ਡਿਪਟੀ ਕਮਿਸ਼ਨਰ ਵੱਲੋਂ ਆਧਾਰ ਐਨਰੋਲਮੈਂਟ ਪ੍ਰਗਤੀ ਦਾ ਜਾਇਜ਼ਾ

ਪਟਿਆਲਾ, (ਦ ਸਟੈਲਰ ਨਿਊਜ਼)। ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਜ਼ਿਲ੍ਹੇ ‘ਚ ਆਧਾਰ ਐਨਰੋਲਮੈਂਟ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਸੇਵਾ ਕੇਂਦਰਾਂ, ਡੀਈਓ, ਡੀਪੀਓ ਅਤੇ ਹੋਰ ਨਿਜੀ ਏਜੰਸੀਆਂ ਦੇ ਨੁਮਾਇੰਦਿਆਂ ਨਾਲ ਇੱਕ ਬੈਠਕ ਕੀਤੀ। ਮੀਟਿੰਗ ਦੌਰਾਨ ਦੱਸਿਆ ਗਿਆ ਕਿ ਜ਼ਿਲ੍ਹੇ ‘ਚ 2022 ਦੀ ਅਨੁਮਾਨਿਤ ਆਬਾਦੀ ਅਨੁਸਾਰ ਆਧਾਰ ਐਨਰੋਲਮੈਂਟ ਪਹਿਲਾਂ ਹੀ 111.79 ਫ਼ੀਸਦੀ ਦਾ ਅੰਕੜਾ ਪਾਰ ਕਰ ਚੁੱਕੀ ਹੈ। ਹਾਲਾਂਕਿ, ਉਮਰ-ਸਮੂਹ-ਵਾਰ ਆਧਾਰ ਐਨਰੋਲਮੈਂਟ ਵਿਸ਼ਲੇਸ਼ਣ ਦਰਸਾਉਂਦਾ ਹੈ ਕਿ 0-5 ਸਾਲ ਦੀ ਉਮਰ-ਸਮੂਹ ਤੋਂ ਘੱਟ ਉਮਰ ਦੇ ਸਿਰਫ 70.94 ਫੀਸਦੀ ਬੱਚਿਆਂ ਨੂੰ ਹੀ ਆਧਾਰ ਜਾਰੀ ਕੀਤਾ ਗਿਆ ਹੈ। ਇਸ ਤਰ੍ਹਾਂ ਇਸ ਉਮਰ ਵਰਗ ਦੇ ਬੱਚਿਆਂ ਦੀ 100 ਫ਼ੀਸਦੀ ਆਧਾਰ ਨਾਮਾਂਕਣ ਨੂੰ ਯਕੀਨੀ ਬਣਾਉਣ ਅਤੇ ਇਸ ਟੀਚੇ ਨੂੰ ਪੂਰਾ ਕਰਨ ਲਈ ਏ.ਡੀ.ਸੀ. (ਜ) ਗੁਰਪ੍ਰੀਤ ਸਿੰਘ ਥਿੰਦ ਨੂੰ ਨੋਡਲ ਅਫ਼ਸਰ ਵਜੋਂ ਨਿਯੁਕਤ ਕੀਤਾ ਗਿਆ ਹੈ।

Advertisements

ਡਿਪਟੀ ਕਮਿਸ਼ਨਰ ਨੇ ਸਕੂਲ ਸਿੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਕਿ ਉਹ ਉਪਲਬਧ ਸਾਧਨਾਂ ਦੀ 100 ਫੀਸਦੀ ਵਰਤੋਂ ਨੂੰ ਯਕੀਨੀ ਬਣਾਉਣ ਅਤੇ ਐਨਰੋਲਮੈਂਟ ਕਿੱਟਾਂ ਭੇਜਣ ਲਈ ਰੂਟ ਪਲਾਨ ਪਹਿਲਾਂ ਤੋਂ ਹੀ ਤਿਆਰ ਕਰਨ ਅਤੇ ਨਾਮਾਂਕਣ ਏਜੰਸੀਆਂ ਨਾਲ ਇਸ ਨੂੰ ਸਾਂਝਾ ਕਰਨ। ਇਸ ਤੋਂ ਬਿਨ੍ਹਾਂ ਕੈਂਪ ਸਥਾਨਾਂ ‘ਤੇ ਬੱਚਿਆਂ ਨੂੰ ਪਹੁੰਚਾਉਣ ਲਈ ਮਾਪਿਆਂ ਨਾਲ ਸਹੀ ਤਾਲਮੇਲ ਯਕੀਨੀ ਬਣਾਉਣ ਸਮੇਤ ਸੇਵਾ ਕੇਂਦਰ ਦੇ ਅਧਿਕਾਰੀਆਂ ਨੂੰ ਲੋਕਾਂ ਦੀ ਸਹੂਲਤ ਲਈ ਬਿਹਤਰ ਭੀੜ ਪ੍ਰਬੰਧਨ ਯਕੀਨੀ ਬਣਾਉਣ ਦੇ ਆਦੇਸ਼ ਦਿੱਤੇ ਗਏ। ਜੇਕਰ ਲੋਕਾਂ ਦੀ ਭੀੜ ਜ਼ਿਆਦਾ ਭੀੜ ਹੋ ਜਾਵੇ ਤਾਂ ਇਨ੍ਹਾਂ ਲੋਕਾਂ ਨੂੰ ਮੁੜ ਆਉਣ ਦਾ ਸਮਾਂ ਦੇਣ ਜਾਂ ਨੇੜਲੇ ਸਥਾਨ ‘ਤੇ ਉਪਲਬਧ ਕਿਸੇ ਹੋਰ ਸਹੂਲਤ ਲਈ ਮਾਰਗ ਦਰਸ਼ਨ ਕੀਤਾ ਜਾਵੇ।

ਡਿਪਟੀ ਕਮਿਸ਼ਨਰ ਨੇ ਆਧਾਰ ਕਾਰਡ ਦੀ ਮਹੱਤਤਾ ਦੱਸਦਿਆਂ ਕਿਹਾ ਕਿ ਇਸ ਦੀ ਵਰਤੋਂ ਡਰਾਈਵਿੰਗ ਲਾਇਸੈਂਸ, ਪਾਸਪੋਰਟ, ਦਾਖਲੇ, ਟੀਕਾਕਰਨ, ਲਾਪਤਾ ਬੱਚਿਆਂ ਦਾ ਪਤਾ ਲਗਾਉਣ ਆਦਿ ਵਿੱਚ ਬੇਹੱਦ ਲਾਹੇਵੰਦ ਹੁੰਦੀ ਹੈ, ਇਸ ਲਈ ਆਮ ਲੋਕ ਆਪਣੇ ਬੱਚਿਆਂ ਦਾ ਆਧਾਰ ਕਾਰਡ ਤੁਰੰਤ ਬਣਾਉਣਾ ਯਕੀਨੀ ਬਣਾਉਣ।ਉਨ੍ਹਾਂ ਕਿਹਾ ਕਿ ਲੰਘੇ ਸਮੇਂ ‘ਚ ਦੇਸ਼ ਭਰ ਵਿੱਚ ਗੁੰਮਸ਼ੁਦਾ ਬੱਚਿਆਂ ਦੇ 500 ਤੋਂ ਵੱਧ ਮਾਮਲਿਆਂ ਨੂੰ ਆਧਾਰ ਦੀ ਵਰਤੋਂ ਨਾਲ ਹੀ ਹੱਲ ਕੀਤਾ ਜਾ ਸਕਿਆ ਹੈ।

ਉਨ੍ਹਾਂ ਦੱਸਿਆ ਕਿ ਬੱਚਿਆਂ ਦੀ 5 ਅਤੇ 15 ਸਾਲ ਦੀ ਉਮਰ ਪੂਰੀ ਹੋਣ ‘ਤੇ ਬਾਇਓਮੈਟ੍ਰਿਕਸ ਨੂੰ ਆਧਾਰ ਨਾਲ ਅਪਡੇਟ ਕਰਨਾ ਲਾਜ਼ਮੀ ਹੈ ਅਤੇ 5 ਅਤੇ 15 ਸਾਲ ਦੀ ਉਮਰ ਹੋਣ ‘ਤੇ ਬੱਚਿਆਂ ਦੇ ਲਾਜ਼ਮੀ ਬਾਇਓਮੈਟ੍ਰਿਕ ਅਪਡੇਟ ਮਫ਼ਤ ਕੀਤਾ ਜਾਂਦਾ ਹੈ। ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੂਬੇ ਵਿੱਚ ਆਧਾਰ ਦੀ ਵਿਆਪਕ ਐਨਰੋਲਮੈਂਟ ਦਾ ਟੀਚਾ ਪੂਰਾ ਕਰਨ ਲਈ ਸਰਕਾਰੀ ਏਜੰਸੀਆਂ ਨੂੰ ਆਪਣਾ ਸਹਿਯੋਗ ਦੇਣ। ਉਨ੍ਹਾਂ ਕਿਹਾ ਕਿ ਇਸ ਸਮੇਂ ਆਧਾਰ ਨਾਮਾਂਕਣ ਦੀ ਸਹੂਲਤ ਸੇਵਾ ਕੇਂਦਰਾਂ, ਸਕੂਲਾਂ ਤੇ ਆਂਗਣਵਾੜੀਆਂ ‘ਚ ਰੋਟੇਸ਼ਨਲ ਆਧਾਰ ‘ਤੇ, ਡਾਕਘਰਾਂ ਤੇ ਬੈਂਕਾਂ ‘ਚ ਉਪਲਬਧ ਹੈ।ਜਦਕਿ 0 ਤੋਂ 5 ਸਾਲ ਦੀ ਉਮਰ ਦੇ ਬੱਚਿਆਂ ਦੇ ਨਵੇਂ ਨਾਮਾਂਕਣ/ਅਪਡੇਟ ਕਰਨ ਲਈ, ਮਾਪੇ ਆਪਣੇ ਜ਼ਿਲ੍ਹੇ ਦੇ ਸਬੰਧਤ ਸੇਵਾ ਕੇਂਦਰਾਂ/ਆਂਗਨਵਾੜੀਆਂ/ਸੀਡੀਪੀਓ ਦਫ਼ਤਰਾਂ ਨਾਲ ਸੰਪਰਕ ਕਰਨ ਜਾਂ ਆਪਣੇ ਨਜ਼ਦੀਕੀ ਆਧਾਰ ਨਾਮਾਂਕਣ ਕੇਂਦਰ ਨੂੰ ਆਨਲਾਈਨ https://bit.ly/CpwHYYx ਪੋਰਟਲ ‘ਤੇ ਵੀ ਲੱਭ ਸਕਦੇ ਹਨ।

LEAVE A REPLY

Please enter your comment!
Please enter your name here