀ ਕਰਦਿਆਂ ਇਸ ਸਬੰਧੀ ਸਮੂਹ ਸਬ ਰਜਿਸਟਰਾਰ/ਜੁਆਇੰਟ ਸਬ ਰਜਿਸਟਰਾਰ ਨੂੰ ਇਸ ਸਬੰਧੀ ਦੋ ਦਿਨਾਂ ਦੇ ਅੰਦਰ –ਅੰਦਰ ਰਿਪੋਰਟ ਭੇਜਣ ਦੇ ਆਦੇਸ਼ ਦਿੱਤੇ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਬੋਰਡ ਲੋਕਾਂ ਨੂੰ ਨਜ਼ਰੀਂ ਪੈਣ ਵਾਲੀਆਂ ਥਾਵਾਂ ’ਤੇ ਲਗਾਏ ਜਾਣ ਤਾਂ ਜੋ ਉਨ੍ਹਾਂ ਨੂੰ ਵਸੀਕਾ ਰਜਿਸਟਰਡ ਕਰਵਾਉਣ ਦੀ ਪ੍ਰਕਿਰਿਆ, ਫੀਸਾਂ, ਕੁਲੈਕਟਰ ਰੇਟਾਂ ਦੇ ਵੇਰਵੇ ਆਦਿ ਅਸਾਨੀ ਨਾਲ ਪਤਾ ਲੱਗ ਸਕਣ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸਹੂਲਤ ਲਈ ਵਸੀਕਾ ਨਵੀਸਾਂ ਦੇ ਬੂਥਾਂ ਦੇ ਬਾਹਰ ਕੁਲੈਕਟਰ ਰੇਟ ਲਿਖੇ ਜਾਣਗੇ ਜੋ ਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਵੈਬਸਾਈਟ ਅਤੇ ਸਬੰਧਿਤ ਸਬ ਰਜਿਸਟਰਾਰ ਦੇ ਦਫ਼ਤਰ ਵਿੱਚ ਜਾ ਕੇ ਵੀ ਚੈਕ ਕੀਤੇ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਵਸੀਕਾ ਰਜਿਸਟਰਡ ਕਰਵਾਉਣ ਲਈ ਮਾਲਕੀ ਦਾ ਸਬੂਤ, ਜਮ੍ਹਾਬੰਦੀ ਦੀ ਨਕਲ, ਅਲਾਟਮੈਂਟ ਪੱਤਰ, ਪੁਰਾਣੀ ਰਜਿਸਟਰੀ, ਐਨ.ਓ.ਸੀ. ਆਦਿ, ਜੇਕਰ ਜਾਇਦਾਦ ਸ਼ਹਿਰੀ ਵਿਕਾਸ ਅਥਾਰਟੀ/ਟਰੱਸਟ ਅਧੀਨ ਆਉਂਦੀ ਹੈ, ਪਹਿਚਾਣ ਪੱਤਰ, ਪੈਨ ਕਾਰਡ ਜਾਂ ਫਾਰਮ 60 ਅਤੇ ਦੋ ਪਾਸਪੋਰਟ ਸਾਈਜ਼ ਫੋਟੋਆਂ ਲੋੜੀਂਦੀਆਂ ਹਨ।

Advertisements

ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਵਸੀਕੇ ਦੀ ਰਜਿਸਟਰੇਸ਼ਨ ਕਰਵਾਉਣ ਸਮੇਂ 19999 ਰੁਪਏ ਤੋਂ ਵੱਧ ਦੀ ਅਸ਼ਟਾਮ ਡਿਊਟੀ ਨੂੰ ਕੈਸ਼ਲੈਸ ਕੀਤਾ ਜਾ ਚੁੱਕਾ ਹੈ । ਈ-ਸਟੈਂਪ ਸੇਵਾ ਕੇਂਦਰਾਂ ਅਤੇ ਸਟਾਕ ਹੋਲਡਿੰਗ ਕਾਰਪੋਰੇਸ਼ਨ ਦੇ ਅਧਿਕਾਰਤ ਬੈਂਕਾਂ ਤੋਂ ਬਿਨ੍ਹਾਂ ਕਿਸੇ ਕਮਿਸ਼ਨ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ, ਜਿਨ੍ਹਾਂ ਲਈ ਸਿਰਫ ਈ ਸਟੈਂਪ ਪੇਪਰ ਦੇ ਬਰਾਬਰ ਹੀ ਰਕਮ ਦੇਣੀ ਪੈਂਦੀ ਹੈ, 19999 ਰੁਪਏ ਤੋਂ ਘੱਟ ਦੇ ਅਸ਼ਟਾਮ ਡਿਊਟੀ ਲਈ ਮੈਨੂਅਲ ਅਸ਼ਟਾਮ ਪੇਪਰ ਦੀ ਵਰਤੋਂ ਕੀਤੀ ਜਾਂਦੀ ਹੈ ਜੋ ਕਿ ਬਿਨ੍ਹਾਂ ਕਿਸੇ ਕਮਿਸ਼ਨ ਤੋਂ ਅਸ਼ਟਾਮ ਫਰੋਸ਼ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ। ਜ਼ਿਕਰਯੋਗ ਹੈ ਕਿ ਵਸੀਕਾ ਲਿਖਵਾਉਣ ਲਈ ਵੱਖ-ਵੱਖ ਫ਼ੀਸਾਂ ਨਿਰਧਾਰਿਤ ਕੀਤੀਆਂ ਗਈਆਂ ਹਨ ਜਿਨ੍ਹਾਂ ਵਿੱਚ ਵਸੀਕਾ, ਜਿਸ ਵਿੱਚ ਜਾਇਦਾਦ ਦੀ ਕੀਮਤ ਜਾਂ ਅਸਲ ਲੈਣ-ਦੇਣ ਦੀ ਕੀਮਤ ਦਰਜ ਹੋਵੇ ਦੀ 500 ਰੁਪਏ ਫੀਸ ਹੈ। ਇਸੇ ਤਰ੍ਹਾਂ ਮੁਖਤਿਆਰਨਾਮਾ, ਇਕਰਾਰਨਾਮਾ, ਵਸੀਅਤ, ਗੋਦਨਾਮੇ ਦੇ ਵਸੀਕੇ ਅਤੇ ਵਸੀਕੇ ਵਿੱਚ ਸੋਧ ਲਈ 200 ਰੁਪਏ, ਕੋਈ ਵੀ ਵਸੀਕਾ ਜਿਸ ਵਿੱਚ ਜਾਇਦਾਦ ਦਾ ਲੈਣ-ਦੇਣ ਨਾ ਹੋਵੇ 100 ਰੁਪਏ, ਤਬਾਦਲੇ ਜਾਂ ਬਿਨਾਂ ਕਿਸੇ ਲੈਣ-ਦੇਣ ਵਾਲਾ ਵਸੀਕਾ 50 ਰੁਪਏ ਅਤੇ ਇਨ੍ਹਾਂ ਤੋਂ ਇਲਾਵਾ ਹੋਰ ਕੋਈ ਵੀ ਵਸੀਕੇ ਲਈ 25 ਰੁਪਏ ਫੀਸ ਨਿਰਧਾਰਿਤ ਕੀਤੀ ਗਈ ਹੈ। ਹਦਾਇਤਾਂ ਅਨੁਸਾਰ ਵਸੀਕੇ ਉਤੇ ਲੱਗਣ ਵਾਲੀਆਂ ਫੀਸਾਂ ਸਬੰਧੀ ਵੀ ਬੋਰਡ ’ਤੇ ਵੇਰਵਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਔਰਤਾਂ ਨੂੰ ਅਸ਼ਟਾਮ ਡਿਊਟੀ ਵਿੱਚ ਦੋ ਫੀਸਦੀ ਦੀ ਛੋਟ ਹੈ। ਇਨ੍ਹਾਂ ਤੋਂ ਇਲਾਵਾ ਅਪਾਇੰਟਮੈਂਟ, ਵਸੀਕੇ ਦੀ ਰਜਿਸਟਰੇਸ਼ਨ ਅਤੇ ਡਲਿਵਰੀ ਅਤੇ ਹੈਲਪਲਾਈਨ ਨੰਬਰ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ।

LEAVE A REPLY

Please enter your comment!
Please enter your name here