ਪੜ੍ਹਾਈ ਲਈ ਸਾਧਨਾਂ ਤੇ ਮੌਕਿਆਂ ਤੋਂ ਵਾਂਝੇ ਬੱਚਿਆਂ ਦੀ ਪੜਾਈ ਲਈ ਯਤਨ ਬੇਹੱਦ ਲਾਜਮੀ: ਸਾਕਸ਼ੀ ਸਾਹਨੀ

ਪਟਿਆਲਾ, (ਦ ਸਟੈਲਰ ਨਿਊਜ਼)। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਥਾਪਰ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਦੀ ਨਵਾ ਨਾਲੰਦਾ ਸੈਂਟਰਲ ਲਾਇਬ੍ਰੇਰੀ ਵਿਖੇ ਵਿਸ਼ਵ ਸਾਖ਼ਰਤਾ ਦਿਵਸ ਨੂੰ ਸਮਰਪਿਤ ਪ੍ਰੋਗਰਾਮ ‘ਰੀਡਾਥੋਨ’ ਦਾ ਉਦਘਾਟਨ ਕਰਦਿਆਂ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਪੜ੍ਹਾਈ ਦਾ ਜਾਦੂ ਉਨ੍ਹਾਂ ਬੱਚਿਆਂ ਤੱਕ ਲਿਜਾਣਾ ਚਾਹੀਦਾ ਹੈ, ਜਿਨ੍ਹਾਂ ਨੂੰ ਪੜ੍ਹਨ ਲਈ ਸਾਧਨ ਅਤੇ ਮੌਕੇ ਪ੍ਰਾਪਤ ਨਹੀਂ ਹੋ ਰਹੇ। ਉਨ੍ਹਾਂ ਕਿਹਾ ਕਿ ਅਜਿਹੇ ਬੱਚਿਆਂ ਦੀ ਪੜ੍ਹਾਈ ਲਈ ਯਤਨ ਕਰਨੇ ਬੇਹੱਦ ਲਾਜ਼ਮੀ ਹਨ।

Advertisements

ਸਾਕਸ਼ੀ ਸਾਹਨੀ ਨੇ ਕਿਹਾ ਕਿ ਰੀਡਾਥੋਨ ਇੱਕ ਚੰਗਾ ਉਪਰਾਲਾ ਹੈ ਪਰੰਤੂ ਇਸ ਨੂੰ ਇੱਕ ਤਰਕਪੂਰਨ ਸਿੱਟੇ ‘ਤੇ ਲਿਜਾਣਾ ਚਾਹੀਦਾ ਹੈ ਤਾਂ ਕਿ ਹਰ ਬੱਚੇ ਨੂੰ ਪੜ੍ਹਨ ਦੇ ਮੌਕੇ ਪ੍ਰਦਾਨ ਹੋ ਸਕਣ। ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚਲਾਏ ਜਾ ਰਹੇ ‘ਮੇਰਾ ਬਚਪਨ’ ਪ੍ਰਾਜੈਕਟ ਲਈ ਸਹਿਯੋਗ ਮੰਗੇ ਜਾਣ ‘ਤੇ ਥਾਪਰ ਇੰਸਟੀਚਿਊਟ ਦੀ ਮੈਨੇਜਮੈਂਟ ਨੇ ਇਸ ਪ੍ਰਾਜੈਕਟ ਨਾਲ ਜੁੜਨ ਲਈ ਆਪਣੀ ਸਹਿਮਤੀ ਵੀ ਪ੍ਰਗਟਾਈ। ਉਨ੍ਹਾਂ ਨੇ ਕਿਤਾਬਾਂ ਪੜ੍ਹਨ ਦੀ ਅਹਿਮੀਅਤ ਦਰਸਾਈ। ਇਸ ਮੌਕੇ ਥਾਪਰ ਇੰਸਟੀਚਿਊਟ ਦੇ ਡਾਇਰੈਕਟਰ ਪ੍ਰੋ. ਪ੍ਰਕਾਸ਼ ਗੋਪਾਲਨ, ਰਜਿਸਟਰਾਰ ਗੁਰਬਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ। ਨਵਾ ਨਾਲੰਦਾ ਸੈਂਟਰਲ ਲਾਇਬ੍ਰੇਰੀ ਦੇ ਮੁਖੀ ਸੀਮਾ ਬਾਵਾ ਨੇ ਸਮਾਰੋਹ ਦੀ ਮਹੱਤਤਾ ਤੋਂ ਜਾਣੂ ਕਰਵਾਇਆ। ਸਮਾਗਮ ਮੌਕੇ ਡਿਪਟੀ ਲਾਇਬ੍ਰੇਰੀਅਨ ਡਾ. ਹਰ ਸਿੰਘ, ਅਰਚਨਾ ਨੰਦਾ, ਵਿਦਿਆਰਥੀ ਕੋਆਰਡੀਨੇਟਰ ਸ਼ੇਰ ਅਮੀਰ ਦੁਲਟ, ਡੀਨ ਅਤੇ ਬਾਕੀ ਵਿਭਾਗਾਂ ਦੇ ਮੁਖੀਆਂ ਸਮੇਤ ਵੱਖ-ਵੱਖ ਵਿਦਿਆਰਥੀ ਸੁਸਾਇਟੀਆਂ ਦੇ ਮੈਂਬਰ ਵੀ ਮੌਜੂਦ ਸਨ।

LEAVE A REPLY

Please enter your comment!
Please enter your name here