ਜਿੰਪਾ ਨੇ ਜਲੰਧਰ-ਹੁਸ਼ਿਆਰਪੁਰ-ਧਰਮਸ਼ਾਲਾ ਸੜਕ ਦੀ ਖਸਤਾ ਹਾਲਤ ਬਾਰੇ ਗਡਕਰੀ ਨੂੰ ਚਿੱਠੀ ਲਿਖੀ

ਹੁਸ਼ਿਆਰਪੁਰ, (ਦ ਸਟੈਲਰ ਨਿਊਜ਼)। ਮਾਲ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਕੇਂਦਰੀ ਸੜਕੀ ਆਵਾਜਾਈ ਮੰਤਰੀ ਨਿਤੀਨ ਗਡਕਰੀ ਨੂੰ ਚਿੱਠੀ ਲਿਖ ਕੇ ਜਲੰਧਰ-ਹੁਸ਼ਿਆਰਪੁਰ-ਧਰਮਸ਼ਾਲਾ ਕੌਮੀ ਸੜਕ ਦੀ ਮਾੜੀ ਹਾਲਤ ਨੂੰ ਤੁਰੰਤ ਠੀਕ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਦੋ ਸੂਬਿਆਂ ਨੂੰ ਜੋੜਨ ਵਾਲੀ ਇਹ ਇਕ ਮਹੱਤਵਪੂਰਨ ਸੜਕ ਹੈ ਪਰ ਹੁਸ਼ਿਆਰਪੁਰ ਨਜ਼ਦੀਕ ਬਹੁਤ ਸਾਰੀਆਂ ਥਾਂਵਾਂ ਤੋਂ ਇਹ ਸੜਕ ਬੇਹੱਦ ਟੁੱਟੀ ਹੋਈ ਹੈ। ਉਨ੍ਹਾਂ ਕਿਹਾ ਕਿ ਸੜਕ ਦੀ ਰਿਪੇਅਰ ਨੂੰ ਲੈ ਕੇ ਲੋਕਾਂ ਨੇ ਬਹੁਤ ਵਾਰ ਧਰਨਾ ਦਿੱਤਾ ਹੈ ਅਤੇ ਸੜਕੀ ਹਾਦਸਿਆਂ ਵਿਚ ਬਹੁਤ ਲੋਕ ਆਪਣੀ ਜਾਨ ਵੀ ਗੁਆ ਬੈਠੇ ਹਨ। 

Advertisements

ਉਨ੍ਹਾਂ ਕਿਹਾ ਕਿ ਇਹ ਸੜਕ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਨੂੰ ਆਪਸ ਵਿਚ ਜੋੜਦੀ ਹੈ। ਇਸੇ ਸੜਕ ਰਾਹੀਂ ਸ਼ਰਧਾਲੂ ਮਾਤਾ ਚਿੰਤਪੂਰਨੀ ਜੀ, ਮਾਤਾ ਜਵਾਲਾ ਜੀ, ਮਾਤਾ ਕਾਂਗੜਾ ਦੇਵੀ ਜੀ, ਮਾਤਾ ਚਮੁੰਡਾ ਦੇਵੀ ਜੀ, ਮਾਤਾ ਬਗਲਾਮੁਖੀ ਜੀ ਅਤੇ ਬਾਬਾ ਬਾਲਕ ਨਾਥ ਜੀ ਵਰਗੇ ਅਤਿ ਮਹੱਤਵਪੂਰਣ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਜਾਂਦੇ ਹਨ। ਆਦਮਪੁਰ ਏਅਰਪੋਰਟ ਜਾਣ ਲਈ ਵੀ ਇਸੇ ਸੜਕ ਦੀ ਵਰਤੋਂ ਕੀਤੀ ਜਾਂਦੀ ਹੈ। ਜਿੰਪਾ ਨੇ ਕਿਹਾ ਕਿ ਉੱਤਰੀ ਭਾਰਤ ਦੇ ਮਸ਼ਹੂਰ ਸੈਲਾਨੀ ਸ਼ਹਿਰ ਧਰਮਸ਼ਾਲਾ ਅਤੇ ਮੈਕਲੋਡ ਗੰਜ ਜਾਣ ਲਈ ਵੀ ਲੱਖਾਂ ਲੋਕ ਇਸੇ ਸੜਕ ਦੀ ਵਰਤੋਂ ਕਰਦੇ ਹਨ। 

ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਵੀ ਇਸ ਸੜਕ ਦੀ ਮੁਰੰਮਤ ਬਾਬਤ ਪੱਤਰ ਲਿਖ ਚੁੱਕੇ ਹਨ ਪਰ ਹਾਲੇ ਤੱਕ ਕੋਈ ਕਾਰਵਾਈ ਅਮਲ ਵਿਚ ਨਹੀਂ ਲਿਆਂਦੀ ਗਈ। ਜਿੰਪਾ ਨੇ ਕਿਹਾ ਕਿ ਪੰਜਾਬ ਦੇ ਲੋਕ ਨਿਰਮਾਣ ਵਿਭਾਗ ਵੱਲੋਂ ਵੱਖਰੇ ਰੂਪ ਵਿਚ ਕੌਮੀ ਹਾਈਵੇਜ਼ ਅਥਾਰਟੀ ਨੂੰ ਪੱਤਰ ਲਿਖ ਕੇ ਇਸ ਸੜਕ ਦੀਆਂ ਟੁੱਟੀਆਂ ਥਾਂਵਾਂ ਦੀ ਮੁਰੰਮਤ ਲਈ ਪੂਰੇ ਵਿਸਥਾਰ ਵਿਚ ਲਿਖਿਆ ਜਾ ਚੁੱਕਾ ਹੈ।  ਉਨ੍ਹਾਂ ਜ਼ੋਰਦਾਰ ਮੰਗ ਕੀਤੀ ਕਿ ਇਸ ਸੜਕ ਦੀ ਮਹੱਤਤਾ ਨੂੰ ਵੇਖਦਿਆਂ ਅਤੇ ਹੁਸ਼ਿਆਰਪੁਰ ਨਜ਼ਦੀਕ ਸੜਕ ਦੀ ਬੇਹੱਦ ਖਸਤਾ ਹਾਲਤ ਨੂੰ ਤੁਰੰਤ ਠੀਕ ਕਰਵਾਉਣ ਲਈ ਕੇਂਦਰੀ ਸੜਕੀ ਆਵਾਜਾਈ ਮੰਤਰੀ ਨਿਤੀਨ ਗਡਕਰੀ ਕੌਮੀ ਹਾਈਵੇਜ਼ ਅਥਾਰਟੀ ਨੂੰ ਤੁਰੰਤ ਨਿਰਦੇਸ਼ ਜਾਰੀ ਕਰਨ। 

LEAVE A REPLY

Please enter your comment!
Please enter your name here