ਡਿਪਟੀ ਕਮਿਸ਼ਨਰ ਵੱਲੋਂ ਡੇਅਰੀ, ਮੱਛੀ ਪਾਲਣ ਤੇ ਕੇਵੀਕੇ ਦੀਆਂ ਗਤੀਵਿਧੀਆਂ ਨੂੰ ਹੋਰ ਹੁਲਾਰਾ ਦੇਣ ਲਈ ਯੋਜਨਾ ਤਿਆਰ ਕਰਨ ਦੇ ਨਿਰਦੇਸ਼

ਜਲੰਧਰ (ਦ ਸਟੈਲਰ ਨਿਊਜ਼): ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਮੰਗਲਵਾਰ ਨੂੰ ਸਬੰਧਤ ਅਧਿਕਾਰੀਆਂ ਨੂੰ ਵੱਧ ਤੋਂ ਵੱਧ ਲਾਭਪਾਤਰੀਆਂ ਨੂੰ ਡੇਅਰੀ, ਮੱਛੀ ਪਾਲਣ ਅਤੇ ਹੋਰ ਸਹਾਇਕ ਧੰਦਿਆਂ ਵੱਲ ਉਤਸ਼ਾਹਿਤ ਕਰਨ ਦੀਆਂ ਹਦਾਇਤਾਂ ਦਿੱਤੀਆਂ, ਜੋ ਕਿ ਆਸਾਨੀ ਨਾਲ ਸ਼ੁਰੂ ਕੀਤੇ ਜਾ ਸਕਦੇ ਹਨ ਅਤੇ ਇਨ੍ਹਾਂ ’ਤੇ ਸਬਸਿਡੀ ਵੀ ਪ੍ਰਾਪਤ ਹੁੰਦੀ ਹੈ। ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਹਦਾਇਤਾਂ ਦਿੰਦਿਆਂ ਕਿਹਾ ਕਿ ਅਗਾਂਹਵਧੂ ਕਿਸਾਨਾਂ ਵੱਲੋਂ ਚਲਾਏ ਜਾ ਰਹੇ ਮੌਜੂਦਾ ਯੂਨਿਟਾਂ ਦੇ ਵਿਸਥਾਰ ਲਈ ਵੀ ਵਿਸਤ੍ਰਿਤ ਯੋਜਨਾ ਉਲੀਕੀ ਜਾਵੇ। ਡਿਪਟੀ ਕਮਿਸ਼ਨਰ ਨੇ 2022-23 ਲਈ ਮੱਛੀ ਪਾਲਣ ਕਾਰਜ ਯੋਜਨਾ ਨੂੰ ਅੰਤਿਮ ਰੂਪ ਦੇਣ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਦੇ ਵੀ ਨਿਰਦੇਸ਼ ਦਿੱਤੇ ਕਿਉਂਜੋ ਇੱਥੇ 90 ਤੋਂ ਵੱਧ ਤਾਲਾਬ ਵਿਅਕਤੀਗਤ ਕਿਸਾਨਾਂ ਵੱਲੋਂ ਚਲਾਏ ਜਾ ਰਹੇ ਹਨ। ਇਸ ਤੋਂ ਇਲਾਵਾ ਜ਼ਿਲ੍ਹੇ ਭਰ ਵਿੱਚ ਮੱਛੀਆਂ ਦੇ ਤਸੱਲੀਬਖਸ਼ ਉਤਪਾਦਨ ਦੇ ਨਾਲ 180 ਪਿੰਡਾਂ ਦੇ ਤਾਲਾਬ ਸੰਚਾਲਿਤ ਹਨ । ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਇਸ ਉੱਦਮ ਨੂੰ ਸ਼ੁਰੂ ਕਰਨ ਲਈ ਅੱਗੇ ਆਉਣ ਅਪੀਲ ਕੀਤੀ ਕਿਉਂਕਿ ਇਸ ਦੇ ਲਈ ਸਬਸਿਡੀ ਦੀ ਵੀ ਵਿਵਸਥਾ ਹੈ। ਉਨ੍ਹਾਂ ਮੱਛੀ ਪਾਲਣ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਸਹਾਇਕ ਖੇਤਰ ਵੱਲ ਦਿਲਚਸਪੀ ਰੱਖਣ ਵਾਲੇ ਭਾਗੀਦਾਰਾਂ ਨੂੰ ਪ੍ਰੇਰਿਤ ਕਰਨ ਲਈ ਵੱਡੇ ਪੱਧਰ ’ਤੇ ਮੁਹਿੰਮ ਚਲਾਉਣ ਦੇ ਨਿਰਦੇਸ਼ ਦਿੱਤੇ। ‘ਨੀਲੀ ਕ੍ਰਾਂਤੀ’ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਪ੍ਰਧਾਨ ਮੰਤਰੀ ਮਤੱਸਯਾ ਸੰਪਦਾ ਯੋਜਨਾ ਤਹਿਤ ਪੰਜ ਸਾਲਾ ਯੋਜਨਾ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਵੀ ਨਿਰਦੇਸ਼ ਦਿੱਤੇ ਗਏ ।

Advertisements

ਲੋਕਾਂ ਨੂੰ ਰਾਸ਼ਟਰੀ ਬਾਗਬਾਨੀ ਮਿਸ਼ਨ ਤਹਿਤ ਵੱਖ-ਵੱਖ ਗਤੀਵਿਧੀਆਂ ਅਪਣਾਉਣ ਲਈ ਪ੍ਰੇਰਿਤ ਕਰਦਿਆਂ ਜਸਪ੍ਰੀਤ ਸਿੰਘ ਨੇ ਬਾਗਬਾਨੀ ਵਿਭਾਗ ਦੇ ਅਧਿਕਾਰੀਆਂ ਨੂੰ ਜ਼ਮੀਨੀ ਪੱਧਰ ‘ਤੇ ਜਾਣਕਾਰੀ ਦੇ ਵਿਆਪਕ ਪ੍ਰਸਾਰ ਨੂੰ ਯਕੀਨੀ ਬਣਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਬਾਗਬਾਨੀ ਖੇਤਰ ਵਿੱਚ ਕਿਸਾਨਾਂ ਦੀ ਸਰਗਰਮ ਭਾਗੀਦਾਰੀ ਨਾਲ ਜਿਥੇ ਫ਼ਸਲੀ ਵਿਭਿੰਨਤਾ ਦਾ ਰਾਹ ਪੱਧਰਾ ਹੋਵੇਗਾ ਉਥੇ ਕਿਸਾਨਾਂ ਨੂੰ ਉਨ੍ਹਾਂ ਦੀਆਂ ਉਪਜਾਂ ਦੇ ਲਾਹੇਵੰਦ ਭਾਅ ਵੀ ਮਿਲਣਗੇ। ਉਨ੍ਹਾਂ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਅਧਿਕਾਰੀਆਂ ਨੂੰ ਸੈਲਫ ਹੈਲਪ ਗਰੁੱਪ ਆਦਿ ਬਣਾਉਣ ਲਈ ਦਿੱਤੀ ਜਾ ਰਹੀ ਸਿਖਲਾਈ ਵਿੱਚ ਵਾਧਾ ਕਰਨ ਲਈ ਵੀ ਕਿਹਾ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਰਿੰਦਰਪਾਲ ਸਿੰਘ ਬਾਜਵਾ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।

ਸਥਾਨਕ ਸਬਜ਼ੀ ਮੰਡੀ ਵਿੱਚ ਹਰੇ ਕੂੜੇ-ਕਰਕਟ ਦੇ ਵੱਡੇ ਢੇਰ ਦੇ ਮੁੱਦੇ ਦਾ ਜ਼ਿਕਰ ਕਰਦਿਆਂ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਜ਼ਿਲ੍ਹਾ ਮੰਡੀ ਅਫ਼ਸਰ ਅਤੇ ਡਿਪਟੀ ਡਾਇਰੈਕਟਰ ਬਾਗਬਾਨੀ ਨੂੰ ਇਸ ਕੂੜੇ ਨੂੰ ਖਾਦ ਵਿੱਚ ਤਬਦੀਲ ਕਰਨ ਦੀਆਂ ਸੰਭਾਵਨਾਵਾਂ ਦੀ ਜਾਂਚ ਕਰਨ ਲਈ ਆਖਿਆ। ਉਨ੍ਹਾਂ ਕਿਹਾ ਕਿ ਹੋਰ ਸਬੰਧਤ ਵਿਭਾਗਾਂ ਦਾ ਵੀ ਸਹਿਯੋਗ ਲਿਆ ਜਾ ਸਕਦਾ ਹੈ ਤਾਂ ਜੋ ਇਸ ਹਰੇ ਕੂੜੇ ਨੂੰ ਖਾਦ ਵਜੋਂ ਵਰਤਿਆ ਜਾ ਸਕੇ। ਉਨ੍ਹਾਂ ਇਸ ਸਬੰਧੀ ਅਗਲੇਰੀ ਕਾਰਵਾਈ ਲਈ ਸਬੰਧਤ ਅਧਿਕਾਰੀਆਂ ਨੂੰ ਦੌਰਾ ਕਰਨ ਲਈ ਵੀ ਕਿਹਾ।

LEAVE A REPLY

Please enter your comment!
Please enter your name here