ਪੰਚਾਇਤ ਭਵਨ ਵਿੱਚ ਖੇਤੀਬਾੜੀ ਵਿਭਾਗ ਵੱਲੋਂ ਸਬਸਿਡੀ ’ਤੇ ਖੇਤੀ ਸੰਦ ਦੇਣ ਲਈ ਕੱਢਿਆ ਜਾਵੇਗਾ ਡਰਾਅ

ਗੁਰਦਾਸਪੁਰ (ਦ ਸਟੈਲਰ ਨਿਊਜ਼)। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋਂ ਸਾਲ 2022 ਵਿੱਚ ਖੇਤੀ ਸੰਦ ਸਬਸਿਡੀ ’ਤੇ ਮੁਹੱਈਆ ਕਰਵਾਉਣ ਲਈ ਆਨ-ਲਾਈਨ ਅਰਜ਼ੀਆਂ ਦੀ ਮੰਗ ਕੀਤੀ ਗਈ ਸੀ, ਜਿਸ ਤਹਿਤ ਪ੍ਰਾਪਤ ਅਰਜ਼ੀਆਂ ਦੇ ਡਰਾਅ ਮਿਤੀ 30 ਅਗਸਤ 2022 ਨੂੰ ਸਥਾਨਕ ਪੰਚਾਇਤ ਭਵਨ ਦੁਪਹਿਰ 02:00 ਵਜੇ ਕੱਢੇ ਜਾਣਗੇ। ਇਸ ਸਬੰਧੀ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਕਿਹਾ ਕਿ ਡਰਾਅ ਕੱਢਣ ਦੀ ਪ੍ਰੀਕ੍ਰਿਆ ਨੂੰ ਪੂਰੀ ਤਰਾਂ ਪਾਰਦਰਸ਼ੀ ਢੰਗ ਨਾਲ ਕਿਸਾਨਾਂ ਤੇ ਮੀਡੀਆ ਦੇ ਸਾਹਮਣੇ ਮੁਕੰਮਲ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਕਿਸਾਨਾਂ ਵੱਲੋਂ ਸਬਸਿਡੀ ’ਤੇ ਖੇਤੀ ਸੰਦ ਲੈਣ ਲਈ ਵਿਅਕਤੀਗਤ ਪੱਧਰ, ਸਹਿਕਾਰੀ ਸਭਾ, ਪੰਚਾਇਤ ਅਤੇ ਐੱਫ.ਪੀ.ਓ. ਕੈਟਾਗਰੀਆਂ ਵਿੱਚ ਕੁੱਲ 2962 ਅਰਜ਼ੀਆਂ ਦਿੱਤੀਆਂ ਗਈਆਂ ਸਨ।

Advertisements

ਉਨ੍ਹਾਂ ਦੱਸਿਆ ਸਹਿਕਾਰੀ ਸਭਾ, ਪੰਚਾਇਤ ਅਤੇ ਐੱਫ.ਪੀ.ਓ. ਕੈਟਾਗਰੀਆਂ ਵਿੱਚ ਕੁੱਲ 119 ਖੇਤੀ ਸੰਦ ਦਿੱਤੇ ਜਾਣੇ ਹਨ ਜਦਕਿ ਇਸ ਲਈ ਅਰਜ਼ੀ ਕੇਵਲ 90 ਪ੍ਰਾਪਤ ਹੋਈਆਂ ਹਨ। ਇਸੇ ਤਰਾਂ ਨਿੱਜੀ ਕਿਸਾਨ (ਐੱਸ.ਸੀ. ਕੈਟਾਗਰੀ ਵਿੱਚ) ਵਿੱਚ 344 ਖੇਤੀ ਸੰਦਾਂ ਦਾ ਟਾਰਗੇਟ ਸੀ ਜਦਕਿ ਸਿਰਫ 16 ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਇਸ ਲਈ ਉਪਰੋਕਤ ਕੈਟਾਗਰੀਆਂ ਵਿੱਚ ਅਰਜ਼ੀਆਂ ਘੱਟ ਹੋਣ ਕਾਰਨ ਸਾਰਿਆਂ ਨੂੰ ਸਬਸਿਡੀ ਉੱਪਰ ਸੰਦ ਮਿਲ ਜਾਣਗੇ।

ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਨਿੱਜੀ ਕਿਸਾਨ (ਜਨਰਲ ਕੈਟਾਗਰੀ) ਤਹਿਤ 413 ਖੇਤੀ ਸੰਦ ਸਬਸਿਡੀ ’ਤੇ ਦਿੱਤੇ ਜਾਣੇ ਹਨ ਜਦਕਿ ਇਸ ਲਈ 2825 ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਉਨ੍ਹਾਂ ਕਿਹਾ ਕਿ ਅਰਜ਼ੀਆਂ ਵੱਧ ਹੋਣ ਕਾਰਨ ਕਿਸਾਨਾਂ ਦਾ ਲੱਕੀ ਡਰਾਅ ਕੱਢਿਆ ਜਾਵੇਗਾ ਜਿਸ ਲਈ ਖੇਤੀਬਾੜੀ ਵਿਭਾਗ ਵੱਲੋਂ ਪੰਚਾਇਤ ਭਵਨ ਮਿਤੀ 30 ਅਗਸਤ 2022 ਨੂੰ ਦੁਪਹਿਰ 02:00 ਵਜੇ ਸਾਰੇ ਕਿਸਾਨਾਂ ਦੇ ਸਾਹਮਣੇ ਪੂਰੀ ਤਰਾਂ ਪਾਰਦਰਸ਼ੀ ਢੰਗ ਨਾਲ ਇਸ ਕਾਰਵਾਈ ਨੂੰ ਨੇਪਰੇ ਚਾੜਿਆ ਜਾਵੇਗਾ। ਉਨ੍ਹਾਂ ਨੇ ਖੇਤੀ ਸੰਦਾਂ ਲਈ ਅਪਲਾਈ ਕਰਨ ਵਾਲੇ ਕਿਸਾਨਾਂ ਨੂੰ ਡਰਾਅ ਵਿੱਚ ਪਹੁੰਚਣ ਦੀ ਅਪੀਲ ਕੀਤੀ ਹੈ।

LEAVE A REPLY

Please enter your comment!
Please enter your name here